ਮਹਾਂਰਾਸ਼ਟਰ ਨੇ ਦੋਵਾਂ ਵਰਗਾਂ (ਪੁਰਸ਼ ਅਤੇ ਮਹਿਲਾ) ਵਿੱਚ ਸ਼ਾਨਦਾਰ ਜਿੱਤਾਂ ਦਰਜ ਕਰਕੇ ਛੇਵੀਂ ਵਾਰ ਕੌਮੀ ਵ੍ਹੀਲਚੇਅਰ ਬਾਸਕਟਬਾਲ ਚੈਂਪੀਅਨਸ਼ਿਪ ਜਿੱਤ ਲਈ ਹੈ। ਵ੍ਹੀਲਚੇਅਰ ਬਾਸਕਟਬਾਲ ਫੈਡਰੇਸ਼ਨ ਆਫ਼ ਇੰਡੀਆ ਨੇ ਖੇਡ ਵਿਭਾਗ ਪੰਜਾਬ ਨਾਲ ਮਿਲ ਕੇ ਮੁਹਾਲੀ ਦੇ ਸੈਕਟਰ 78 ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿੱਚ ਛੇ ਰੋਜ਼ਾ ਚੈਂਪੀਅਨਸ਼ਿਪ ਕਰਵਾਈ ਸੀ, ਜਿਸ ਵਿੱਚ ਪੁਰਸ਼ਾਂ ਦੀਆਂ 23 ਅਤੇ ਮਹਿਲਾਵਾਂ ਦੀਆਂ 14 ਟੀਮਾਂ ਨੇ ਹਿੱਸਾ ਲਿਆ ਸੀ। ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ।
ਪੁਰਸ਼ ਵਰਗ ਦੇ ਫਾਈਨਲ ਵਿੱਚ ਮਹਾਂਰਾਸ਼ਟਰ ਨੇ ਮੇਜ਼ਬਾਨ ਪੰਜਾਬ ਨੂੰ 64-52 ਅੰਕਾਂ ਨਾਲ ਹਰਾਇਆ। ਚੈਂਪੀਅਨਸ਼ਿਪ ਵਿੱਚ ਮਹਾਰਾਸ਼ਟਰ ਦੀ ਇਹ ਲਗਾਤਾਰ ਛੇਵੀਂ ਜਿੱਤ ਹੈ। ਪੰਜਾਬ ਪਿਛਲੀ ਵਾਰ ਤੀਜੇ ਸਥਾਨ ’ਤੇ ਰਿਹਾ ਸੀ। ਤਾਮਿਲਨਾਡੂ ਨੇ ਤਿਲੰਗਾਨਾ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਮਹਿਲਾ ਵਰਗ ਦੇ ਫਾਈਨਲ ਵਿੱਚ ਮਹਾਂਰਾਸ਼ਟਰ ਨੇ ਤਾਮਿਲਨਾਡੂ ਨੂੰ 25-14 ਅੰਕਾਂ ਨਾਲ ਮਾਤ ਦਿੱਤੀ। ਤੀਜੇ ਸਥਾਨ ਲਈ ਕੇਰਲ ਨੇ ਉੜੀਸਾ ਨੂੰ ਹਰਾਇਆ।
ਕੇਂਦਰੀ ਮੰਤਰੀ ਸ੍ਰੀ ਰਿਜਿਜੂ ਨੇ ਪੰਜਾਬ ਦੇ ਖੇਡ ਵਿਭਾਗ ਨੂੰ ਸ਼ਾਨਦਾਰ ਮੇਜ਼ਬਾਨੀ ਲਈ ਵਧਾਈ ਦਿੰਦਿਆਂ ਕਿਹਾ ਕਿ ਖੇਡ ਸਟੇਡੀਅਮਾਂ ਵਿੱਚ ਪੈਰਾ-ਖਿਡਾਰੀਆਂ ਲਈ ਬੁਨਿਆਦੀ ਢਾਂਚਾ ਉਸਾਰਨ ’ਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਭਾਰਤ ਸਰਕਾਰ ਦੀ ‘ਖੇਲੋ ਇੰਡੀਆ’ ਦੇ ਨਾਲ-ਨਾਲ ਹੁਣ ‘ਫਿੱਟ ਇੰਡੀਆ’ ਮੁਹਿੰਮ ਆਰੰਭ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਖਿਡਾਰੀਆਂ ਦੀ ਖ਼ੁਰਾਕ ਅਤੇ ਸਹੂਲਤਾਂ ਤੋਂ ਇਲਾਵਾ ਕੌਮਾਂਤਰੀ ਪੱਧਰ ਦੇ ਕੋਚ ਮੁਹੱਈਆ ਕਰਵਾਏ ਜਾਣਗੇ। ਪੰਜਾਬ ਦੇ ਵਧੀਕ ਮੁੱਖ ਸਕੱਤਰ (ਖੇਡਾਂ) ਸੰਜੇ ਕੁਮਾਰ ਨੇ ਕੇਂਦਰੀ ਖੇਡ ਮੰਤਰੀ ਦਾ ਪੰਜਾਬ ਆਉਣ ’ਤੇ ਸਵਾਗਤ ਕੀਤਾ।
Sports ਮਹਾਰਾਸ਼ਟਰ ਨੇ ਦੂਹਰਾ ਖ਼ਿਤਾਬ ਜਿੱਤਿਆ