ਮੁੰਬਈ ਦੇ ਤਿੰਨ ਲਗਜ਼ਰੀ ਹੋਟਲਾਂ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਇਨ੍ਹਾਂ ਹੋਟਲਾਂ ਵਿੱਚ ਐੱਨਸੀਪੀ, ਕਾਂਗਰਸ ਤੇ ਸ਼ਿਵ ਸੈਨਾ ਦੇ ਵਿਧਾਇਕਾਂ ਨੂੰ ਰੱਖਿਆ ਗਿਆ ਹੈ। ਸੁਰੱਖਿਆ, ਵਿਧਾਇਕਾਂ ਦੀ ਕਥਿਤ ਖਰੀਦੋ-ਫਰੋਖ਼ਤ ਨੂੰ ਰੋਕਣ ਦੇ ਇਰਾਦੇ ਨਾਲ ਵਧਾਈ ਗਈ ਹੈ। ਭਾਜਪਾ ਆਗੂ ਦੇਵੇਂਦਰ ਫੜਨਵੀਸ ਤੇ ਐੱਨਸੀਪੀ ਆਗੂ ਅਜੀਤ ਪਵਾਰ ਦੇ ਕ੍ਰਮਵਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਉਪਰੋਕਤ ਤਿੰਨੋਂ ਪਾਰਟੀਆਂ ਨੇ ਆਪੋ-ਆਪਣੇ ਵਿਧਾਇਕਾਂ ਨੂੰ ਮਹਾਂਨਗਰ ਦੇ ਵੱਖ ਵੱਖ ਹੋਟਲਾਂ ’ਚ ਤਬਦੀਲ ਕਰ ਦਿੱਤਾ ਸੀ। ਕਾਬਿਲੇਗੌਰ ਹੈ ਕਿ ਐੱਨਸੀਪੀ-ਸ਼ਿਵ ਸੈਨਾ-ਕਾਂਗਰਸ ਗੱਠਜੋੜ ਨੇ ਸ਼ੁੱਕਰਵਾਰ ਰਾਤ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਊਧਵ ਠਾਕਰੇ ਦੇ ਨਾਂ ’ਤੇ ਸਹਿਮਤੀ ਦੇ ਦਿੱਤੀ ਸੀ, ਪਰ ਸ਼ਨਿੱਚਰਵਾਰ ਸਵੇਰੇ ਵੱਡੇ ਸਿਆਸੀ ਨਾਟਕੀ ਕ੍ਰਮ ਤਹਿਤ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸੂਬੇ ’ਚ ਲੱਗੇ ਰਾਸ਼ਟਰਪਤੀ ਰਾਜ ਨੂੰ ਮਨਸੂਖ ਕਰਦਿਆਂ ਚੁੱਪ-ਚੁਪੀਤੇ ਫੜਨਵੀਸ ਨੂੰ ਮੁੱਖ ਮੰਤਰੀ ਵਜੋਂ ਹਲਫ ਦਿਵਾ ਦਿੱਤਾ।
ਭਾਜਪਾ ਤੇ ਅਜੀਤ ਪਵਾਰ ਵੱਲੋਂ ਵਿਧਾਇਕਾਂ ਦੀ ਕਥਿਤ ਖਰੀਦੋ ਫਰੋਖ਼ਤ ਕੀਤੇ ਜਾਣ ਦੇ ਡਰੋਂ ਤਿੰਨੇ ਪਾਰਟੀਆਂ ਨੇ ਆਪਣੇ ਵਿਧਾਇਕਾਂ ਨੂੰ ਤਿੰਨ ਵੱਖ ਵੱਖ ਹੋਟਲਾਂ ਵਿੱਚ ਰੱਖਿਆ ਹੈ। ਕਾਂਗਰਸੀ ਵਿਧਾਇਕਾਂ ਨੂੰ ਜੁਹੂ ਵਿਚਲੇ ਜੇ.ਡਬਲਿਊ.ਮੈਰੀਅਟ ਜਦੋਂਕਿ ਐੱਨਸੀਪੀ ਵਿਧਾਇਕ ਪਵਈ ਦੇ ਰੈਨੇਸਾਂ ਹੋਟਲ ਵਿੱਚ ਤਬਦੀਲ ਕੀਤੇ ਗਏ ਹਨ। ਸ਼ਿਵ ਸੈਨਾ ਦੇ ਵਿਧਾਇਕਾਂ ਨੂੰ ਕੌਮਾਂਤਰੀ ਹਵਾਈ ਅੱਡੇ ਨਜ਼ਦੀਕ ਲਲਿਤ ਹੋਟਲ ਵਿੱਚ ਰੱਖਿਆ ਗਿਆ ਹੈ। ਡੀਸੀਪੀ (ਜ਼ੋਨ 8) ਮੰਜੂਨਾਥ ਸਿੰਘੇ ਨੇ ਕਿਹਾ ਕਿ ਹੋਟਲਾਂ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਹੋਟਲ ’ਚ ਦਾਖ਼ਲ ਹੋਣ ਵਾਲੇ ਹਰ ਵਾਹਨ ’ਤੇ ਨਜ਼ਰ ਰੱਖੀ ਜਾ ਰਹੀ ਹੈ।
INDIA ਮਹਾਰਾਸ਼ਟਰ: ਵਿਧਾਇਕਾਂ ਦੀ ਠਹਿਰ ਵਾਲੇ ਹੋਟਲਾਂ ਦੀ ਸੁਰੱਖਿਆ ਵਧਾਈ