ਮਰਚੈਂਟ ਨੇਵੀ ਕੀ ਹੁੰਦੀ ਹੈ ਤੇ ਦਾਖਲੇ ਸਬੰਧੀ ਜਾਣਕਾਰੀ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਪੂਰੀ ਦੁਨੀਆ ਚ ਹਰ ਦੇਸ਼ ਦੀ ਸਰਹੱਦਾਂ ਦੀ ਰੱਖਿਆ ਲਈ ਸੈਨਾਵਾਂ ਦੇ ਤਿੰਨ ਰੂਪ ਹੁੰਦੇ ਹਨ ਥਲ ਸੈਨਾ ਜਲ ਸੈਨਾ ਤੇ ਹਵਾਈ ਸੈਨਾ ਇਹਨਾਂ ਤਿੰਨਾਂ ਸੈਨਾਵਾਂ ਬਾਰੇ ਹਰ ਕੋਈ ਜਾਣਦਾ ਹੈ ਪਰ ਪੂਰੀ ਦੁਨੀਆਂ ਦਾ ਵਪਾਰ ਚਲਾਉਣ ਲਈ ਇੱਕ ਸੈਨਾ ਸਮੁੰਦਰੀ ਜਹਾਜ਼ਾਂ ਵਾਲੀ ਮਰਚੈਂਟ ਨੇਵੀ ਹੁੰਦੀ ਹੈ ਜੋ ਅਰਧ ਸਰਕਾਰੀ ਵਪਾਰਕ ਅਦਾਰਾ ਹੈ ਆਪਣੇ ਪੰਜਾਬੀ ਲੋਕ ਇਸ ਸੈਨਾ ਬਾਰੇ ਬਹੁਤੀ ਜਾਣਕਾਰੀ ਨਹੀਂ ਰੱਖਦੇ

ਮੈਂ ਤਿੰਨ ਦਹਾਕਿਆਂ ਤੋਂ ਮਰਚੈਂਟ ਨੇਵੀ ਵਿੱਚ ਇੰਜਨੀਅਰ ਦੀ ਨੌਕਰੀ ਕਰਦਾ ਹਾਂ ਮੈਨੂੰ ਜਦੋਂ ਵੀ ਕੋਈ ਆਪਣਾ ਦੋਸਤ ਭੈਣ ਭਰਾ ਮਿਲਦਾ ਹੈ ਮੈਨੂੰ ਫ਼ੌਜੀ ਕਹਿ ਕੇ ਸੰਬੋਧਨ ਕਰਦਾ ਹੈ ਇਹ ਇੱਕ ਅਣਜਾਣਤਾ ਦੀ ਨਿਸ਼ਾਨੀ ਹੈ ਪੰਜਾਬ ਦੀ ਨੌਜਵਾਨ ਪੀੜ੍ਹੀ ਪੜ੍ਹਾਈ ਦੇ ਬਹਾਨੇ ਵਿਦੇਸ਼ਾਂ ਵਿੱਚ ਸੈੱਟ ਹੋਣ ਲਈ ਵੱਖ ਵੱਖ ਤਰ੍ਹਾਂ ਦੇ ਜੁਗਾੜ ਲਗਾਉਂਦੀ ਹੋਈ ਲੱਖਾਂ ਕਰੋੜਾਂ ਰੁਪਿਆ ਖਰਚਦੇ ਹਨ ਮਰਚੈਂਟ ਨੇਵੀ ਬਾਰੇ ਪੰਜਾਬੀ ਲੋਕ ਨਾ ਜਾਣਦੇ ਹੋਏ ਵਿਦੇਸ਼ੀ ਨੋਟ ਕਮਾਉਣ ਤੋਂ ਵਾਂਝੇ ਹਨ ਮਰਚੈਂਟ ਨੇਵੀ ਵਿੱਚ ਚੰਗੀ ਕਮਾਈ ਦੇ ਨਾਲ ਨਾਲ ਦੁਨੀਆ ਦੀ ਸੈਰ ਮੁਫ਼ਤ ਵਿੱਚ ਹੋ ਜਾਂਦੀ ਹੈ

ਸੰਨ 2000 ਤੋਂ ਪਹਿਲਾਂ ਇਹ ਅਦਾਰਾ ਸਰਕਾਰ ਇੱਕ ਖ਼ਾਸ ਯੂਨੀਅਨ ਤੇ ਕੰਪਨੀਆਂ ਦੇ ਗੱਠਜੋੜ ਕਰਕੇ ਖਾਸ ਲੋਕਾਂ ਦੇ ਹੱਥਾਂ ਵਿੱਚ ਸੀ ਜਿਸ ਨਾਲ ਏਜੰਟਾਂ ਕੰਪਨੀਆਂ ਤੇ ਯੂਨੀਅਨ ਨੇ ਮੋਟੀ ਕਮਾਈ ਨਾਲ ਸਾਲਾਂ ਤੋਂ ਹੱਥ ਰੰਗੇ ਮਨਮਰਜ਼ੀ ਦਾ ਕੰਮ ਥੋੜ੍ਹੀ ਤਨਖ਼ਾਹ ਤੇ ਗੁਲਾਮੀ ਵਾਲੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਸੀ ਜਿਸ ਤਰ੍ਹਾਂ ਹੁਣ ਏਜੰਟ ਆਪਣੇ ਨੌਜਵਾਨਾਂ ਨੂੰ ਬਾਹਰ ਲੈ ਕੇ ਜਾਂਦੇ ਹਨ ਇਹੋ ਹੀ ਤਰੀਕਾ ਸੀ ਹੁਣ ਇਸ ਅਦਾਰੇ ਵਿੱਚ ਪੂਰਨ ਸੁਧਾਰ ਹੋ ਗਿਆ ਹੈ ਸੋ ਪੁਰਾਣੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ

ਆਪਣੇ ਨੌਜਵਾਨ ਆਪਣੇ ਰੁਜ਼ਗਾਰ ਲਈ ਇਸ ਨੂੰ ਚੁਣਨ ਇਸ ਲਈ ਮੈਂ ਪੂਰਨ ਤੇ ਸਹੀ ਜਾਣਕਾਰੀ ਦੇ ਰਿਹਾ ਹਾਂ ਸਮੁੰਦਰੀ ਜਹਾਜ਼ ਵਿੱਚ ਮਰਚੈਂਟ ਨੇਵੀ ਦੇ ਤਿੰਨ ਮਹਿਕਮੇ ਹੁੰਦੇ ਹਨ ਇੰਜਣ ਵਿਭਾਗ ਡੈੱਕ ਵਿਭਾਗ ਤੇ ਗੈਲੀ ਵਿਭਾਗ ਇੰਜਣ ਵਿਭਾਗ ਦੀ ਕਮਾਂਡ ਚੀਫ ਇੰਜਨੀਅਰ ਥੱਲੇ ਹੁੰਦੀ ਹੈ ਜਿਨ੍ਹਾਂ ਦਾ ਕੰਮ ਇੰਜਣ ਨੂੰ ਚਲਾਉਣਾ ਤੇ ਸਵਾਰਨਾ ਹੁੰਦਾ ਹੈ ਡੈੱਕ ਵਿਭਾਗ ਜਿਨ੍ਹਾਂ ਨੇ ਜਹਾਜ਼ ਦਾ ਬਾਹਰੀ ਹਿੱਸਾ ਸੰਭਾਲਣਾ ਸਾਮਾਨ ਭਰਨਾ ਤੇ ਉਤਾਰਨਾ ਤੇ ਜਹਾਜ਼ ਨੂੰ ਚਲਾਉਣਾ ਇਸ ਸਾਰੇ ਕੰਮ ਦੀ ਕਮਾਂਡ ਕਪਤਾਨ ਦੇ ਹੱਥ ਹੁੰਦੀ ਹੈ

ਗੈਲੀ ਖਾਣਾ ਵਿਭਾਗ ਜਿਸ ਵਿੱਚ ਚੀਫ ਕੁੱਕ ਮੁੱਖੀ ਹੁੰਦਾ ਹੈ ਖਾਣੇ ਦਾ ਕਰਤਾ ਧਰਤਾ ਵੀ ਕਪਤਾਨ ਹੁੰਦਾ ਹੈ ਇਹਨਾਂ ਤਿੰਨਾਂ ਵਿਭਾਗਾਂ ਵਿੱਚ ਜਾਣ ਲਈ ਅਕਾਦਮਿਕ ਸਿੱਖਿਆ +2 ਜੋ ਕਿ 60% ਨਾਲ ਪਾਸ ਕੀਤੀ ਹੋਵੇ ਇੰਜਣ ਤੇ ਗੈਲੀ ਵਿਭਾਗ ਲਈ ਅਕਾਦਮੀ ਸਿੱਖਿਆ ਆਰਟਸ ਵਿੱਚ ਵੀ ਹੋ ਸਕਦੀ ਹੈ ਸਾਇੰਸ ਵਿੱਚ ਪ੍ਰਾਪਤ ਕੀਤੀ ਸਿੱਖਿਆ ਸਾਰੇ ਵਿਭਾਗਾਂ ਲਈ ਯੋਗ ਹੈ ਸਿੱਖਿਆ ਦੇ ਨਾਲ ਸਭ ਤੋਂ ਜ਼ਰੂਰੀ ਸਰੀਰ ਪੂਰਨ ਰੂਪ ਵਿੱਚ ਤੰਦਰੁਸਤ ਹੋਵੇ ਕਿਉਂਕਿ ਦਾਖ਼ਲੇ ਵਿੱਚ ਸਭ ਤੋਂ ਪਹਿਲਾਂ ਹਰ ਉਮੀਦਵਾਰ ਦੀ ਪੂਰੀ ਸਿਹਤ ਦਾ ਮੈਡੀਕਲ ਪ੍ਰੀਖਣ ਹੁੰਦਾ ਹੈ ਜੇ ਤੁਸੀਂ ਅਕਾਦਮਿਕ ਸਿੱਖਿਆ ਅਤੇ ਸਿਹਤ ਦੋਨੋਂ ਗੁਣਾਂ ਨਾਲ ਭਰਪੂਰ ਹੋ

ਜਹਾਜ਼ ਵਿੱਚ ਦਾਖਲੇ ਤੋਂ ਪਹਿਲਾਂ ਪ੍ਰੀ ਸੀ ਟ੍ਰੇਨਿੰਗ ਸਿੱਖਿਆ ਪ੍ਰਾਪਤ ਕਰਨੀ ਲਾਜ਼ਮੀ ਹੈ ਭਾਰਤ ਸਰਕਾਰ ਨਾਲ ਸੰਬੰਧਤ ਮੈਰਿਨ ਡੀ ਜੀ ਰਾਹੀਂ ਪ੍ਰਵਾਨਤ ਅਕੈਡਮੀਆਂ ਵੱਡੇ ਤੇ ਮੈਟਰੋ ਸ਼ਹਿਰਾਂ ਵਿੱਚ ਆਮ ਖੁੱਲ੍ਹੀਆਂ ਹਨ ਇਨ੍ਹਾਂ ਅਕੈਡਮੀਆਂ ਵਿੱਚ ਸਾਲ ਵਿੱਚ ਇੱਕ ਵਾਰ ਦਾਖਲਾ ਹੁੰਦਾ ਹੈ ਜਿਸ ਲਈ ਜਾਣਕਾਰੀ ਡਾਇਰੈਕਟਰ ਜਨਰਲ ਸ਼ਿਪਿੰਗ ਦੀ ਵੈਬ ਸਾਈਟ ਤੇ ਲੈ ਸਕਦੇ ਹੋ ਦਾਖ਼ਲੇ ਲਈ ਉਮਰ ਸੀਮਾ 17 ਤੋਂ 23 ਸਾਲ ਹੋਵੇ ਅਕੈਡਮੀ ਵਿੱਚ ਜੋ ਤੁਸੀਂ ਵਿਭਾਗ ਚੁਣਦੇ ਹੋ ਉਸ ਲਈ ਕਿਤਾਬੀ ਅਤੇ ਪ੍ਰੈਕਟੀਕਲ ਪੂਰੀ ਸਿੱਖਿਆ ਇੱਕ ਸਾਲ ਲਈ ਦਿੱਤੀ ਜਾਂਦੀ ਹੈ

ਅਕੈਡਮੀ ਵਿੱਚ ਹੀ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਅਕਾਡਮੀ ਵੱਲੋਂ ਕੀਤਾ ਜਾਂਦਾ ਹੈ ਅਕੈਡਮੀ ਨੂੰ ਡਾਇਰੈਕਟਰ ਜਰਨਲ ਸ਼ਿਪਿੰਗ ਵਿਭਾਗ ਭਾਰਤ ਸਰਕਾਰ ਵੱਲੋਂ ਫੀਸਾਂ ਤੇ ਹੋਰ ਸਾਰੀਆਂ ਹਦਾਇਤਾਂ ਅਕਾਦਮੀਆਂ ਨੂੰ ਮੰਨਣੀਆਂ ਜ਼ਰੂਰੀ ਹਨ ਅਕੈਡਮੀ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਜੇ ਪਾਸਪੋਰਟ ਬਣਾ ਲਿਆ ਜਾਵੇ ਤਾਂ ਠੀਕ ਹੈ ਜਹਾਜ਼ ਦੀ ਪੜ੍ਹਾਈ ਦੇ ਨਾਲ ਸਮੁੰਦਰੀ ਸੁਰੱਖਿਆ ਦੇ ਕੋਰਸ ਜੋ ਵੀ ਜ਼ਰੂਰੀ ਹਨ ਸਾਰੇ ਨਾਲੋਂ ਨਾਲ ਕਰਵਾਏ ਜਾਂਦੇ ਹਨ ਪੜ੍ਹਾਈ ਦੇ ਦਰਮਿਆਨ ਵਿਦਿਆਰਥੀਆਂ ਦੇ ਜੋ ਗੁਣ ਹੁੰਦੇ ਹਨ

ਉਹ ਪੂਰੇ ਨਿਭਾਉਣੇ ਚਾਹੀਦੇ ਹਨ ਪ੍ਰੀਖਿਆ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹਰ ਕੋਈ ਅਰਾਮ ਨਾਲ ਪਾਸ ਕਰ ਸਕਦਾ ਹੈ ਕਿਉਂਕਿ ਇਹ ਕਿਤਾਬੀ ਪੜ੍ਹਾਈ ਤੋਂ ਵੱਧ ਪ੍ਰੈਕਟੀਕਲੀ ਸਿੱਖਿਆ ਹੁੰਦੀ ਹੈ ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਸਮੁੰਦਰੀ ਜਹਾਜ਼ ਵਿੱਚ ਨੌਕਰੀ ਕਰਨ ਲਈ ਖਾਸ ਲਾਈਸੈਂਸ ਜਿਸ ਨੂੰ ਸੀ. ਡੀ. ਸੀ. ਕਿਹਾ ਜਾਂਦਾ ਹੈ ਸਰਕਾਰੀ ਫੀਸ ਜੋ ਬਹੁਤ ਥੋੜ੍ਹੀ ਹੈ ਅਕਾਦਮੀ ਵਿਦਿਆਰਥੀ ਤੋਂ ਫੀਸ ਲੈ ਕੇ ਡੀ ਜੀ ਦਫਤਰ ਵਿੱਚ ਭਰ ਦਿੰਦੀ ਹੈ ਤੇ ਘਰ ਬੈਠੇ ਲਾਇਸੈਂਸ ਮਿਲ ਜਾਂਦਾ ਹੈ ਇੱਕ ਮੋਟੀ ਆਧਾਰਨ ਜਿਸ ਕੋਲ ਡਰਾਈਵਿੰਗ ਲਾਈਸੈਂਸ ਹੋਵੇ ਉਹ ਗੱਡੀ ਆਰਾਮ ਨਾਲ ਚਲਾ ਸਕਦਾ ਹੈ

ਇਹੋ ਕੁਝ ਮਰਚੈਂਟ ਨੇਵੀ ਦਾ ਅਸੂਲ ਹੈ ਇਹ ਲਾਇਸੈਂਸ ਦਸ ਸਾਲ ਲਈ ਮਿਲਦਾ ਹੈ ਇਸ ਤੋਂ ਬਾਅਦ ਸਿਰਫ ਫੀਸ ਭਰੋ ਤੇ ਲਾਇਸੈਂਸ ਪ੍ਰਾਪਤ ਕਰਦੇ ਰਹੋ ਅਕਾਦਮਿਕ ਸਿੱਖਿਆ ਜਿੰਨੀ ਉੱਚੀ ਤੁਸੀਂ ਮਰਜ਼ੀ ਪ੍ਰਾਪਤ ਕੀਤੀ ਹੋਵੇ ਪਰ ਸਮੁੰਦਰੀ ਜਹਾਜ਼ਾਂ ਵਿੱਚ ਕੈਡਿਟ ਸਿੱਪ ਤੋਂ ਹੀ ਨੌਕਰੀ ਸ਼ੁਰੂ ਹੁੰਦੀ ਹੈ ਕਪਤਾਨ ਬਣਨ ਲਈ ਤੁਹਾਨੂੰ ਡੈਕ ਕੈਡਿਟ ਜਾਣਾ ਪਵੇਗਾ ਪਹਿਲੇ ਕੁਝ ਮਹੀਨੇ ਵਿਦਿਆਰਥੀ ਦੇ ਰੂਪ ਵਿੱਚ ਕਪਤਾਨ ਤੇ ਚੀਫ ਆਫੀਸਰ ਨਾਲ ਰਹਿ ਕੇ ਕੰਮ ਸਿੱਖਣਾ ਪਵੇਗਾ ਸ਼ਰਤਾਂ ਪੂਰੀਆਂ ਹੋਣ ਤੇ ਕਿਸੇ ਵੀ ਦੇਸ਼ ਤੇ ਸ਼ਿਪਿੰਗ ਮਾਸਟਰ ਵਿਭਾਗ ਵਿੱਚ ਜਾ ਕੇ ਇੱਕ ਸਾਲ ਲਈ ਕਾਲਜ ਵਿੱਚ ਦਾਖਲਾ ਲੈ ਕੇ ਪ੍ਰੀਖਿਆ ਪਾਸ ਕਰਨੀ ਹੋਵੇਗੀ

ਫੇਰ ਛੋਟੇ ਅਫਸਰ ਤੋਂ ਲੈ ਕੇ ਆਪਣੇ ਕੰਮ ਦੀ ਯੋਗਤਾ ਨਾਲ ਕੈਡਿਟ ਕਪਤਾਨ ਦੇ ਅਹੁਦੇ ਤੱਕ ਪਹੁੰਚ ਜਾਂਦਾ ਹੈ ਇਹੋ ਕੁਝ ਇੰਜਨ ਵਿਭਾਗ ਵਿੱਚ ਹੈ ਕੈਡੇਟ ਵਿੱਚ ਜਾਓ ਇੰਜੀਨੀਅਰਾਂ ਨਾਲ ਡਿਊਟੀ ਕਰਦੇ ਹੋਏ ਕੰਮ ਸਿੱਖੋ ਸਾਰੀਆਂ ਸ਼ਰਤਾਂ ਨਾਲ ਸਹੀ ਕੰਮ ਕੀਤਾ ਹੋਇਆ ਤੁਹਾਨੂੰ ਚੀਫ ਇੰਜੀਨੀਅਰ ਦਾ ਅਹੁਦਾ ਪ੍ਰਦਾਨ ਕਰ ਦੇਵੇਗਾ ਗੈਲੀ ਚੀਫ ਕੁੱਕ ਜਿਸ ਦਾ ਮੁੱਖੀ ਹੁੰਦਾ ਹੈ ਸਾਰਿਆਂ ਲਈ ਤਿੰਨ ਸਮੇਂ ਦਾ ਖਾਣਾ ਬਣਾਉਣਾ ਹੁੰਦਾ ਹੈ ਜਿਸ ਦੇ ਸਹਿਯੋਗੀ ਕਰਮਚਾਰੀਆਂ ਦੀ ਗਿਣਤੀ ਅਨੁਸਾਰ ਮਿਲਦੇ ਹਨ

ਜ਼ਰੂਰੀ ਗੱਲਾਂ -1. ਸਮੁੰਦਰੀ ਜਹਾਜ਼ ਦੀਆਂ ਸਮਾਨ ਢੋਣ ਵਾਲੀਆਂ ਵੱਖ ਵੱਖ ਕਿਸਮਾਂ ਹੁੰਦੀਆਂ ਹਨ ਅਨਾਜ ਖੁੱਲ੍ਹਾ ਸਮਾਨ ਢੋਣ ਵਾਲਾ ਜਹਾਜ਼ ਜਿਸ ਨੂੰ ਵਰਕ ਕੈਰੀਅਰ ਕਿਹਾ ਜਾਂਦਾ ਹੈ 2.ਕੰਟੇਨਰ ਅੱਜ ਕੱਲ੍ਹ ਸੜਕਾਂ ਤੇ ਟਰੱਕਾਂ ਉੱਪਰ ਲੱਦੇ ਹੋਏ ਆਪਾਂ ਆਮ ਦੇਖਦੇ ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਅਲੱਗ ਅਲੱਗ ਸਾਮਾਨ ਭਰ ਕੇ ਕੰਟੇਨਰ ਲੱਦੇ ਜਾਂਦੇ ਹਨ 3.ਆਇਲ ਟੈਂਕਰ ਕੱਚਾ ਜਾਂ ਰਿਫੰਡ ਕੀਤਾ ਹੋਇਆ ਤੇਲ ਢੋਣ ਲਈ ਇਹ ਅਲੱਗ ਜਹਾਜ਼ ਹੁੰਦੇ ਹਨ 4.ਗੈਸ ਤੇ ਗੈਸ ਮੋਬਾਇਲ ਆਪਾਂ ਜੋ ਘਰ ਵਿੱਚ ਖਾਣਾ ਬਣਾਉਣ ਲਈ ਗੈਸ ਪਰਤਦੇ ਹਾਂ 5 ਰੀਫਰ ਸ਼ਿਪ ਜਿਵੇਂ ਆਪਣੇ ਘਰ ਵਿੱਚ ਫਰਿੱਜ ਹੁੰਦੇ ਹਨ ਜਿਸ ਵਿੱਚ ਸਬਜ਼ੀਆਂ ਅਤੇ ਮੀਟ ਵਗੈਰਾ ਢੋਇਆ ਜਾਂਦਾ ਹੈ ਇਹ ਜਹਾਜ਼ ਮੁੱਖ ਹਨ ਹੋਰ ਵੀ ਛੋਟੇ ਮੋਟੇ ਕਈ ਤਰ੍ਹਾਂ ਦੇ ਜਹਾਜ਼ ਹੁੰਦੇ ਹਨ ਸੀ ਮੈਂ ਆਪਣੀ ਯੋਗਤਾ ਪਿ੍ਤਪਾਲ ਅਨੁਸਾਰ ਕਿਸੇ ਵੀ ਜਹਾਜ਼ ਵਿੱਚ ਨੌਕਰੀ ਕਰ ਸਕਦਾ ਹੈ ਨੌਕਰੀ ਦੀ ਸੀਮਾ ਤੇ ਤਨਖਾਹ – ਛੇ ਮਹੀਨੇ ਤੋਂ ਲੈ ਕੇ ਨੌਂ ਮਹੀਨੇ ਤੱਕ ਕੰਪਨੀ ਨਾਲ ਕੀਤੇ ਸਮਝੌਤੇ ਅਨੁਸਾਰ ਨੌਕਰੀ ਕੀਤੀ ਜਾ ਸਕਦੀ ਹੈ

ਛੁੱਟੀ ਕੰਪਨੀ ਵੱਲੋਂ ਦੋ ਕੁ ਮਹੀਨੇ ਦੀ ਹੁੰਦੀ ਹੈ ਪਰ ਆਪਣੀ ਮਰਜ਼ੀ ਤੇ ਜ਼ਰੂਰਤ ਲਈ ਛੁੱਟੀ ਵੱਧ ਲਈ ਜਾ ਸਕਦੀ ਹੈ ਹਰ ਵਾਰ ਜਹਾਜ਼ ਵਿੱਚ ਜਾਣ ਤੋਂ ਪਹਿਲਾਂ ਪੂਰਾ ਮੈਡੀਕਲ ਤੇ ਜਿਸ ਦੇਸ਼ ਵਿੱਚ ਜਾਣਾ ਹੈ ਉਸ ਦਾ ਵੀਜ਼ਾ ਤੇ ਟਿਕਟ ਇਹ ਸਾਰਾ ਕੰਮ ਆਪਣੇ ਪੈਸੇ ਨਾਲ ਕੰਪਨੀ ਕਰਦੀ ਹੈ ਇਸ ਨੌਕਰੀ ਲਈ ਤੁਹਾਡਾ ਕੰਪਨੀ ਨਾਲ ਸਮਝੌਤਾ ਹੁੰਦਾ ਹੈ ਏਜੰਟਾਂ ਦੀ ਕੋਈ ਜ਼ਰੂਰਤ ਨਹੀਂ ਵਿਦੇਸ਼ੀ ਕੰਪਨੀਆਂ ਵਿੱਚ ਡਾਲਰਾਂ ਰਾਹੀਂ ਤਨਖਾਹ ਦਿੰਦੀਆਂ ਹਨ ਹਰ ਮਹੀਨੇ ਤਨਖਾਹ ਮਿਲਦੀ ਹੈ

ਤੁਸੀਂ ਪੈਸੇ ਦਾ ਕਿਵੇਂ ਇਸਤੇਮਾਲ ਕਰਨਾ ਹੈ ਤੁਹਾਡੀ ਮਰਜ਼ੀ ਹੈ ਬੈਂਕ ਜਾ ਕਿਤੇ ਪੈਸਾ ਭੇਜਣਾ ਹੈ ਇਹ ਕੰਮ ਕੰਪਨੀ ਦਾ ਹੈ ਤਨਖਾਹ ਤਕਰੀਬਨ ਹਰ ਸਾਲ ਵਧਦੀ ਰਹਿੰਦੀ ਹੈ ਅੱਜ ਦੇ ਸਮੇਂ ਵਿੱਚ ਵੇਖਿਆ ਜਾਵੇ ਕੈਡਿਟ ਤੇ ਆਮ ਕਰਮਚਾਰੀ ਨੂੰ ਘੱਟ ਤੋਂ ਘੱਟ ਸੱਤ ਕੁ ਸੌ ਡਾਲਰ ਹਰ ਮਹੀਨੇ ਮਿਲਦੀ ਹੈ ਤਰੱਕੀ ਕਰਦੇ ਹੋਏ ਦਸ ਹਜ਼ਾਰ ਡਾਲਰ ਤੱਕ ਪਹੁੰਚ ਜਾਂਦੀ ਹੈ ਖਾਸ ਗੱਲਾਂ – ਅੱਜ ਕੱਲ੍ਹ ਇਸ ਮਹਿਕਮੇ ਵਿੱਚ ਜ਼ਿਆਦਾ ਕਮਾਈ ਹੋਣ ਕਰਕੇ ਅਨੇਕਾਂ ਏਜੰਟ ਪੈਦਾ ਹੋਏ ਹਨ ਨਕਲੀ ਅਕਾਦਮੀਆਂ ਵੀ ਖੁੱਲ੍ਹੀਆਂ ਹੋਈਆਂ ਹਨ

ਜੋ ਧੋਖਾ ਕਰ ਰਹੀਆਂ ਹਨ ਡਾਇਰੈਕਟਰ ਜਨਰਲ ਸ਼ਿਪਿੰਗ ਦੀ ਵੈੱਬਸਾਈਟ ਤੁਹਾਡੇ ਲਈ ਹਰ ਜਾਣਕਾਰੀ ਦੇਣ ਲਈ ਹਾਜ਼ਰ ਹੈ ਉਸ ਨੂੰ ਪੜ੍ਹੋ ਰਿਟਾਇਰਡ ਹੋਣ ਦੀ ਸੀਮਾ ਬੇਸ਼ੱਕ 60 ਸਾਲ ਹੈ ਪਰ ਤੁਹਾਡੀ ਸਿਹਤ ਕਿਹੋ ਜਿਹੀ ਹੈ ਤੁਸੀਂ ਵੱਧ ਸੇਵਾ ਵੀ ਨਿਭਾ ਸਕਦੇ ਹੋ ਤਨਖਾਹ ਦੇ ਨਾਲ ਪੀ ਐਫ ਭਾਰਤ ਸਰਕਾਰ ਜਮ੍ਹਾਂ ਕਰਦੀ ਹੈ ਜੋ ਰਿਟਾਇਰਮੈਂਟ ਤੋਂ ਬਾਅਦ ਮਿਲਦੀ ਹੈ ਪੈਨਸ਼ਨ ਮਿਲਦੀ ਹੈ ਜਿਸ ਲਈ ਕੁਝ ਖਾਸ ਹਦਾਇਤਾਂ ਹਨ ਸਾਡੇ ਨੌਜਵਾਨ ਵਰਗ ਨੂੰ ਪੜ੍ਹਾਈ ਦੇ ਬਹਾਨੇ ਵਿਦੇਸ਼ਾਂ ਵਿੱਚ ਨਹੀਂ ਜਾਣਾ ਚਾਹੀਦਾ ਜਹਾਜ਼ ਵਿੱਚ ਨੌਕਰੀ ਕਰੋ ਹਰੇ ਨੋਟ ਕਮਾਓ ਪੂਰੀ ਦੁਨੀਆ ਦੀ ਸੈਰ ਕਰਦੇ ਹੋਏ ਆਪਣੇ ਪਰਿਵਾਰ ਵਿੱਚ ਆ ਕੇ ਜ਼ਿੰਦਗੀ ਦਾ ਆਨੰਦ ਮਾਣੋ –

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ -9914880392

Previous articleAssam flood situation worsens, 3.18 lakh people hit
Next articleਖੇਤੀ ਕਾਨੂੰਨਾਂ ਖ਼ਿਲਾਫ਼ ਸੁਪਰੀਮ ਕੋਰਟ ਜਾਵਾਂਗੇ: ਕੈਪਟਨ