ਮਹਿੰਦੀ ਰੰਗੀਆਂ ਸੁੱਚੀਆਂ “ਧੂੜਾਂ ਨੇ ਸਰਬੱਤ”

(ਸਮਾਜ ਵੀਕਲੀ)

(ਕਾਵਿ – ਸੰਗ੍ਰਹਿ)
ਧਰਤਾਂ ਦੇ ਨਾਲ ਜਦ ਕਿਧਰੇ ਵੀ ਛੇੜਾਂ ਹੋਣਗੀਆਂ
ਦੇਹਾਂ ਦੇ ਵਿਚ ਵੇਖੀਂ ਆਪ ਤਰੇੜਾਂ ਹੋਣਗੀਆਂ।
ਨਿਵੇਕਲੀ ਤਰ੍ਹਾਂ ਦੇ ਅਹਿਸਾਸਾਂ, ਭਾਵਨਾਵਾਂ, ਤਜ਼ਰਬਿਆਂ, ਕੁਦਰਤੀ ਚਿੱਤਰਾਂ ਅਤੇ ਇਤਿਹਾਸਕ ਪਿਛੋਕੜ ਦੀ ਛੋਹ ਨਾਲ ਸ਼ਿੰਗਾਰੀ ਹੋਈ ਕਿਤਾਬ ਹੈ “ਧੂੜਾਂ ਨੇ ਸਰਬੱਤ”।
ਜੇਕਰ ਇਸ ਕਿਤਾਬ ਦੀ ਬਾਹਰੀ ਦਿੱਖ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤੀ ਗਈ ਹੈ। ਇਸ ਦੇ ਪਿਛਲੇ ਪਾਸੇ ਜੜੀ ਤਸਵੀਰ ਉੱਤੇ ਲਿਖੀਆਂ ਸਤਰਾਂ ਅਤੇ ਜਿਲਦ ਦੀ ਮਖ਼ਮਲੀ ਚਮਕ  ਸਚਮੁੱਚ ਧੂੜਾਂ ਪੱਟਦੀਆਂ ਜਾਪਦੀਆਂ ਹਨ।
ਬਿੰਦਰ ਮਾਨ ਅਜੋਕੇ ਸਮਿਆਂ ਦਾ ਉੱਭਰਦਾ ਕਵੀ ਹੈ। ਉਸਦੀਆਂ ਕਵਿਤਾਵਾਂ ਉਸਦੀ ਡੂੰਘੀ ਕਲਾਤਮਕ ਕਾਵਿ ਵੰਨਗੀ ਅਤੇ ਉੱਚ ਪਾਏ ਦੀ ਕਾਵਿ- ਚੇਤਨਾ ਦੀ ਗਵਾਹੀ ਭਰਦੀਆਂ ਹਨ। “ਧਰਤ ਸਲੇਟੀ” ਦੀ ਸਫਲਤਾ ਤੋਂ ਬਾਅਦ ਹੁਣ ਇਹ ਉਸਦਾ ਦੂਸਰਾ ਕਾਵਿ ਸੰਗ੍ਰਹਿ ਹੈ।
ਇਸ ਕਿਤਾਬ ਵਿੱਚ ਉਸਨੇ ਆਪਣੀ ਵਿਲੱਖਣ ਬਿਰਤੀ ਅਤੇ ਸੂਝ-ਬੂਝ ਨਾਲ ਆਪਣੀਆਂ ਸਾਰੀਆਂ ਕਵਿਤਾਵਾਂ ਨੂੰ ਪੂਰੀ ਤਰ੍ਹਾਂ ਸ਼ਿੰਗਾਰ ਕੇ ਪਾਠਕਾਂ ਅੱਗੇ ਪੇਸ਼ ਕੀਤਾ ਹੈ।
ਬਿੰਦਰ ਮਾਨ ਜ਼ਿੰਦਗੀ ਦੇ ਸਮਿਆਂ ਨਾਲ ਜੁੜਿਆ ਹੋਇਆ ਕਵੀ ਹੈ, ਉਸਦੀ ਕਵਿਤਾ ਦੀ ਕਲਪਨਾ ਨਿਰੀ ਪੁਰੀ ਕਲਪਨਿਕ ਹੀ ਨਹੀਂ ਸਗੋਂ ਉਸਦਾ ਇੱਕ ਬੱਝਵਾਂ ਅਤੇ ਠੋਸ ਧਰਾਤਲ ਵੀ ਹੈ। ਆਪਣੀਆਂ ਗੀਤਾਂ ਵਰਗੀਆਂ ਕਵਿਤਾਵਾਂ ਵਿੱਚ ਉਹ ਸ਼ਬਦਾਂ ਦੀ ਮਿਠਾਸ ਘੋਲਦਾ “ਮਿਸ਼ਰੀ ਮਖਾਣੇ” ਕਵਿਤਾ ਵਿਚ ਲਿਖਦਾ ਹੈ:-
    ਮਿਸ਼ਰੀ ਮਖਾਣੇ ਕੀਤੇ
ਨਾਗਾਂ ਦੇ ਵਿਹੁ
ਬੁੱਲ੍ਹਾਂ ਸੂਹਿਆਂ’ ਤੇ ਲੁੱਡੀ ਪਾਉਂਦੀ ਸੰਗ ਨੇ
ਰੱਬ ਨੇ ਦਲਾਲੀਆਂ ਦੇ ਭਾੜੇ ਭੂੜੇ ਲੈ ਕੇ
ਲਾਲਚਾਂ’ਚ ਘੜੇ ਅੰਗ ਅੰਗ ਨੇ।
   ਪਾਠਕਾਂ ਵਾਸਤੇ ਨਵੀਨਤਾ  ਇਸ ਗੱਲ ਦੀ ਹੈ ਕਿ ਸਾਰੇ ਸ਼ਬਦ ਕੁਦਰਤ ਨਾਲ ਜੁੜੇ ਹੋਏ, ਵਿਰਸੇ ਵਿਚੋਂ ਮਿਲੇ ਹੋਏ ਅਤੇ
ਆਮ ਲੋਕਾਂ ਦੇ ਮੂੰਹੋਂ ਸੁਣੇ ਹੋਏ
 ਹੋਣ ਦੇ ਬਾਵਜੂਦ ਵੀ ਕੋਰੇ ਤੇ ਤਾਜ਼ਗੀ ਭਰੇ ਜਾਪਦੇ ਹਨ:-
ਧੁੱਪੇ ਬੈਠ ਸੁਕਾਵੇਂ ਜਦ ਵੀ ਕੇਸਾਂ ਨੂੰ
ਤੇਰੇ ਪਿੱਛੋਂ ਆਉਣ ਸੁਨੇਹੇ ਸਾਡੇ ਦੇਸ਼ਾਂ ਨੂੰ।
(ਕਵਿਤਾ — ਕੱਚ- ਕਰੁੰਬਲਾਂ ਵਿੱਚੋਂ)
ਬਿੰਦਰ ਮਾਨ ਕਵਿਤਾਵਾਂ ਹੀ ਸੋਹਣੀਆਂ ਨਹੀਂ ਲਿਖਦਾ ਸਗੋਂ ਉਹਨਾਂ ਦੇ ਨਾਮ ਵੀ ਬਹੁਤ ਸੋਹਣੇ,ਖਾਸ ਅਤੇ ਨਵੀ ਸੋਚ ਦੇ ਰੱਖਦਾ ਹੈ ਜਿਵੇਂ:-  ਪੂਣ- ਸਲਾਈਆਂ, ਮਿਸ਼ਰੀ- ਮਖਾਣੇ, ਚਾਕ-ਰੰਝੇਟੇ, ਆਰੇ- ਚਰਖੜ, ਨਸ਼ੇੜੀ ਮਿੱਟੀ, ਮੜ੍ਹਕ ਵਾਲੀ ਤੋਰ, ਨਾੜ ਪਰਾਲੀ, ਵਿੱਸਰੀਆਂ ਮੱਤਾਂ ਰੋਜੇ- ਰਾਇਤਾਂ, ਸੀਰਤ- ਸ਼ਿੱਦਤ ਆਦਿ ।ਇਹ ਸਭ ਨਾਮ ਕਵੀ ਦੀ ਵਿਲੱਖਣ ਪਛਾਣ ਦੀ ਨਿਸ਼ਾਨਦੇਹੀ ਕਰਦੇ ਹਨ।
ਆਪਣੀਆਂ ਕਵਿਤਾਵਾਂ ਵਿੱਚ  ਉਹ ਖੇਤਾਂ ਦਾ ਆਸ਼ਿਕ, ਕੁਦਰਤ ਰਸੀਆ,ਅਤੇ ਵਿਰਸੇ ‘ਚ ਭਿੱਜਿਆ ਪ੍ਰਤੀਤ ਹੁੰਦਾ ਹੈ ।
ਉਸ ਦੀ ਕਲਮ ਨੂੰ ਸੂਫ਼ੀਆਨਾ ਰੰਗਤ ਵੀ ਹੈ। ਜੋ ਉਸ ਦੀਆਂ ਲਿਖਤਾਂ ਨੂੰ ਬਾਣੀ ਵਰਗੀ ਮਿਠਾਸ  ਬਖਸ਼ਦੀ ਹੈ ਜਿਵੇਂ
“ਧੂੜਾਂ ਨੇ ਸਰਬੱਤ” ਕਵਿਤਾ ਦਾ ਨਮੂਨਾ ਪੇਸ਼ ਹੈ-
ਕਣੀਆਂ- ਬੱਦਲ਼, ਵਾ- ਵਰੋਲੇ
ਫੱਕਰ ਬਿਰਤੀ ਗਾਉਂਦੇ ਸੋਹਿਲੇ
ਲੰਘ ਗਏ ਵਹੀਰਾਂ ਘੱਤ
ਧੂੜਾਂ ਨੇ ਸਰਬੱਤ ਨੀ ਬੀਬਾ
ਧੂੜਾਂ ਨੇ ਸਰਬੱਤ।
ਉਹ ਕਵਿਤਾ “ਕੰਮੀਆਂ ਵਿਹੜੇ ਵਿੱਚ ਕਿਰਤ ਦੀ ਵਡਿਆਈ ਦੇ ਨਾਲ- ਨਾਲ ਬਾਬਾ ਨਾਨਕ ਜੀ ਦੇ ਉਪਦੇਸ਼ ਵੀ ਯਾਦ ਰੱਖਦਾ ਹੈ ਜਿਵੇਂ-
ਉੱਜੜ- ਉੱਜੜ ਵੱਸਦੇ ਹਾਂ,
 ਔਖੇ ਵੇਲੇ ਹੱਸਦੇ ਹਾਂ ।
ਕਾਸੇ ਭਰ- ਭਰ ਵੰਡਣੇ ਨੇ ਆਖਿਆ ਨਾਨਕ ਜਿਹੇ ਪੀਰਾਂ ਨੇ।
ਜਿੱਥੇ ਉਸ ਦੀ ਕਲਮ ਜਵਾਨ ਸੱਧਰਾਂ ਦੀ ਗੱਲ ਕਰਦੀ ਹੈ ਓਥੇ ਲੜਕੀਆਂ ਦੇ ਭੋਲੇਪਨ ਨੂੰ ਵੀ ਚਿਤਰਣ ਦੀ ਕੋਸ਼ਿਸ਼ ਕਰਦੀ ਹੈ।ਵੇਖੋ, ਨਮੂਨਾ ਕਵਿਤਾ “ਪੁੱਤਾਂ ਵਾਂਗੂੰ ਪਾਲਦੀਆਂ” ਵਿੱਚੋਂ-
ਚਿੱਟੇ ਚੰਮ ਦੀ ਆਕੜ ਨਾ ਕਿੰਨੀਆਂ ਭੋਲੀਆਂ ਲੱਗਦੀਆਂ ਨੇ,
 ਹਵਸ ਦੇ ਮਾਰੇ ਲੋਕਾਂ ਚੋਂ
 ਇਹ ਵੀਰੇ ਲੱਭਦੀਆਂ ਨੇ।
ਬਿੰਦਰ ਮਾਨ ਪੰਜਾਬੀ ਸਾਹਿਤ ਜਗਤ ਵਿੱਚ ਸੰਦਲੀ ਪੈੜ ਹੈ। ਉਸ ਦੀ ਰਚਨਾ ਬਿਰਤੀ ਦਾ ਘੇਰਾ ਬਹੁਤ ਵਿਸ਼ਾਲ ਹੈ।
ਉਸ ਦੇ ਅੰਦਰ ਸ਼ਬਦਾਂ ਦੀ ਟਕਸਾਲ ਹੈ।
ਉਹ ਆਮ ਪਗਡੰਡੀਆਂ ਉੱਤੇ ਤੁਰਨ ਵਾਲਿਆਂ ਵਿੱਚੋਂ ਨਹੀਂ ਹੈ।
 ਉਸਦੀ ਕਵਿਤਾ, ਗੀਤਾਂ ਦਾ ਵਿਸ਼ਾ, ਉਸਦੀ ਭਾਸ਼ਾ ਉੱਤੇ ਪਕੜ ਅਤੇ ਕਲਾ ਚੇਤਨਾ ਦਾ ਆਪਣਾ ਵਿਸ਼ੇਸ਼ ਦਿ੍ਸ਼ਟੀਕੋਣ ਹੈ।
ਕਵੀ ਬਿੰਦਰ ਮਾਨ ਦੀ ਇਹ ਕਿਤਾਬ ਜਿਸਦਾ ਮੁੱਲ 250/ ਹੈ ਇਸ ਨੂੰ  ਜੇ.ਪੀ.ਪਬਲੀਕੇਸ਼ਨਜ਼ ਪਟਿਆਲਾ  ਛਾਪਿਆ ਹੈ। ਇਸ  ਲਈ ਸਮੁੱਚੀ ਟੀਮ ਨੂੰ ਬਹੁਤ- ਬਹੁਤ ਮੁਬਾਰਕਾਂ ।
ਸ਼ਾਲਾ! ਬਿੰਦਰ ਮਾਨ ਦੀ ਕਲਮ ਨੂੰ ਇੱਜ਼ਤਾਂ, ਸ਼ਹੁਰਤਾਂ ਅਤੇ ਕਾਮਯਾਬੀਆਂ ਮਿਲਣ …. ਆਮੀਨ
          … ਅੰਜਨਾ ਮੈਨਨ
             ਬਰਨਾਲਾ
ਸੰਪਰਕ :-  9478671733
Previous articleਸਲਾਨਾ ਬਾਲ ਮੈਗਜੀਨ ਮੇਰੀ ਪਹਿਲੀ ਉਡਾਣ ਰਿਲੀਜ਼ ਸੰਬੰਧੀ ਸਮਾਰੋਹ ਆਯੋਜਿਤ
Next articleUttar Pradesh Defence Corridor to be part of Aero India 2021