ਵਿਰੋਧੀ ਧਿਰ ਦੀ ਗ਼ੈਰਹਾਜ਼ਰੀ ’ਚ ਕਮੇਟੀ ਬਣਾਉਣ ਦਾ ਫ਼ੈਸਲਾ

ਇਕ ਰਾਸ਼ਟਰ ਇਕ ਚੋਣ
ਐੱਨਡੀਏ ਸਮਰਥਕਾਂ ਸਣੇ ਸੀਪੀਆਈ, ਪੀਡੀਪੀ ਤੇ ਐੱਨਸੀ ਦੇ ਆਗੂਆਂ ਨੇ ਕੀਤੀ ਸ਼ਿਰਕਤ
‘ਇਕ ਰਾਸ਼ਟਰ ਇਕ ਚੋਣ’ ਮੁੱਦੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਕਮੇਟੀ ਗਠਿਤ ਕੀਤੀ ਜਾਵੇਗੀ, ਜੋ ‘ਮਿੱਥੇ ਸਮੇਂ’ ਵਿੱਚ ਆਪਣੇ ਸੁਝਾਅ ਦੇਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਹੋਈ ਸਰਬ ਪਾਰਟੀ ਮੀਟਿੰਗ ਮਗਰੋਂ ਦੱਸਿਆ ਕਿ ਜ਼ਿਆਦਾਤਰ ਪਾਰਟੀਆਂ ਨੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ਦੇ ਵਿਚਾਰ ਨਾਲ ਸਹਿਮਤੀ ਜਤਾਈ ਹੈ। ਉਨ੍ਹਾਂ ਕਿਹਾ ਕਿ ਸੀਪੀਆਈ ਤੇ ਸੀਪੀਐਮ ਦੀ ਹਾਲਾਂਕਿ ‘ਵੱਖ ਰਾਏ’ ਸੀ, ਪਰ ਉਹ ਇਸ ਵਿਚਾਰ ਦੇ ਖ਼ਿਲਾਫ਼ ਨਹੀਂ ਸਨ। ਰਾਜਨਾਥ ਨੇ ਕਿਹਾ ਕਿ ਤਜਵੀਜ਼ਸ਼ੁਦਾ ਕਮੇਟੀ ਦੀ ਬਣਤਰ ਬਾਰੇ ਫ਼ੈਸਲਾ ਪ੍ਰਧਾਨ ਮੰਤਰੀ ਲੈਣਗੇ। ਮੀਟਿੰਗ ਲਈ 40 ਪਾਰਟੀਆਂ ਦੇ ਮੁਖੀਆਂ ਨੂੰ ਸੱਦਾ ਭੇਜਿਆ ਗਿਆ ਸੀ, ਪਰ ਇਸ ਵਿੱਚ 21 ਸਿਆਸੀ ਪਾਰਟੀਆਂ ਸ਼ਾਮਲ ਹੋਈਆਂ ਤੇ ਤਿੰਨ ਪਾਰਟੀਆਂ ਨੇ ਲਿਖਤ ’ਚ ਆਪਣਾ ਪੱਖ ਰੱਖਿਆ। ਕਾਂਗਰਸ, ਤ੍ਰਿਣਮੂਲ ਕਾਂਗਰਸ, ਸਪਾ, ਬਸਪਾ ਤੇ ਟੀਡੀਪੀ ਸਮੇਤ 16 ਪਾਰਟੀਆਂ ਮੀਟਿੰਗ ’ਚੋੋਂ ਗੈਰਹਾਜ਼ਰ ਰਹੀਆਂ। ਐਨਡੀਏ ਭਾਈਵਾਲ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਪਾਰਟੀ ਦੇ ਸਥਾਪਨਾ ਦਿਹਾੜੇ ਕਰ ਕੇ ਮੀਟਿੰਗ ’ਚ ਹਾਜ਼ਰੀ ਨਹੀਂ ਭਰ ਸਕੇ।
ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ਦੇ ਮੁੱਦੇ ’ਤੇ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਸਾਰੀਆਂ ਸਿਆਸੀ ਧਿਰਾਂ ਦੇ ਮੁਖੀਆਂ ਨੂੰ ਗੱਲਬਾਤ ਲਈ ਸੱਦਾ ਭੇਜਿਆ ਸੀ ਜਿਨ੍ਹਾਂ ਦੀ ਪਾਰਟੀ ਦਾ ਘੱਟੋ ਘੱਟੋ ਇਕ ਮੈਂਬਰ ਲੋਕ ਸਭਾ ਜਾਂ ਰਾਜ ਸਭਾ ਵਿਚ ਹੈ। ਇਸ ਮੌਕੇ ਹੋਰ ਵੀ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ ਗਈ ਜਿਨ੍ਹਾਂ ਵਿਚ 2022 ਵਿਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣਾ ਤੇ ਇਸੇ ਵਰ੍ਹੇ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਮਨਾਉਣਾ ਅਹਿਮ ਸਨ। ਸੰਸਦ ਦੀ ਲਾਇਬਰੇਰੀ ਇਮਾਰਤ ਵਿਚ ਰੱਖੀ ਇਸ ਮੀਟਿੰਗ ਵਿਚ ਐਨਸੀਪੀ ਆਗੂ ਸ਼ਰਦ ਪਵਾਰ, ਸੀਪੀਐੱਮ ਦੇ ਸੀਤਾਰਾਮ ਯੇਚੁਰੀ, ਸੀਪੀਆਈ ਦੇ ਡੀ. ਰਾਜਾ, ਬਿਹਾਰ ਦੇ ਮੁੱਖ ਮੰਤਰੀ ਤੇ ਜੇਡੀ (ਯੂ) ਆਗੂ ਨਿਤੀਸ਼ ਕੁਮਾਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਐਨਪੀਪੀ ਦੇ ਕੌਨਰਾਡ ਸੰਗਮਾ, ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਤੇ ਨੈਸ਼ਨਲ ਕਾਨਫ਼ਰੰਸ ਦੇ ਸਰਪ੍ਰਸਤ ਫਾਰੂਕ ਅਬਦੁੱਲਾ ਹਾਜ਼ਰ ਸਨ।

Previous articleMore than 70 mn forcibly displaced worldwide: UNHCR
Next article550ਵਾਂ ਪ੍ਰਕਾਸ਼ ਪੁਰਬ: ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਸਜਾਉਣ ਦੀ ਮਨਜ਼ੂਰੀ