ਫਰੀਦਕੋਟ : ਮਾਡਰਨ ਜੇਲ੍ਹ ‘ਚ ਬੰਦ ਗੈਂਗਸਟਰ ਭਾਰਤ ਭੁੂਸ਼ਣ ਉਰਫ ਭੋਲਾ ਸ਼ੂਟਰ ਨੂੰ ਪੋ੍ਡਕਸ਼ਨ ਵਾਰੰਟ ‘ਤੇ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ 7 ਸਤੰਬਰ ਨੂੰ ਕੋਟਕਪੂਰਾ ਵਿਖੇ ਹੋਏ ਗੈਂਗਵਾਰ ‘ਚ 16 ਸਾਲਾਂ ਵਿਦਿਆਰਥੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ, ਜਦਕਿ 3 ਨੌਜਵਾਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਸਨ। ਉਕਤ ਕੇਸ ‘ਚ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਨੇ ਮਿ੍ਤਕ ਲਵਪ੍ਰੀਤ ਸਿੰਘ ਦੇ ਦਾਦਾ ਵਿਨੋਦ ਕੁਮਾਰ ਦੇ ਬਿਆਨਾਂ ‘ਤੇ ਫ਼ਰੀਦਕੋਟ ਜੇਲ੍ਹ ‘ਚ ਬੰਦ ਭੋਲਾ ਸ਼ੂਟਰ ਨੂੰ ਵੀ ਨਾਮਜ਼ਦ ਕੀਤਾ ਸੀ।
ਸ਼ਨਿਚਰਵਾਰ ਨੂੰ ਉਸ ਨੂੰ ਅਦਾਲਤ ‘ਚ ਪੇਸ਼ ਕਰਕੇ ਦੱਸਿਆ ਕਿ 7 ਸਤੰਬਰ ਨੂੰ ਕੋਟਕਪੂਰੇ ‘ਚ ਇਕ ਵਿਆਹ ਸਮਾਗਮ ਦੀ ਪਾਰਟੀ ਦੌਰਾਨ ਭੋਲਾ ਸ਼ੂਟਰ ਗੈਂਗ ਦੇ ਮੈਂਬਰ ਪ੍ਰਿੰਸ ਕੁਮਾਰ ਟੂਟੀ ਨੇ ਆਪਣੇ ਦੋ ਸਾਥੀਆਂ ਰਣਜੋਧ ਸਿੰਘ ਮਾਹਲਾ ਕਲਾਂ ਅਤੇ ਗੁਰਲਾਲ ਸਿੰਘ ਬੁੱਟਰ ਆਦਿ ਨਾਲ ਵਿਨੈ ਦਿਓੜਾ ਗੈਂਗ ਦੇ ਸਾਥੀ ਅੰਕੁਸ਼ ਕੁਮਾਰ ਆਸ਼ੂ ਅਤੇ ਹੋਰਾਂ ‘ਤੇ ਫਾਇਰਿੰਗ ਕੀਤੀ ਸੀ। ਉਕਤ ਫਾਇਰਿੰਗ ‘ਚ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਆਸ਼ੂ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਸੀ।
ਟੂਟੀ ਭੋਲਾ ਸ਼ੂਟਰ ਦਾ ਸਾਥੀ ਹੈ, ਜਿਸ ਕਰਕੇ ਜੇਲ੍ਹ ਵਿਚੋਂ ਭੋਲਾ ਸ਼ੂਟਰ ਨੇ ਆਸ਼ੂ ਨੂੰ ਧਮਕੀਆਂ ਦਿੱਤੀਆਂ ਸਨ ਅਤੇ ਸਾਰੀ ਵਾਰਦਾਤ ਭੋਲਾ ਸ਼ੂਟਰ ਨੇ ਹੀ ਸਾਜ਼ਿਸ਼ ਤਹਿਤ ਕਰਵਾਈ ਹੈ। ਪੁਲਿਸ ਨੇ ਅਦਾਲਤ ਨੂੰ ਜਾਣੂ ਕਰਵਾਇਆ ਕਿ ਭੋਲਾ ਸ਼ੂਟਰ ਨੇ ਵਟਸਅਪ ਕਾਲ ਰਾਹੀਂ ਗੈਂਗਵਾਰ ਦੀ ਸਾਜਿਸ਼ ਰਚੀ ਸੀ।