” ਮਾਂ ਬੋਲੀ ਪੰਜਾਬੀ ਦਾ ਹੀਰਾ.”ਵੀਰ ਰਮੇਸ਼ਵਰ ਸਿੰਘ

ਰਮੇਸ਼ਵਰ ਸਿੰਘ ਪਟਿਆਲਾ

ਸਮਾਜ ਵੀਕਲੀ

ਕਈ ਵਾਰ ਜੀਵਨ ਵਿਚ ਅਜਿਹੇ ਰਿਸ਼ਤੇ ਮਿਲਦੇ ਹਨ ਜੋ ਖੂਨ ਦੇ ਰਿਸ਼ਤਿਆਂ ਤੋਂ ਵੀ ਵੱਧ ਕੇ ਹੁੰਦੇ ਹਨ ।ਇਹ ਸਿਰਫ ਮੇਰੇ ਵਿਚਾਰ ਹੀ ਨਹੀਂ ਹਨ ,ਬਲਕਿ ਮੇਰੇ ਤੋਂ ਵੀ ਸੁਲਝੀਆਂ ਹੋਈਆਂ ਅਤੇ ਉਭਰ ਰਹੀਆਂ ਮਜੂਦਾ ਲੇਖਕਾਵਾਂ ਦੀਆਂ ਭਾਵਨਾਵਾਂ ਹਨ ਜੋਂ ਵੱਡੇ ਵੀਰ ਰਮੇਸ਼ਵਰ ਸਿੰਘ ਲਈ ਉਨਾਂ ਦੀ ਸਾਫ ਸੁਥਰੀ ਸਖਸ਼ੀਅਤ ਅਤੇ ਵਿਅਕਤੀਤਵ ਨੂੰ ਸਮਰਪਿਤ ਹਨ। ਅੱਜ ਤੋਂ 550 ਸੌ ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਨਾਰੀ ਜਾਤੀ ਨੂੰ ਰਾਜਿਆਂ ਨੂੰ ਜਨਮ ਦੇਣ ਵਾਲੀ ਕਹਿ ਕੇ ਵਡਿਆਇਆ ਸੀ। ਸਮੇਂ-ਸਮੇਂ ਚਲਦੀਆਂ ਲੋਕ ਲਹਿਰਾਂ ਨੇ ਵੀ ਔਰਤ ਦੀ ਮਰਿਆਦਾ ਅਤੇ ਆਜ਼ਾਦੀ ਦੀ ਗੱਲ ਕੀਤੀ ,ਪਰ ਕੋਈ ਬਹੁਤੀ ਸਾਰਥਿਕ ਨਹੀਂ ਰਹੀ। ਸਿਰਫ ਤੇ ਸਿਰਫ ਔਰਤ ਦੀ ਪ੍ਰਫੁਲਤਾ ਅਤੇ ਉਸ ਦੀ ਉੱਨਤੀ ਕੁਝ ਸ਼ਬਦਾਂ ਵਿੱਚ ਹੀ ਸਿਮਟ ਕੇ ਰਹਿ ਗਈ। ਬੱਸ ਹਵਾਈ ਗੱਲਾਂ ਹੀ ਰਹੀਆਂ।

ਯਥਾਰਥਕ ਪੱਧਰ ਉੱਤੇ ਸਵਾਮੀ ਵਿਵੇਕਾਨੰਦ ਜੀ ਨੇ ਇਸਤਰੀ ਦੇ ਹੱਕਾਂ ਦੀ ਖਾਤਰ ਆਪਣੀ ਸਾਰੀ ਉਮਰ ਲਾ ਦਿੱਤੀ। ਸਤੀ ਪ੍ਰਥਾ ਦਾ ਖਾਤਮਾ ਸਵਾਮੀ ਜੀ ਦੇ ਯਤਨਾਂ ਨਾਲ ਹੀ ਹੋਇਆ। ਲਿਖਤੀ ਭਾਸ਼ਣ ਅਤੇ ਸਿਧਾਂਤ ਤਾਂ ਬਹੁਤ ਵੱਡੇ ਵੱਡੇ ਸਾਹਿਤਕਾਰਾਂ , ਸਾਹਿਤ ਸਭਾਵਾਂ ਜੋ ਆਪਣੇ ਆਪ ਨੂੰ ਨਾਰੀ ਹਿਤੈਸ਼ੀ ਅਖਵਾਉਣ ਵਾਲਿਆਂ ਨੇ ਦਿੱਤੇ। ਨਾਰੀ ਚੇਤਨਾ ਦੀਆਂ ਫੜ੍ਹਾਂ ਤਾਂ ਬਹੁਤ ਮਾਰਦੇ ਹਨ, ਪਰ ਕਈ ਵਾਰੀ ਮਾਣ ਮਰਿਆਦਾ ਅਸਲੀਅਤ ਤੋਂ ਕੋਹਾਂ ਦੂਰ ਹੁੰਦੀ ਹੈ। ਮੌਜੂਦਾ ਸਮੇਂ ਔਰਤ ਨੂੰ ਬਰਾਬਰਤਾ ਅਤੇ ਉਨ੍ਹਾਂ ਨੂੰ ਖੇਤਰੀ ਪੱਧਰ ਤੋਂ ਚੁੱਕ ਕੇ ਸਥਾਪਤੀ ਵੱਲ ਕਦਮ ਤੇ ਰਾਹ ਦਸੇਰਾ ਬਣ ਕੇ ਰੌਸ਼ਨੀ ਵੰਡ ਰਹੇ ਹਨ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸ਼੍ਰੀ ਰਮੇਸ਼ਵਰ ਸਿੰਘ ਜੀ ।

ਵੀਰ ਜੀ ਨੇ ਬਹੁਤ ਸਾਰੀਆਂ ਨਵੀਆਂ ਕਲਮਾਂ ਨੂੰ ਸੇਧ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਵੀ ਦਿੱਤਾ ਹੈ। ਮੂੰਹ ਤੇ ਸੱਚੀ ਗੱਲ ਕਹਿ ਕੇ ਪਟਾਕਾ ਪਉਣ ਵਾਲੇ ਸਾਡੇ ਵੱਡੇ ਵੀਰ ਉਭਰ ਰਹੀਆਂ ਨਵੀਆਂ ਲੇਖਿਕਾਵਾਂ ਦੀ ਹੌਸਲਾ ਅਫਜ਼ਾਈ ਕਰਕੇ ਉਨ੍ਹਾਂ ਨੂੰ ਸਾਫ ਸੁਥਰਾ ਲਿਖਣ ਲਈ ਪ੍ਰੇਰਦੇ ਵੀ ਹਨ ਅਤੇ ਉਹਨਾਂ ਦੀਆਂ ਰਚਨਾਵਾਂ ਪ੍ਰਕਾਸ਼ਤ ਵੀ ਕਰਵਾਉਂਦੇ ਹਨ। ਪੰਜਾਬੀ ਮਾਂ ਬੋਲੀ ਦੇ ਅਸਲੀ ਸਪੂਤ ਵੀਰ ਰਮੇਸ਼ਵਰ ਸਿੰਘ ਪੰਜਾਬੀ ਦੀ ਉੱਨਤੀ ਅਤੇ ਪ੍ਰਗਤੀ ਲਈ ਬਹੁਤ ਵੱਡੀ ਪੱਧਰ ਤੇ ਹੰਭਲਾ ਮਾਰ ਰਹੇ ਹਨ। ਮਾਂ ਬੋਲੀ ਪੰਜਾਬੀ ਲਈ ਉਨ੍ਹਾਂ ਦੀ ਇਹ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਦੇ ਵਿਚਾਰ ਮੁਤਾਬਕ ਅੱਜ ਦੀ ਬਹੁਤਾ ਊਟ ਪਟਾਂਗ ਗਾਇਕੀ ਅਤੇ ਗੀਤਕਾਰੀ ਨੇ ਪੰਜਾਬੀ ਸੱਭਿਆਚਾਰ ਨੂੰ ਢਾਹ ਲਾਈ ਹੈ। ਉਹ ਕਹਿੰਦੇ ਹਨ ਕਿ ਉਹ ਗੀਤ ਹੀ ਕਾਹਦਾ ਜੋ ਪੰਜਾਬੀ ਸੱਭਿਆਚਾਰ ਵਿਚ ਗੁੰਨ੍ਹਿਆਂ ਨਾ ਹੋਵੇ।

ਵੀਰ ਜੀ ਜਦੋਂ ਫੋਨ ਤੇ ਗੱਲ ਕਰਦੇ ਹਨ , ਤਾਂ ਬੜੀ ਹੀ ਅਪਣੱਤ ਨਾਲ ਬੋਲਦੇ ਹਨ ਤੇ ਕਹਿੰਦੇ ਹਨ “ਨੀ ਭੈਣੇ “ਜੇ ਕਿਸੇ ਤੀਜੇ ਬਾਰੇ ਵੀ ਗੱਲ ਕਰਨ ਤਾਂ ਇਉਂ ਕਹਿ ਕੇ ” ਕਿ ਫਲਾਣੀ ਭੈਣ” ਗੱਲ ਕਰਦੇ ਹਨ। ਵੀਰ ਜੀ ਦੇ ਸ਼ਬਦਾਂ ਵਿੱਚ ਐਨੀ ਮਿਠਾਸ ਅਤੇ ਅਪਣੱਤ ਭਰੀ ਹੋਈ ਹੈ ਕਿ ਕਈ ਵਾਰ ਤਾਂ ਉਨ੍ਹਾਂ ਦੇ ਮੂੰਹੋਂ ਇਹ ਸ਼ਬਦ “ਕੁੜੀਏ ਇਹ ਕੀ ਲਿਖੀ ਜਾਨੀ ਐਂ ?” ਮਨ ਮੋਹ ਲੈਂਦੇ ਹਨ। ਕਹਿੰਦੇ ਹਨ ਕਿ ਜੌਹਰੀ ਹੀ ਹੀਰਿਆਂ ਦੀ ਪਰਖ ਕਰ ਸਕਦਾ ਹੈ ।ਵੀਰ ਜੀ ਵਿੱਚ ਦੋਨੋਂ ਹੀ ਗੁਣ ਹਨ। ਵੀਰ, ਹੀਰਾ ਤਾਂ ਹੈ ਹੀ ਨਾਲ ਜੌਹਰੀ ਵੀ ਹਨ। ਔਰਤ ਜਾਤੀ ਪ੍ਰਤੀ ਉਹਨਾਂ ਦੇ ਮਨ ਵਿਚ ਬਹੁਤ ਹੀ ਜ਼ਿਆਦਾ ਮਾਣ ਤੇ ਸਤਿਕਾਰ ਹੈ । ਮਰਿਆਦਾ ਦੀ ਕੰਧ ਬਹੁਤ ਸਾਫ਼ ਸੁਥਰੀ ਉੱਚੀ ਅਤੇ ਮਜ਼ਬੂਤ ਹੈ । ਜਦੋਂ ਪਰਿਵਾਰਕ ਗੱਲ ਕਰਦੇ ਹਨ ਤਾਂ ਬੜੇ ਹੀ ਸਤਿਕਾਰ ਨਾਲ ਕਹਿੰਦੇ ਹਨ ” ਭੈਣੇ ਤੇਰਾ ਭਤੀਜਾ ਬਾਹਰ ਗਿਆ ਹੈ।”

ਹਫ਼ਤਾ ਭਰ ਤੇ ਮੈਨੂੰ ਪਤਾ ਹੀ ਨਾ ਲੱਗਿਆ, ਵੀਰ ਜੀ ਵਾਰ-ਵਾਰ ਗੱਲ ਗੱਲ ਤੇ ਕਹਿਣ ਫਲਾਣੀ ਗੱਲ” ਬਿੱਲੋ ” ,”ਆਹ ਬਿੱਲੋ ਵੀ ਆ ਗਈ।” ਮੈਂ ਸੋਚਿਆ ਵੀਰ ਜੀ ਦੀ ਛੋਟੀ ਬੇਟੀ ਹੋਵੇਗੀ। ਉਨ੍ਹਾਂ ਦੇ ਕਹਿਣ ਵਿਚ ਬੜਾ ਪਿਆਰ ਅਤੇ ਨਜ਼ਾਕਤ ਹੈ। ਉਹ ਤਾਂ ਕਿਤੇ ਦਸ ਦਿਨਾਂ ਬਾਅਦ ਜਾ ਕੇ ਪਤਾ ਲੱਗਿਆ ਕਿ ਜਦੋਂ ਕਿਹਾ” ਤੇਰੀ ਭਾਬੀ ਬਿੱਲੋ”। ਮੇਰਾ ਹਾਸਾ ਨਾ ਰੁਕੇ ਕਿਉਂਕਿ ਵੀਰ ਜੀ ਦੇ ਕਹਿਣ ਦਾ ਅੰਦਾਜ਼ ਹੀ ਕਮਾਲ ਦਾ ਹੈ। ਮੈਂ ਤੇ ਕੀ ,ਕੋਈ ਵੀ ਨਹੀਂ ਪਛਾਣ ਸਕਦਾ ਕਿ “ਬਿੱਲੋ “ਭਾਬੀ ਜੀ ਨੂੰ ਕਹਿੰਦੇ ਹਨ।

ਵੀਰ ਰਮੇਸ਼ਵਰ ਸਿੰਘ ਜੀ ਆਪ ਚਲੰਤ ਮਾਮਲਿਆਂ ਦੇ ਬਹੁਤ ਹੀ ਸੁਲਝੇ ਹੋਏ ਲੇਖਕ ਹਨ । ਵੀਰ ਦੀ ਪਰਖ ਦੀ ਕਸਵੱਟੀ ਬਹੁਤ ਹੀ ਤਰਕਸ਼ੀਲ ਤੇ ਸਿਧਾਂਤਵਾਦੀ ਹੈ। ਗਲਤ ਨੂੰ ਗਲਤ ਕਹਿਣ ਦੀ ਜੁ਼ਅਰਤ ਰੱਖਦੇ ਹਨ, ਕਿਉਂਕਿ ਅਗਲੇ ਨੂੰ ਉਸ ਦੇ ਮੂੰਹ ਉੱਤੇ ਹੀ ਗ਼ਲਤ ਕਹਿਣਾ ਬਹੁਤ ਵੱਡਾ ਜੇਰਾ ਚਾਹੀਦਾ ਹੈ ਕਹਿਣ ਵਾਸਤੇ, ਪਰ ਵੱਡੇ ਵੀਰ ਜੀ ਰਮੇਸ਼ਵਰ ਸਿੰਘ ਕਿਸੇ ਦੀ ਪਰਵਾਹ ਨਹੀਂ ਕਰਦੇ ਹਨ। ਪੰਜਾਬੀ ਸਾਹਿਤ ਵਿੱਚ ਜੇ ਚਲੰਤ ਮਾਮਲਿਆਂ ਉੱਤੇ ਨਿਧੜਕ ਕਲਮ ਲਿਖਦੀ ਹੈ ਤਾਂ ਉਹ ਹੈ ਰਮੇਸ਼ਵਰ ਸਿੰਘ ਵੀਰ ਜੀ ਦੀ ਜੋ ਬੜੇ ਹੀ ਸੰਜੀਦਾ ਵਿਸ਼ਿਆਂ ਨੂੰ ਬੜੀ ਪ੍ਰਪੱਕਤਾ ਨਾਲ ਪੇਸ਼ ਕਰਦੇ ਹਨ।

ਰਿਸ਼ਤਿਆਂ ਦੀ ਪਰੋੜਤਾ ਵੀਰ ਵਿੱਚ ਮਣਾਂ-ਮੂੰਹੀਂ ਭਰੀ ਪਈ ਹੈ । ਦੇਖਣਾ ! ਸਮਾਜ, ਦੇਸ਼ ਅਤੇ ਕੌਮ ਤਰੱਕੀ ਦੀਆਂ ਸਿਖਰਾਂ ਛੂਹੇਗਾ ਜਿੰਨਾ ਚਿਰ ਰਮੇਸ਼ਵਰ ਸਿੰਘ ਵਰਗੇ ਵੀਰ ਸਮਾਜ ਅਤੇ ਔਰਤ ਦੇ ਰਾਹ ਦਸੇਰੇ ਬਨਣਗੇ।

 

 

ਅੰਮ੍ਰਿਤਪਾਲ ਕਲੇਰ

ਚੀਦਾ (ਮੋਗਾ)
ਮੋਬ.9915780980

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਵਿਚ ਪਾਣੀ ਦੀ ਬਰਬਾਦੀ ਕਰ ਰਿਹਾ ਹੈ ਕੌਣ ?
Next articleਲੋਕ ਗਾਇਕ ਪਾਲੀ ਦੇਤਵਾਲੀਆ ਦੀ ਧਰਮ ਪਤਨੀ ਦਾ ਦੇਹਾਂਤ, ਪਿੰਡ ਦੇਤਵਾਲ ‘ਚ ਸਸਕਾਰ ਅੱਜ