ਮਹਾਰਾਸ਼ਟਰ: ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਗੱਠਜੋੜ ਦਾ ਖਾਕਾ ਤਿਆਰ

ਮਹਾਰਾਸ਼ਟਰ ’ਚ ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਗੱਠਜੋੜ ਸਰਕਾਰ ਬਣਾਉਂਦਾ ਨਜ਼ਰ ਆ ਰਿਹਾ ਹੈ। ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸੰਭਾਵਿਤ ਗੱਠਜੋੜ ਸਰਕਾਰ ਪੰਜ ਸਾਲ ਦੀ ਮਿਆਦ ਪੂਰੀ ਕਰੇਗੀ ਅਤੇ ਸੂਬੇ ’ਚ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ। ਵੱਖ ਵੱਖ ਵਿਚਾਰਧਾਰਾਵਾਂ ਨਾਲ ਜੁੜੀਆਂ ਤਿੰਨ ਪਾਰਟੀਆਂ ਦੇ ਇਕੱਠੇ ਸਰਕਾਰ ਬਣਾਉਣ ਨਾਲ ਮਹਾਰਾਸ਼ਟਰ ’ਚ ਨਵਾਂ ਅਧਿਆਏ ਜੁੜ ਜਾਵੇਗਾ। ਕਾਂਗਰਸ, ਐੱਨਸੀਪੀ ਅਤੇ ਸ਼ਿਵ ਸੈਨਾ ਵਿਚਕਾਰ ਚੱਲ ਰਹੀ ਗੰਢ-ਤੁਪ ਵਿਚਕਾਰ ਤਿੰਨੇ ਪਾਰਟੀਆਂ ਦਾ ਵਫ਼ਦ ਸ਼ਨਿਚਰਵਾਰ ਨੂੰ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਿਲੇਗਾ ਅਤੇ ਮੀਂਹ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਜਾਵੇਗੀ। ਪਹਿਲਾਂ ਕਾਂਗਰਸ-ਐੱਨਸੀਪੀ ਵਫ਼ਦ ਨੇ ਰਾਜਪਾਲ ਨੂੰ ਮਿਲਣ ਦਾ ਐਲਾਨ ਕੀਤਾ ਸੀ ਪਰ ਬਾਅਦ ’ਚ ਸ਼ਿਵ ਸੈਨਾ ਨੇ ਕਿਹਾ ਕਿ ਉਨ੍ਹਾਂ ਦੇ ਆਗੂ ਵੀ ਵਫ਼ਦ ’ਚ ਸ਼ਾਮਲ ਹੋਣਗੇ। ਤਿੰਨੋਂ ਪਾਰਟੀਆਂ ਨੇ ਸਾਂਝੇ ਘੱਟੋ ਘੱਟ ਪ੍ਰੋਗਰਾਮ ਦਾ ਖਰੜਾ ਪਹਿਲਾਂ ਹੀ ਉਲੀਕ ਲਿਆ ਹੈ ਜੋ ਸੂਬੇ ’ਚ ਗੱਠਜੋੜ ਦਾ ਏਜੰਡਾ ਹੋਵੇਗਾ ਜਿਥੇ ਪਿਛਲੇ ਦੋ ਦਹਾਕਿਆਂ ’ਚ ਜ਼ਿਆਦਾਤਰ ਸਿਆਸਤ ਭਾਜਪਾ-ਸ਼ਿਵ ਸੈਨਾ ਅਤੇ ਕਾਂਗਰਸ-ਐੱਨਸੀਪੀ ਧੜਿਆਂ ਦੁਆਲੇ ਹੀ ਘੁੰਮਦੀ ਰਹੀ ਹੈ। ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਨਾਗਪੁਰ ’ਚ ਕਿਹਾ ਕਿ ਸ਼ਿਵ ਸੈਨਾ-ਐੱਨਸੀਪੀ-ਕਾਂਗਰਸ ਸਰਕਾਰ ਛੇਤੀ ਬਣੇਗੀ ਅਤੇ ਇਹ ਪੰਜ ਸਾਲ ਮੁਕੰਮਲ ਕਰੇਗੀ। ਉਨ੍ਹਾਂ ਸੂਬੇ ’ਚ ਮੱਧਕਾਲੀ ਚੋਣਾਂ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਜਿਥੇ ਮੌਜੂਦਾ ਸਮੇਂ ’ਚ ਰਾਸ਼ਟਰਪਤੀ ਰਾਜ ਲਾਗੂ ਹੈ। ਉਨ੍ਹਾਂ ਦੇ ਸਾਥੀ ਅਤੇ ਪਾਰਟੀ ਦੇ ਮੁੱਖ ਤਰਜਮਾਨ ਨਵਾਬ ਮਲਿਕ ਨੇ ਮੁੰਬਈ ’ਚ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ’ਤੇ ਸ਼ਿਵ ਸੈਨਾ ਆਗੂ ਬੈਠੇਗਾ। ‘ਉਹ (ਸ਼ਿਵ ਸੈਨਾ) ਮੁੱਖ ਮੰਤਰੀ ਅਹੁਦੇ ਦੇ ਮੁੱਦੇ ’ਤੇ ਗੱਠਜੋੜ ’ਚੋਂ ਬਾਹਰ ਆ ਗਏ ਸਨ। ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਸਾਡੀ ਜ਼ਿੰਮੇਵਾਰੀ ਹੈ।’ ਇਸ ਦੌਰਾਨ ਕਾਂਗਰਸ, ਐੱਨਸੀਪੀ ਅਤੇ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਤਿਆਰ ਕੀਤੇ ਗਏ ਸਾਂਝੇ ਘੱਟੋ ਘੱਟ ਪ੍ਰੋਗਰਾਮ ਦੇ ਖਰੜੇ ਨੂੰ ਪ੍ਰਵਾਨਗੀ ਲਈ ਤਿੰਨੋਂ ਪਾਰਟੀਆਂ ਦੇ ਮੋਹਰੀ ਆਗੂਆਂ ਨੂੰ ਸੌਂਪਿਆ ਜਾਵੇਗਾ। ਮੁੰਬਈ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਦੇ ਤਰਜਮਾਨ ਸੰਜੈ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਦੀ ਅਗਲੀ ਸਰਕਾਰ ਦੀ ਅਗਵਾਈ ਉਨ੍ਹਾਂ ਦੀ ਪਾਰਟੀ ਕਰੇਗੀ ਅਤੇ ਸਾਂਝਾ ਘੱਟੋ ਘੱਟ ਪ੍ਰੋਗਰਾਮ ਸੂਬੇ ਦੇ ਹਿੱਤ ’ਚ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਊਧਵ ਠਾਕਰੇ ਅਗਲੇ 25 ਵਰ੍ਹਿਆਂ ਤੱਕ ਮਹਾਰਾਸ਼ਟਰ ’ਚ ਸਰਕਾਰ ਦੀ ਅਗਵਾਈ ਕਰਨਗੇ। ‘ਸਾਡੇ ਨਾਲ ਰਲਣ ਵਾਲੇ ਤਜਰਬੇਕਾਰ ਪ੍ਰਸ਼ਾਸਕ ਹਨ ਅਤੇ ਸਾਨੂੰ ਉਨ੍ਹਾਂ ਦੇ ਤਜਰਬੇ ਤੋਂ ਲਾਹਾ ਮਿਲੇਗਾ।’ ਹਿੰਦੂ ਵਿਚਾਰਧਾਰਕ ਵੀਰ ਸਾਵਰਕਰ ਨੂੰ ਭਾਰਤ ਰਤਨ ਦੇਣ ਦੀ ਮੰਗ ਛੱਡਣ ਅਤੇ ਮੁਸਲਮਾਨਾਂ ਨੂੰ ਰਾਖਵਾਂਕਰਨ ਮਨਜ਼ੂਰ ਕਰਨ ਦੇ ਸਵਾਲ ’ਤੇ ਰਾਊਤ ਨੇ ਸਿੱਧਾ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਉਹ ਜਾਣਦੇ ਹਨ ਕਿ ਇਹ ਸਵਾਲ ਕਿਥੋਂ ਆਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਵੱਖ ਵੱਖ ਪਾਰਟੀਆਂ ਦੇ ਗੱਠਜੋੜ ਨੇ ਸਾਂਝੇ ਘੱਟੋ ਘੱਟ ਪ੍ਰੋਗਰਾਮ ਤਹਿਤ ਸਰਕਾਰ ਬਣਾਈ ਸੀ। ‘ਜੇਕਰ ਵੱਖ ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਹਨ ਤਾਂ ਅਸੀਂ ਵੀ ਇਕੱਠੇ ਹੋ ਸਕਦੇ ਹਾਂ।’ ਕਾਂਗਰਸ ਦੇ ਸੀਨੀਅਰ ਆਗੂ ਨੇ ਕਿਹਾ ਕਿ ਸਾਂਝੇ ਘੱਟੋ ਘੱਟ ਪ੍ਰੋਗਰਾਮ ਦੇ ਖਰੜੇ ’ਚ ਕਿਸਾਨਾਂ ਅਤੇ ਬੇਰੁਜ਼ਗਾਰੀ ਨਾਲ ਨਜਿੱਠਣ ’ਤੇ ਜ਼ੋਰ ਦਿੱਤਾ ਗਿਆ ਹੈ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਔਰੰਗਾਬਾਦ ਜ਼ਿਲ੍ਹੇ ’ਚ 62 ਸਹਾਇਤਾ ਕੇਂਦਰ ਸਥਾਪਤ ਕੀਤੇ ਜਾਣਗੇ। ਸ੍ਰੀ ਪਵਾਰ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ 17 ਨਵੰਬਰ ਨੂੰ ਦਿੱਲੀ ’ਚ ਮੁਲਾਕਾਤ ਦੀ ਸੰਭਾਵਨਾ ਹੈ।

Previous articleOn last working day, CJI spent 4 mins in Courtroom 1
Next articleHistoric treasures from Indian, French archives on view