ਲੰਡਨ (ਸਮਾਜਵੀਕਲੀ) – ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਰਾਹਤ ਦਿੰਦਿਆਂ ਲੰਡਨ ਹਾਈ ਕੋਰਟ ਨੇ ਐੱਸਬੀਆਈ ਦੀ ਅਗਵਾਈ ਵਾਲੇ ਭਾਰਤੀ ਬੈਂਕਾਂ ਦੇ ਸਮੂਹ ਦੀ ਉਸ ਅਪੀਲ ’ਤੇ ਸੁਣਵਾਈ ਅੱਗੇ ਪਾ ਦਿੱਤੀ ਹੈ ਜਿਸ ’ਚ ਕਰਜ਼ੇ ਦੇ ਬੋਝ ਹੇਠ ਦੱਬੇ ਕਾਰੋਬਾਰੀ ਨੂੰ ਦੀਵਾਲੀਆ ਐਲਾਨਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਸ ਤੋਂ ਤਕਰੀਬਨ 1.142 ਅਰਬ ਪੌਂਡ ਦਾ ਕਰਜ਼ਾ ਵਸੂਲਿਆ ਜਾ ਸਕੇ।
ਹਾਈ ਕੋਰਟ ਦੀ ਦੀਵਾਲੀਆ ਬ੍ਰਾਂਚ ਦੇ ਜਸਟਿਸ ਮਾਈਕ ਬ੍ਰਿਗਸ ਨੇ ਮਾਲਿਆ ਨੂੰ ਰਾਹਤ ਦਿੰਦਿਆਂ ਕਿਹਾ ਕਿ ਜਦੋਂ ਤੱਕ ਭਾਰਤ ਦੇ ਹਾਈ ਕੋਰਟ ’ਚ ਉਸ ਦੀਆਂ ਅਪੀਲਾਂ ਅਤੇ ਕਰਨਾਟਕ ਹਾਈ ਕੋਰਟ ਦੇ ਸਾਹਮਣੇ ਸਮਝੌਤੇ ਸਬੰਧੀ ਉਸ ਦੀ ਤਜਵੀਜ਼ ਦਾ ਨਿਬੇੜਾ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਮਾਲਿਆ ਨੂੰ ਸਮਾਂ ਦਿੱਤਾ ਜਾਣਾ ਚਾਹੀਦਾ ਹੈ।
‘ਚੀਫ ਇਨਸੋਲਵੈਂਸੀ ਐਂਡ ਕੰਪਨੀ ਕੋਰਟ’ ਦੇ ਜਸਟਿਸ ਬ੍ਰਿਗਸ ਨੇ ਬੀਤੇ ਦਿਨ ਸੁਣਾਏ ਆਪਣੇ ਫ਼ੈਸਲੇ ’ਚ ਕਿਹਾ ਕਿ ਇਸ ਸਮੇਂ ਬੈਂਕਾਂ ਨੂੰ ਇਸ ਤਰ੍ਹਾਂ ਦੀ ਕਾਰਵਾਈ ਅੱਗੇ ਵਧਾਉਣ ਦਾ ਮੌਕਾ ਦੇਣ ਦੀ ਕੋਈ ਵਜ੍ਹਾ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਰਤੀ ਸਟੇਟ ਬੈਂਕ ਦੀ ਅਗਵਾਈ ਹੇਠਲੇ ਭਾਰਤੀ ਜਨਤਕ ਖੇਤਰ ਦੀਆਂ ਬੈਂਕਾਂ ਦੇ ਸਮੂਹ ਨੇ ਮਾਲਿਆ ਨੂੰ ਦੀਵਾਲੀਆ ਐਲਾਨਣ ਦੀ ਅਪੀਲ ਕੀਤੀ ਹੈ।