ਮਮਤਾ ਨਾਲ ਮੀਟਿੰਗ ਮਗਰੋਂ ਡਾਕਟਰਾਂ ਦੀ ਹੜਤਾਲ ਖ਼ਤਮ

ਪੱਛਮੀ ਬੰਗਾਲ ਵਿਚ ਜੂਨੀਅਰ ਡਾਕਟਰਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਬੈਠਕ ਤੋਂ ਬਾਅਦ ਹਫ਼ਤਾ ਭਰ ਚੱਲੀ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਬੈਨਰਜੀ ਨੇ ਪੁਲੀਸ ਨੂੰ ਹੁਕਮ ਦਿੱਤੇ ਕਿ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਨੋਡਲ ਅਫ਼ਸਰਾਂ ਦੀ ਨਿਯੁਕਤੀ ਕੀਤੀ ਜਾਵੇ। ਸੂਬਾ ਸਕੱਤਰੇਤ ਵਿਚ ਹੋਈ ਮੀਟਿੰਗ ਮੌਕੇ ਡਾਕਟਰਾਂ ਦੇ ਵਫ਼ਦ ਨੇ ਬੈਨਰਜੀ ਨੂੰ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿਚ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਡਾਕਟਰਾਂ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਬਾਰੇ ਫ਼ਿਕਰਮੰਦ ਹਨ। ਇਸ ਮੀਟਿੰਗ ਵਿਚ 31 ਜੂਨੀਅਰ ਡਾਕਟਰਾਂ ਤੋਂ ਇਲਾਵਾ ਸੂਬੇ ਦੀ ਸਿਹਤ ਸਕੱਤਰ ਚੰਦਰਿਮਾ ਭੱਟਾਚਾਰੀਆ ਤੇ ਹੋਰ ਅਧਿਕਾਰੀ ਹਾਜ਼ਰ ਸਨ। ਪ੍ਰਦਰਸ਼ਨਕਾਰੀਆਂ ਦੀ ਇਹ ਮੰਗ ਕਿ ਮੀਟਿੰਗ ਮੀਡੀਆ ਦੀ ਹਾਜ਼ਰੀ ਵਿਚ ਕੀਤੀ ਜਾਵੇ, ਨੂੰ ਰਾਜ ਸਰਕਾਰ ਨੇ ਪ੍ਰਵਾਨ ਕਰ ਲਿਆ ਸੀ ਪਰ ਸਿਰਫ਼ ਦੋ ਖੇਤਰੀ ਨਿਊਜ਼ ਚੈਨਲਾਂ ਨੂੰ ਹੀ ਮੀਟਿੰਗ ਦੀ ਕਵਰੇਜ ਦੀ ਇਜਾਜ਼ਤ ਦਿੱਤੀ ਗਈ। ਮੁੱਖ ਮੰਤਰੀ ਨੇ ਹੜਤਾਲੀ ਡਾਕਟਰਾਂ ਨੂੰ ਦੱਸਿਆ ਕਿ ਕਿਸੇ ਵਿਰੁੱਧ ਵੀ ਸਰਕਾਰ ਨੇ ਕੇਸ ਦਰਜ ਨਹੀਂ ਕੀਤਾ ਹੈ। ਜੂਨੀਅਰ ਡਾਕਟਰਾਂ ਦੀ ਸਾਂਝੀ ਫੋਰਮ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਐਨਆਰਐੱਸ ਮੈਡੀਕਲ ਕਾਲਜ ਤੇ ਹਸਪਤਾਲ ਵਿਚ 11 ਜੂਨ ਨੂੰ ਡਾਕਟਰਾਂ ’ਤੇ ਹੋਏ ਹਮਲੇ ਦੇ ਜ਼ਿੰਮੇਵਾਰਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ। ਬੈਨਰਜੀ ਨੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਜੂਨੀਅਰ ਡਾਕਟਰਾਂ ਦੀਆਂ ਸ਼ਿਕਾਇਤ ਦੇ ਹੱਲ ਸਬੰਧੀ ਇਕਾਈਆਂ ਗਠਨ ਕਰਨ ਦਾ ਵੀ ਹੁਕਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਨਆਰਐੱਸ ਵਿਚ ਹੋਈ ਘਟਨਾ ਵਿਚ ਸ਼ਾਮਲ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Previous articleਦਿੱਲੀ ਪੁਲੀਸ ਵੱਲੋਂ ਦੋਹਾਂ ਧਿਰਾਂ ਖ਼ਿਲਾਫ਼ ਕੇਸ ਦਰਜ
Next articleਸਾਕਿਬ ਦੇ ਸੈਂਕੜੇ ਨਾਲ ਬੰਗਲਾਦੇਸ਼ ਜੇਤੂ