ਮੋਦੀ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾ ਕੇ ‘ਭਿਆਨਕ ਗਲਤੀ’ ਕੀਤੀ: ਇਮਰਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਸ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਕੇ ‘ਭਿਆਨਕ ਗਲਤੀ’ ਕੀਤੀ ਹੈ। ਮੁਜ਼ੱਫਰਾਬਾਦ ’ਚ ਮਕਬੂਜ਼ਾ ਕਸ਼ਮੀਰ ਦੀ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਹੁਣ ਕਦਮ ਪਿਛਾਂਹ ਨਹੀਂ ਪੁੱਟ ਸਕਦਾ ਹੈ। ‘ਹਿੰਦੂ ਰਾਸ਼ਟਰਵਾਦ ਦਾ ਜਿੰਨ ਬੋਤਲ ਤੋਂ ਬਾਹਰ ਆ ਗਿਆ ਹੈ ਅਤੇ ਹੁਣ ਇਸ ਨੂੰ ਅੰਦਰ ਬੰਦ ਨਹੀਂ ਕੀਤਾ ਜਾ ਸਕਦਾ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਹੁਣ ਅਜਿਹੇ ਹਾਲਾਤ ਬਣ ਗਏ ਹਨ ਕਿ ਕਸ਼ਮੀਰ ਨੂੰ ਆਜ਼ਾਦੀ ਮਿਲ ਕੇ ਰਹੇਗੀ। ਇਮਰਾਨ ਖ਼ਾਨ ਨੇ ਮੋਦੀ ਵੱਲੋਂ 7 ਤੋਂ 10 ਦਿਨਾਂ ’ਚ ਪਾਕਿਸਤਾਨ ’ਤੇ ਜਿੱਤ ਹਾਸਲ ਕਰਨ ਦੇ ਦਿੱਤੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੋਈ ਆਮ ਇਨਸਾਨ ਅਜਿਹੀ ਗੱਲ ਨਹੀਂ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਕਸ਼ਮੀਰ ਤੋਂ ਦੁਨੀਆਂ ਦਾ ਧਿਆਨ ਵੰਡਾਉਣ ਦਾ ਮੌਕਾ ਨਹੀਂ ਦੇਣਾ ਚਾਹੀਦਾ ਹੈ। ਉਨ੍ਹਾਂ ਆਰਐੱਸਐੱਸ ਦੀ ਵਿਚਾਰਧਾਰਾ ਨੂੰ ਨਾਜ਼ੀਆਂ ਨਾਲ ਜੋੜਿਆ। ਉਧਰ ਅੱਜ ਕਸ਼ਮੀਰੀ ਇਕਜੁੱਟਤਾ ਦਿਹਾੜਾ ਮੌਕੇ ਸਦਰ ਆਰਿਫ਼ ਅਲਵੀ ਨੇ ਕਿਹਾ ਕਿ ਭਾਰਤ ਨੇ ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਨੂੰ ਮਨਸੂਖ਼ ਕਰਕੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮਤਿਆਂ ਦੀ ਸਿੱਧੀ ਉਲੰਘਣਾ ਕੀਤੀ ਹੈ। ਇਮਰਾਨ ਖ਼ਾਨ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਭਾਰਤ ਨੇ ਕਸ਼ਮੀਰ ਵਿੱਚ 9 ਲੱਖ ਤੋਂ ਵੱਧ ਫ਼ੌਜੀ ਨਫ਼ਰੀ ਦੇ ਸਿਰ ’ਤੇ 80 ਲੱਖ ਕਸ਼ਮੀਰੀਆਂ ਨੂੰ ਬੰਦੀ ਬਣਾ ਛੱਡਿਆ ਹੈ।

Previous articleਮਹਿਲਾ ਹਾਕੀ: ਭਾਰਤ ਵੱਲੋਂ ਨਿਊਜ਼ੀਲੈਂਡ ਦੌਰੇ ਦਾ ਜਿੱਤ ਨਾਲ ਅੰਤ
Next articleਉੱਤਰੀ ਰੇਲਵੇ ਨੇ ਜਿੱਤੀ ਆਲ ਇੰਡੀਆ ਰੇਲਵੇ ਹਾਕੀ ਮਹਿਲਾ ਲੀਗ