ਮਮਤਾ ਵੱਲੋਂ ਸੰਵਿਧਾਨ ਬਚਾਉਣ ਦਾ ਹੋਕਾ

ਕੋਲਕਾਤਾ ਦੇ ਪੁਲੀਸ ਮੁਖੀ ਰਾਜੀਵ ਕੁਮਾਰ ਤੋਂ ਸੀਬੀਆਈ ਵੱਲੋਂ ਪੁੱਛ-ਗਿੱਛ ਕਰਨ ਦੀ ਕੋਸ਼ਿਸ਼ ਖ਼ਿਲਾਫ਼ ਪੱਛਮੀ ਬੰਗਾਲ ’ਚ ਛਿੜਿਆ ਸਿਆਸੀ ਸੰਗਰਾਮ ਹੁਣ ‘ਸੰਵਿਧਾਨ ਅਤੇ ਮੁਲਕ ਬਚਾਉ’ ਅੰਦੋਲਨ ’ਚ ਤਬਦੀਲ ਹੋ ਗਿਆ ਹੈ। ਸੀਬੀਆਈ ਖ਼ਿਲਾਫ਼ ਧਰਨੇ ’ਤੇ ਬੈਠਣ ਵਾਲੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਅਹਿਦ ਲਿਆ ਕਿ ਜਦੋਂ ਤਕ ‘ਸੰਵਿਧਾਨ ਅਤੇ ਮੁਲਕ’ ਨੂੰ ਉਹ ਬਚਾ ਨਹੀਂ ਲਏਗੀ, ਉਸ ਦਾ ਅੰਦੋਲਨ ਜਾਰੀ ਰਹੇਗਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਸਿੱਧਾ ਮੱਥਾ ਲਾ ਲਿਆ ਹੈ। ਉਨ੍ਹਾਂ ਕਿਹਾ ਕਿ ਧਰਨਾ ਸ਼ੁੱਕਰਵਾਰ ਤੱਕ ਜਾਰੀ ਰਹੇਗਾ। ਉਧਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੂਬੇ ਦੇ ਘਟਨਾਕ੍ਰਮ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਉਥੋਂ ਦੇ ਹਾਲਾਤ ‘ਸੰਵਿਧਾਨਕ ਪ੍ਰਬੰਧ ਦੇ ਭੰਗ ਹੋਣ’ ਵੱਲ ਇਸ਼ਾਰਾ ਕਰਦੇ ਹਨ।
ਪੱਛਮੀ ਬੰਗਾਲ ’ਚ ਛਿੜੇ ਸਿਆਸੀ ਸੰਗਰਾਮ ਦਾ ਅਸਰ ਦਿੱਲੀ ਅਤੇ ਹੋਰ ਕਈ ਸੂਬਿਆਂ ਦੀਆਂ ਰਾਜਧਾਨੀਆਂ ’ਚ ਵੀ ਦੇਖਣ ਨੂੰ ਮਿਲਿਆ। ਮਮਤਾ ਬੈਨਰਜੀ ਦੇ ਕਦਮ ਨੂੰ ਕਈ ਪਾਰਟੀਆਂ ਨੇ ਹਮਾਇਤ ਦਿੱਤੀ ਹੈ। ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਤੇਜ਼ਤਰਾਰ ਮੁਖੀ ਨੇ ਅੰਦੋਲਨ ਵਾਲੀ ਥਾਂ ’ਤੇ ਪੱਤਰਕਾਰਾਂ ਨੂੰ ਕਿਹਾ,‘‘ਇਹ ਸੱਤਿਆਗ੍ਰਹਿ ਹੈ ਅਤੇ ਮੈਂ ਉਸ ਸਮੇਂ ਤਕ ਇਸ ਨੂੰ ਜਾਰੀ ਰੱਖਾਂਗੀ ਜਦੋਂ ਤਕ ਮੁਲਕ ਅਤੇ ਸੰਵਿਧਾਨ ਬਚ ਨਹੀਂ ਜਾਂਦੇ।’’
ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੁਤਲੇ ਸਾੜੇ ਗਏ ਤਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ’ਚ ਪੱਛਮੀ ਬੰਗਾਲ ਦੀਆਂ ਘਟਨਾਵਾਂ ਨੂੰ ਮੰਦਭਾਗਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ‘ਸੰਵਿਧਾਨ ਭੰਗ ਕਰਨ’ ਵਰਗੇ ਸੰਕੇਤ ਹਨ। ਲੋਕ ਸਭਾ ’ਚ ਸ੍ਰੀ ਸਿੰਘ ਨੇ ਕਿਹਾ,‘‘ਸੰਵਿਧਾਨ ਤਹਿਤ ਕੇਂਦਰ ਸਰਕਾਰ ਕੋਲ ਮੁਲਕ ਦੇ ਕਿਸੇ ਵੀ ਹਿੱਸੇ ’ਚ ਸ਼ਾਂਤੀ ਕਾਇਮ ਕਰਨ ਦੇ ਅਧਿਕਾਰ ਹਨ। ਐਤਵਾਰ ਨੂੰ ਜੋ ਵੀ ਘਟਨਾਕ੍ਰਮ ਵਾਪਰਿਆ ਹੈ, ਉਹ ਸੰਵਿਧਾਨ ਭੰਗ ਹੋਣ ਵੱਲ ਇਸ਼ਾਰਾ ਕਰਦੇ ਹਨ।’’ ਜਿਵੇਂ ਹੀ ਸੂਬੇ ’ਚ ਸਿਆਸੀ ਪਾਰਾ ਚੜ੍ਹਿਆ ਤਾਂ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਅਤੇ ਹਮਾਇਤੀਆਂ ਨੇ ਪ੍ਰਦਰਸ਼ਨ ਕਰਦਿਆਂ ਰੇਲਾਂ ਰੋਕ ਦਿੱਤੀਆਂ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਸ਼ਾਂਤੀਪੂਰਬਕ ਪ੍ਰਦਰਸ਼ਨ ਚਾਹੁੰਦੇ ਹਨ ਅਤੇ ਕਿਸੇ ਦੇ ਵੀ ਪੁਤਲੇ ਨਾ ਸਾੜੇ ਜਾਣ। ਐਤਵਾਰ ਰਾਤ ਤੋਂ ਧਰਨੇ ’ਤੇ ਬੈਠੀ ਬੈਨਰਜੀ ਦੇ ਮੰਚ ’ਤੇ ‘ਸੰਵਿਧਾਨ, ਸੰਘੀ ਢਾਂਚੇ, ਪੁਲੀਸ ਫੋਰਸ, ਆਈਏਐਸ ਅਤੇ ਸਾਰੀਆਂ ਸਿਵਲ ਸੇਵਾਵਾਂ ਨੂੰ ਆਫ਼ਤ ਤੋਂ ਬਚਾਓ’ ਵਾਲਾ ਬੈਨਰ ਵੀ ਲੱਗਾ ਹੋਇਆ ਹੈ। ਜ਼ਿਕਰਯੋਗ ਹੈ ਕਿ ਸ਼ਾਰਦਾ ਅਤੇ ਰੋਜ਼ ਵੈੱਲੀ ਚਿੱਟ ਫੰਡ ਘੁਟਾਲੇ ਦੇ ਸਬੰਧ ’ਚ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਪੁੱਛ-ਗਿੱਛ ਕਰਨ ਲਈ ਸੀਬੀਆਈ ਕੋਲਕਾਤਾ ਗਈ ਸੀ ਪਰ ਪੁਲੀਸ, ਸੀਬੀਆਈ ਅਧਿਕਾਰੀਆਂ ਨੂੰ ਧੂਹ ਕੇ ਥਾਣੇ ਲੈ ਗਈ ਅਤੇ ਦੁਰਵਿਹਾਰ ਕੀਤਾ ਸੀ।

Previous articlePakistan following China to eradicate poverty: PM
Next articleDon’t heed ‘mad’ Trump, Maduro tells Italy, Europe