ਸਟ੍ਰਾਈਕਰ ਨਵਨੀਤ ਕੌਰ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਪੰਜ ਮੈਚਾਂ ਦੇ ਦੌਰੇ ਦੇ ਆਖਰੀ ਮੈਚ ’ਚ ਨਿਊਜ਼ੀਲੈਂਡ ਨੂੰ 3-0 ਨਾਲ ਹਰਾ ਦਿੱਤਾ। ਨਵਨੀਤ ਕੌਰ ਨੇ 45ਵੇਂ ਤੇ 58ਵੇਂ ਮਿੰਟ ’ਚ ਗੋਲ ਦਾਗੇ ਜਦਕਿ ਸ਼ਰਮੀਲਾ ਨੇ 54ਵੇਂ ਮਿੰਟ ’ਚ ਗੋਲ ਕੀਤਾ। ਪਹਿਲੇ ਦੋ ਕੁਆਰਟਰਾਂ ’ਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ।
ਨਵਨੀਤ ਨੇ 45ਵੇਂ ਮਿੰਟ ’ਚ ਗੋਲ ਕਰਕੇ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਸ਼ਰਮੀਲਾ ਨੇ 54ਵੇਂ ਮਿੰਟ ’ਚ ਭਾਰਤ ਦੀ ਲੀਡ ਦੁੱਗਣੀ ਕੀਤੀ। ਨਵਨੀਤ ਨੇ ਆਖਰੀ ਸੀਟੀ ਵੱਜਣ ਤੋਂ ਦੋ ਮਿੰਟ ਪਹਿਲਾਂ ਗੋਲ ਦਾਗਿਆ। ਭਾਰਤ ਨੇ ਇਸ ਦੌਰੇ ’ਤੇ ਪਹਿਲੇ ਮੈਚ ’ਚ ਨਿਊਜ਼ੀਲੈਂਡ ਡਿਵੈਲਪਮੈਂਟ ਟੀਮ ਨੂੰ 4-0 ਨਾਲ ਹਰਾਇਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨਿਊਜ਼ੀਲੈਂਡ ਦੀ ਸੀਨੀਅਰ ਟੀਮ ਤੋਂ 1-2, 0-1 ਨਾਲ ਹਾਰ ਗਈ ਸੀ। ਚੌਥੇ ਮੈਚ ’ਚ ਭਾਰਤ ਨੇ ਬਰਤਾਨੀਆ ਨੂੰ 1-0 ਨਾਲ ਹਰਾਇਆ। ਇਸ ਮੈਚ ਦਾ ਇੱਕਲੌਤਾ ਗੋਲ ਭਾਰਤੀ ਕਪਤਾਨ ਰਾਣੀ ਰਾਮਪਾਲ ਨੇ ਕੀਤਾ ਸੀ। ਭਾਰਤੀ ਅੀਮ ਦੇ ਕੋਚ ਸ਼ੋਰਡ ਮਾਰਿਨ ਨੇ ਕਿਹਾ, ‘ਮੈਨੂੰ ਖੁਸ਼ੀ ਹੈ ਕਿ ਅਸੀਂ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਗੋਲ ਕੀਤੇ। ਇਸ ਦੌਰੇ ’ਤੇ ਸਾਨੂੰ ਚੰਗੀ ਤਰ੍ਹਾਂ ਪਤਾ ਚੱਲ ਗਿਆ ਕਿ ਕਿੱਥੇ ਸੁਧਾਰ ਕਰਨ ਦੀ ਜ਼ਰੂਰਤ ਹੈ।
Sports ਮਹਿਲਾ ਹਾਕੀ: ਭਾਰਤ ਵੱਲੋਂ ਨਿਊਜ਼ੀਲੈਂਡ ਦੌਰੇ ਦਾ ਜਿੱਤ ਨਾਲ ਅੰਤ