ਮਮਤਾ ਦੀਦੀ ਤੋਹਫ਼ੇ ਵਜੋਂ ਭੇਜਦੀ ਹੈ ਮਠਿਆਈ ਤੇ ਕੁੜਤੇ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਭਿਨੇਤਾ ਅਕਸ਼ੈ ਕੁਮਾਰ ਨੂੰ ਦਿੱਤੀ ਇੱਕ ਗੈਰਰਾਜਸੀ ਇੰਟਰਵਿਊ ਵਿੱਚ ਪ੍ਰਗਟਾਵਾ ਕੀਤਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜੋ ਉਸ ਵਿਰੁੱਧ ਸਭ ਤੋਂ ਤਿੱਖੇ ਬਿਆਨ ਦੇਣ ਲਈ ਜਾਣੀ ਜਾਂਦੀ ਹੈ, ਉਨ੍ਹਾਂ ਨੂੰ ਹਰ ਸਾਲ ਮਠਿਆਈ ਅਤੇ ਕੁੜਤੇ ਤੋਹਫ਼ੇ ਵਜੋਂ ਭੇਜਦੀ ਹੈ। ਮੋਦੀ ਨੇ ਕਿਹਾ, ‘ਸ਼ਾਇਦ ਤੁਹਾਨੂੰ ਹੈਰਾਨੀ ਹੋਵੇ ਅਤੇ ਸ਼ਾਇਦ ਇਸ ਗੱੱਲ ਨਾਲ ਮੇਰਾ ਰਾਜਸੀ ਨੁਕਸਾਨ ਵੀ ਹੋ ਜਾਵੇ ਪਰ ਮਮਤਾ ਦੀਦੀ ਅੱਜ ਵੀ ਸਾਲ ਵਿੱਚ ਮੈਨੂੰ ਇੱਕ ਦੋ ਕੁੜਤੇ ਦੇ ਜਾਂਦੀ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਨਾਲ ਵੀ ਬੰਗਾਲੀ ਮਠਿਆਈਆਂ ਦੀ ਚਰਚਾ ਹੋਈ ਸੀ ਤਾਂ ਅੱਜ ਵੀ ਉਹ ਉਨ੍ਹਾਂ ਨੂੰ ਢਾਕਾ ਤੋਂ ਮਠਿਆਈਆਂ ਭੇਜ ਦਿੰਦੇ ਹਨ। ਮਮਤਾ ਦੀਦੀ ਨੂੰ ਪਤਾ ਲੱਗਿਆ ਤਾਂ ਉਹ ਵੀ ਸਾਲ ਵਿੱਚ ਇੱਕ ਜਾਂ ਦੋ ਵਾਰ ਮਠਿਆਈ ਭੇਜ ਦਿੰਦੀ ਹੈ।’ ਆਪਣੀ 7 ਲੋਕ ਕਲਿਆਣ ਮਾਰਗ ਰਿਹਾਇਸ਼ ਉੱਤੇ ਇਸ ਮਿਲਣੀ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਜੀਵਨ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਤਾਂ ਅਜਿਹਾ ਹੈ ਕਿ ਜੇ ਉਨ੍ਹਾਂ ਨੂੰ ਨੌਕਰੀ ਲੱਗ ਜਾਵੇ ਤਾਂ ਮਾਂ ਗਵਾਂਢੀਆਂ ਨੂੰ ਗੁੜ ਵੰਡ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਸਮਾਂ ਅਜਿਹਾ ਸੀ ਕਿ ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ ਜਾਂ ਫਿਰ ਸੰਨਿਆਸੀ ਬਣਨਾ ਚਾਹੁੰਦੇ ਸਨ। ਅਕਸ਼ੈ ਕੁਮਾਰ ਨੇ ਇਸ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਦੇ ਰੋਜ਼ਾਨਾਂ ਰੁਝੇਵਿਆਂ ਬਾਰੇ, ਜ਼ਿੰਮੇਵਾਰੀਆਂ ਬਾਰੇ ਚਰਚਾ ਕੀਤੀ। ਚੋਣਾਂ ਦੇ ਤੀਜੇ ਗੇੜ ਦੀ ਸਮਾਪਤੀ ਬਾਅਦ ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਦੇ ਨਾਲ ਇੱਕ ਗੈਰਰਾਜਸੀ ਗੱਲਬਾਤ ਕਰ ਰਹੇ ਹਨ।

Previous articleਵੱਡੀ ਸਾਜ਼ਿਸ਼ ਦਾ ਪਤਾ ਲਾਉਣ ਲਈ ਜੜ੍ਹ ਤਕ ਜਾਵਾਂਗੇ: ਸੁਪਰੀਮ ਕੋਰਟ
Next articleਕੇਵਲ ਢਿੱਲੋਂ ਤੇ ਸਦੀਕ ਸਣੇ 32 ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ