ਮਾਨਸਿਕ ਪ੍ਰੇਸ਼ਾਨੀ ਕਾਰਨ ਜੂਡੋ ਖਿਡਾਰਨ ਵੱਲੋਂ ਖ਼ੁਦਕੁਸ਼ੀ

ਪਾਤੜਾਂ (ਸਮਾਜਵੀਕਲੀ) :  ਇੱਥੋਂ ਦੇ ਚਨਗਰਾਂ ਰੋਡ ਨਾਲ ਲੱਗਦੇ ਗੁਰੂ ਨਾਨਕ ਨਗਰ ਵਿਚ ਮਾਨਸਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਜੂਡੋ ਖਿਡਾਰਨ ਨੇ ਖ਼ੁਦ ਨੂੰ ਅੱਗ ਲਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕਾ ਦੀ ਸ਼ਨਾਖ਼ਤ ਸ਼ਰਨਜੀਤ ਕੌਰ (18) ਵਜੋਂ ਹੋਈ ਹੈ। ਉਸ ਵੱਲੋਂ ਆਤਮਦਾਹ ਕਰਨ ਵੇਲੇ ਘਰ ’ਚ ਕੋਈ ਮੌਜੂਦ ਨਹੀਂ ਸੀ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਜੂਡੋ ਕਰਾਟਿਆਂ ਦੀ ਵਧੀਆ ਖਿਡਾਰਨ ਸੀ। ਸ਼ਰਨਜੀਤ ਨੇ ਸੂਬਾ ਪੱਧਰੀ ਖੇਡਾਂ ਵਿੱਚ ਹਿੱਸਾ ਲਿਆ ਸੀ।

ਲੌਕਡਾਊਨ ਕਾਰਨ ਖੇਡ ਦਾ ਅਭਿਆਸ ਰੁਕਿਆ ਹੋਇਆ ਸੀ ਤੇ ਉਹ ਭਵਿੱਖ ਨੂੰ ਲੈ ਕੇ ਚਿੰਤਤ ਸੀ। ਇਸੇ ਕਾਰਨ ਕਈ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨੀ ਵਿਚੋਂ ਲੰਘ ਰਹੀ ਸੀ। ਵੀਰਵਾਰ ਨੂੰ ਜਦੋਂ ਉਹ ਘਰ ਵਿਚ ਇਕੱਲੀ ਸੀ ਤਾਂ ਉਸ ਨੇ ਆਪਣੇ ਆਪ ਨੂੰ ਅੱਗ ਲਾ ਲਈ। ਲੜਕੀ ਦੀਆਂ ਚੀਕਾਂ ਸੁਣ ਕੇ ਮੌਕੇ ’ਤੇ ਪਹੁੰਚੇ ਮੁਹੱਲਾ ਵਾਸੀ ਤੇ ਪਰਿਵਾਰਕ ਮੈਂਬਰ ਇਲਾਜ ਲਈ ਉਸ ਨੂੰ ਪਾਤੜਾਂ ਦੇ ਹਸਪਤਾਲ ਲੈ ਗਏ। ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਉੱਥੇ ਉਸ ਦੀ ਮੌਤ ਹੋ ਗਈ ਹੈ।

ਮਾਮਲੇ ਦੀ ਪੜਤਾਲ ਕਰ ਰਹੇ ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਸ਼ਰਨਜੀਤ ਕੌਰ ਬਾਦਲਗੜ੍ਹ ਦੀ ਰਹਿਣ ਵਾਲੀ ਸੀ ਤੇ ਕੁਝ ਸਮੇਂ ਤੋਂ ਪਾਤੜਾਂ ਸ਼ਹਿਰ ਆਪਣੇ ਨਾਨਕੇ ਘਰ ਰਹਿ ਰਹੀ ਸੀ। ਉਸ ਦੀ ਮਾਂ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਪਿਤਾ ਟਰੱਕ ਡਰਾਈਵਰ ਹੈ। ਪਰਿਵਾਰਕ ਮੈਂਬਰਾਂ ਤੇ ਮੁਹੱਲਾ ਵਾਸੀਆਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

Previous articleUS senators to introduce bill making Juneteenth federal holiday
Next articleIraq reports highest 1,635 new COVID-19 cases