ਕੇਸਰੀ (ਪੱਛਮੀ ਬੰਗਾਲ) (ਸਮਾਜ ਵੀਕਲੀ): ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਜਿੱਤਣ ਬਾਅਦ ਦਿੱਲੀ ਵਿੱਚ ‘ਤਬਦੀਲੀ’ ਲਿਆਏਗੀ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਪੱਛਮੀ ਬੰਗਾਲ ਨੂੰ ਆਪਣੀ ਪੂਰੀ ਤਾਕਤ ਨਾਲ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਵਿਧਾਨ ਸਭਾ ਚੋਣਾਂ ਜਿੱਤਣ ਬਾਅਦ ਉਹ ਦਿੱਲੀ ਦਾ ਰੁਖ਼ ਕਰੇਗੀ। ਰਾਜਨੀਤਿਕ ਵਿਸ਼ਲੇਸ਼ਕ ਲੰਮੇ ਸਮੇਂ ਤੋਂ ਇਹ ਕਿਆਸ ਲਗਾ ਰਹੇ ਹਨ ਕਿ ਬੈਨਰਜੀ, ਜੋ ਪਹਿਲਾਂ ਕੇਂਦਰੀ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ, ਰਾਸ਼ਟਰੀ ਰਾਜਨੀਤੀ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਚਾਹਵਾਨ ਹਨ। ਭਾਜਪਾ ਨੂੰ ਡਰ ਹੈ ਕਿ ਜੇ ਅਸੀਂ ਪੱਛਮੀ ਬੰਗਾਲ ਵਿਚ ਜਿੱਤ ਪ੍ਰਾਪਤ ਕਰਦੇ ਹਾਂ, ਤਾਂ ਅਸੀਂ ਦਿੱਲੀ ਵਿਚ ਇਕ ਬਦਲ ਲੈ ਕੇ ਆਵਾਂਗੇ ਅਤੇ ਇਸੇ ਲਈ ਉਹ ਪੂਰੇ ਜ਼ੋਰ ਨਾਲ ਰਾਜ ਨੂੰ ਨਿਸ਼ਾਨਾ ਬਣਾ ਰਹੀ ਹੈ।’’ ਉਨ੍ਹਾਂ ਪੱਛਮੀ ਮੇਦਿਨੀਪੁਰ ਜ਼ਿਲ੍ਹੇ ਦੇ ਕਲਾਈਕੁੰਡਾ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਪ੍ਰਗਟਾਵਾ ਕੀਤਾ।
ਬੈਨਰਜੀ ਨੇ ਭਾਜਪਾ ਨੂੰ ਕਿਸਾਨ ਅਤੇ ਆਦਿਵਾਸੀ ਵਿਰੋਧੀ ਦੱਸਦਿਆਂ ਕਿਹਾ , ‘‘ਤਿ੍ਣਮੂਲ ਕਾਂਗਰਸ ਆਦਿਵਾਸੀਆਂ ਦੀ ਜ਼ਮੀਨ ਨਹੀਂ ਖੋਹੇਗੀ। ਅਸੀਂ ਉਨ੍ਹਾਂ ਨੂੰ ਇਸ ਦਾ ਪੱਟਾ ਦਿੱਤਾ ਹੈ। ਅਸੀਂ ਭਾਜਪਾ ਨੂੰ ਕਿਸਾਨ ਵਿਰੋਧੀ ਖੇਤੀ ਕਾਨੂੰਨ ਲਾਗੂ ਨਹੀਂ ਕਰਨ ਦੇਵਾਂਗੇ।’’ ਉਨ੍ਹਾਂ ਬੰਗਾਲ ਦੇ ਲੋਕਾਂ ਨੂੰ ਮਾਰਕਸਵਾਦੀ ਦੋਸਤਾਂ ਨੂੰ ਮਾਕਪਾ ਅਤੇ ਕਾਂਗਰਸ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਸਬੰਧ ਗਾਂਧੀ ਜੀ ਦੇ ਹੱਤਿਆਰਿਆਂ ਨਾਲ ਹੈ। ਉਨ੍ਹਾਂ ਨੂੰ ਵੋਟ ਨਾ ਪਾਈ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਮਾਰਕਸਵਾਦੀ ਕਿਮਿਊਨਿਸਟ ਪਾਰਟੀ ਹੁਣ ਭਾਜਪਾ ਦੀ ਮਦਦ ਕਰ ਰਹੀ ਹੈ।
ਉਨ੍ਹਾਂ ਕਿਹਾ , ‘‘ ਤਿ੍ਣਮੂਲ ਕਾਂਗਰਸ ਭਾਜਪਾ ਖਿਲਾਫ਼ ਆਪਣੀ ਲੜਾਈ ਜਾਰੀ ਰੱਖੇਗੀ।’’ ਉਨ੍ਹਾਂ ਕੇਂਦਰ ਵਿਚਲੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਕਰੋੜਾਂ ਦੀ ਲੁੱਟ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਹ ਆਪਣੇ ਵਿਰੋਧੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਰਹੀ ਹੈ। ਉਨ੍ਹਾਂ ਸਵਾਲ ਕੀਤਾ, ‘‘ ਮੈਨੂੰ ਦੱਸੋ ਕਿ ਪੀਐਮ ਕੇਅਰ ਫੰਡ ਦਾ ਕੀ ਹੋਇਆ। ਉਜਵਲਾ ਯੋਜਨਾ ਦਾ ਕੀ ਹੋਇਆ। ਉਨ੍ਹਾਂ ਕਿਹਾ, ‘ਪੀਐਸਯੂ ਨੂੰ ਵੇਚ ਕੇ ਅਤੇ ਉਨ੍ਹਾਂ ਨੂੰ ਬੰਦ ਕਰ ਕੇ ਕਿੰਨਾ ਪੈਸਾ ਬਣਾਇਆ ਜਾ ਰਿਹਾ ਹੈ? ਆਡਿਟ ਨਹੀਂ ਹੈ। ਉਸ ਵੱਡੀ ਰਕਮ ਦਾ ਕੋਈ ਹਿਸਾਬ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਤਿ੍ਣਮੂਲ ਬੰਗਾਲ ਵਿੱਚ ਐਨਪੀਆਰ ਲਾਗੂ ਨਹੀਂ ਹੋਣ ਦੇਵੇਗੀ। ਉਨ੍ਹਾਂ ਭਾਜਪਾ ਨੂੰ ‘ਦੰਗਾਈਆਂ ਦੀ ਪਾਰਟੀ’ ਦੱਸਦਿਆਂ ਕਿਹਾ, ‘‘ਅਸੀਂ ਹਿੰਸਾ ਨਹੀਂ ਚਾਹੁੰਦੇ, ਅਸੀਂ ਖੂਨ ਖਰਾਬਾ ਨਹੀਂ ਚਾਹੁੰਦੇ ਅਤੇ ਅਸੀਂ ਬੰਗਾਲ ਵਿੱਚ ਬਦਲੇ ਦੀ ਰਾਜਨੀਤੀ ਨਹੀਂ ਚਾਹੁੰਦੇ।’’