(ਸਮਾਜ ਵੀਕਲੀ)
21ਵੀਂ ਸਦੀ ਦੇ ਮਨੁੱਖ ਨੂੰ ਸੰਸਕ੍ਰਿਤੀ ਤੱਕ ਪਹੁੰਚਣ ਲਈ ਲੱਖਾਂ ਸਾਲਾਂ ਦਾ ਸਫ਼ਰ ਤੈਅ ਕਰਨਾ ਪਿਆ। ਇਹ ਸਫ਼ਰ ਬਹੁਤ ਸਾਰੀਆਂ ਅਸਿਹ ਮੁਸ਼ਕਲਾਂ ਨੂੰ ਲਿਤਾੜਦਿਆਂ ਹੋਇਆ, ਉਹਨਾਂ ‘ਤੇ ਫਤਿਹ ਪਾ ਕੇ ਮੁਕੰਮਲ ਹੋਇਆ ਹੈ। ਅੱਜ ਦਾ ਮਨੁੱਖ ਸਿਵਾਏ ਪਰਮਾਤਮਾ ਦੇ ਹਰ ਚੀਜ਼ ਦੀ ਰਚਨਾ ਕਰਨ ਦੇ ਸਮਰੱਥ ਹੋ ਗਿਆ ਹੈ। ਕੋਈ ਵੀ ਸ਼ੈਅ ਮਨੁੱਖ ਤੋਂ ਪਰ੍ਹੇ ਨਹੀਂ ਹੈ। ਮਨੁੱਖ ਨੇ ਖੰਡਾਂ, ਬ੍ਰਹਿਮੰਡਾਂ, ਅਕਾਸ਼, ਪਤਾਲ ਤੱਕ ਆਪਣੀ ਦਸਤਕ ਦੇ ਦਿੱਤੀ ਹੈ। ਪੰਜਾਂ ਤੱਤਾਂ ਦਾ ਖੋਜੀ ਅੱਜ ਅਸੀਮਤ ਤੱਤਾਂ ਦਾ ਮਾਲਕ ਬਣ ਗਿਆ ਹੈ। ਮਨੁੱਖ ਨੇ ਸਾਰੀ ਕਾਇਨਾਤ ਨੂੰ ਆਪਣੀ ਮੁੱਠੀ ਵਿੱਚ ਕੈਦ ਕਰ ਲਿਆ ਹੈ। ਇੱਕ ਛੋਟੇ ਜਿਹੇ ਯੰਤਰ ਨਾਲ ਉਹ ਦੁਨੀਆਂ ਨੂੰ ਘੁਮਾਉਣ ਦੀ ਤਾਕਤ ਰੱਖਦਾ ਹੈ। ਆਪਣੀ ਉਂਗਲੀ ਦੀ ਮਾਮੂਲੀ ਜਿਹੀ ਛੋਹ ਨਾਲ ਆਲੇ-ਦੁਆਲੇ ਨੂੰ ਬਦਲਣ ਦੀ ਸਮਰੱਥਾ ਵੀ ਰੱਖਦਾ ਹੈ।
ਅੱਜ ਦੁਨੀਆਂ ਦੀ ਕੋਈ ਅਜਿਹੀ ਸੁੱਖ-ਸਹੂਲਤ ਨਹੀਂ ਹੈ ਜੋ ਧਨਵਾਨ, ਬੁੱਧੀਮਾਨ ਵਿਅਕਤੀ ਤੱਕ ਨਹੀਂ ਪਹੁੰਚੀ । ਗੱਲ ਕੀ ਤਨ, ਮਨ, ਧਨ ਨਾਲ ਸਬੰਧਤ ਹਰ ਸੁਵਿਧਾ ਮਨੁੱਖ ਦੇ ਪੈਰਾਂ ਵਿੱਚ ਹੈ। ਮਨੁੱਖ ਨੇ ਪਰਮਾਣੂ ਤੋਂ ਲੈ ਕੇ ਹਰ ਉਸ ਵਸਤੂ ਤੱਕ ਪਹੁੰਚ ਕਰ ਲਈ ਹੈ ਜਿਸ ਬਾਰੇ ਵੀਹ-ਪੱਚੀ ਸਾਲ ਪਹਿਲਾਂ ਸੋਚਿਆ ਵੀ ਨਹੀਂ ਗਿਆ ਸੀ। ਸੋਚਣਾ ਤਾਂ ਦੂਰ ਕਲਪਨਾ ਤੋਂ ਵੀ ਬਾਹਰ ਸੀ। ਪਿਛਲੇ ਵੀਹ-ਪੱਚੀ ਸਾਲਾਂ ਵਿੱਚ ਆਲਾ-ਦੁਆਲਾ, ਸਮਾਜ ਅਤੇ ਦੁਨੀਆਂ ਇੰਨੀ ਤੇਜੀ ਨਾਲ ਬਦਲ ਗਈ ਹੈ ਕਿ ਇਸ ਤੋਂ ਅੱਗੇ ਸੋਚ ਕੇ ਸਿਰ ਚਕਰਾਉਣਾ ਸ਼ੁਰੂ ਹੋ ਜਾਂਦਾ ਹੈ।
ਇਤਿਹਾਸ ਤੇ ਨਜਰ ਮਾਰੀਏ ਤਾਂ ਇਹੋ ਹੀ ਮਹਿਸੂਸ ਹੁੰਦਾ ਹੈ ਕਿ ਮਨੁੱਖੀ ਯਾਤਰਾ ਜਿੱਥੋਂ ਸ਼ੁਰੂ ਹੋਈ ਸੀ ਉਸ ਵੱਲ ਹੀ ਅਸੀਮਤ ਗਤੀ ਨਾਲ ਵੱਧਣ ਲੱਗ ਪਈ ਹੈ। ਮਨੁੱਖੀ ਯਾਤਰਾ ਨੇ ਸੂਖਮ ਤੋਂ ਸਥੂਲ ਤੱਕ ਆਪਣਾ ਪੈਂਡਾ ਮੁਕਾ ਲਿਆ ਹੈ ਅਤੇ ਸਥੂਲ ਤੋਂ ਸੂਖਮ ਤੱਕ ਤੈਅ ਕਰਨਾ ਅਜੇ ਬਾਕੀ ਹੈ। ਅਰਥਾਤ ਜਿਸ ਤਰ੍ਹਾਂ ਕੋਈ ਸੱਭਿਅਤਾ ਜਦੋਂ ਆਪਣੀ ਚਰਮ ਸੀਮਾ ‘ਤੇ ਪਹੁੰਚ ਜਾਂਦੀ ਹੈ , ਤਾਂ ਫਿਰ ਹੌਲੀ-ਹੌਲੀ ਉਸ ਵਿੱਚ ਨਿਘਾਰ ਆਉਣ ਲੱਗ ਜਾਂਦਾ ਹੈ ; ਅਖੀਰ ਦਮ ਤੋੜ ਦਿੰਦੀ ਹੈ ਅਤੇ ਇਤਿਹਾਸ ਜਾਂ ਮਿਥਿਹਾਸ ਦੇ ਪੰਨਿਆਂ ਵਿੱਚ ਗੁਆਚ ਜਾਂਦੀ ਹੈ। ਫਿਰ ਸ਼ੁਰੂਆਤ ਹੁੰਦੀ ਹੈ ਇੱਕ ਨਵੀਂ ਸੱਭਿਅਤਾ ਦੀ , ਨਵੇਂ ਯੁੱਗ ਦੀ।
ਮਨੁੱਖ ਆਦਿ ਮਾਨਵ ਤੋਂ ਹੁੰਦਾ ਹੋਇਆ ਪੱਥਰ-ਯੁੱਗ, ਨਵੀਨ ਪੱਥਰ-ਯੁੱਗ, ਧਾਤੂ-ਯੁੱਗ, ਲੋਹਾ-ਯੁੱਗ, ਉਦਯੋਗਿਕ-ਯੁੱਗ, ਪਰਮਾਣੂ-ਯੁੱਗ ਅਤੇ ਨੈਨੋ ਤਕਨਾਲੋਜੀ ਤੱਕ ਪਹੁੰਚ ਗਿਆ ਹੈ। ਹਰ ਯੁੱਗ ਵਿੱਚ ਇਸ ਦਾ ਜੀਵਨ ਵੱਖਰੀ ਤਰ੍ਹਾਂ ਦਾ ਰਿਹਾ। ਜੇ ਧਾਰਮਿਕ ਪੱਖ ਤੋਂ ਵੇਖਿਆ ਜਾਵੇ ਤਾਂ ਇਹ ਯਾਤਰਾ ਸਤਿਯੁੱਗ, ਤ੍ਰੇਤਾ, ਦਵਾਪਰ ਤੋਂ ਬਾਅਦ ਕਲਯੁੱਗ ਤੱਕ ਹੈ। ਕਲਯੁੱਗ ਤੋਂ ਬਾਅਦ ਘੋਰ-ਕਲਯੁੱਗ ਚਲ ਰਿਹਾ ਹੈ ਅਤੇ ਇਸ ਤੋਂ ਬਾਅਦ ਵਿਨਾਸ਼ ਹੈ। ਇਸ ਤੋਂ ਅੱਗੇ ਸਾਨੂੰ ਨਹੀਂ ਪਤਾ ਕੀ ਹੈ ਜਾਂ ਹੋਵੇਗਾ ਜਾਂ ਇਹ ਦੁਨੀਆਂ ਕਿੰਨੀ ਵਾਰ ਬਣੀ ਹੈ ਅਤੇ ਕਿੰਨੀ ਵਾਰ ਨਸ਼ਟ ਹੋਈ ਹੈ।
ਪੁਰਾਤੱਤਵ ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮਨੁੱਖ ਕਿਸ ਹੱਦ ਤੱਕ ਜੰਗਲੀ ਅਤੇ ਘੁਮੱਕੜ ਸੀ, ਕਿਸ ਤਰ੍ਹਾਂ ਉਹ ਕੰਦ-ਮੂਲ, ਜਾਨਵਰ ਵਗੈਰਾ ਖਾ ਕੇ ਆਪਣੇ ਪੇਟ ਦੀ ਭੁੱਖ ਮਿਟਾਉਂਦਾ ਸੀ। ਅੱਗ ਦੀ ਖੋਜ ਤੋਂ ਬਾਅਦ ਇਸ ਨੇ ਭੋਜਣ ਪਕਾ ਕੇ ਖਾਣਾ ਸ਼ੁਰੂ ਕੀਤਾ ਅਤੇ ਜੰਗਲੀ ਜਾਨਵਰਾਂ ਤੋਂ ਆਪਣੀ ਰੱਖਿਆ ਕੀਤੀ। ਉਸ ਤੋਂ ਬਾਅਦ ਜਦੋਂ ਇਸ ਨੂੰ ਖੇਤੀ ਦੀ ਖੋਜ ਦਾ ਪਤਾ ਲੱਗਾ ਤਾਂ ਪਰਿਵਾਰਿਕ ਇਕਾਈ ਹੋਂਦ ਵਿੱਚ ਆਈ। ਮਨੁੱਖੀ ਜੀਵਨ ਸਥਿਰਤਾ ਵੱਲ ਵੱਧਣਾ ਸ਼ੁਰੂ ਹੋ ਗਿਆ। ਪਰਿਵਾਰ ਤੋਂ ਸਮਾਜਿਕ ਜੀਵਨ ਦੀ ਸ਼ੁਰੂਆਤ ਹੋਈ। ਸਮਾਜ ਨਾਰੀ-ਸੱਤਾਤਮਕ ਸੀ। ਭਾਵ ਜਨਮ-ਦਾਤੀ ਹੋਣ ਕਰਕੇ ਸਮਾਜ ਨਾਰੀ ਪ੍ਰਧਾਨ ਸੀ। ਜਨਸੰਖਿਆ ਵਾਧਾ ਬਹੁਤ ਨਾਂਮਾਤਰ ਸੀ, ਕਿਉਂਕਿ ਮਨੁੱਖੀ ਮਨ ਵਿਕਾਰਾਂ ਤੋਂ ਰਹਿਤ ਪ੍ਰਮਾਤਮਾ ਦੀ ਸਿਰਜੀ ਸ੍ਰਿਸ਼ਟੀ ਵਿੱਚ ਇੱਕ ਜੀਵ ਦੀ ਭਾਂਤ ਉਸ ਦੇ ਹੁਕਮ ਵਿੱਚ ਜੀਵਨ ਬਿਤਾ ਰਿਹਾ ਸੀ।
ਧਾਤੂ-ਯੁੱਗ ਤੋਂ ਲੋਹਾ-ਯੁੱਗ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਕੋਈ 1000 ਈਸਵੀ ਪੂਰਵ ਤੱਕ ਮਨੁੱਖੀ-ਜੀਵਨ ਵਿੱਚ ਪ੍ਰਗਤੀ ਦੀ ਰਫਤਾਰ ਤੇਜ਼ ਹੋਣੀ ਸ਼ੁਰੂ ਹੋ ਗਈ। ਜਨਸੰਖਿਆ ਵਿੱਚ ਵਾਧਾ ਹੋਣਾ ਸ਼ੁਰੂ ਹੋ, ਪਰ ਅਜੇ ਵੀ ਸੈਂਕੜੇ ਸਦੀਆਂ ਲਈ ਸਾਧਨ ਸਮਰੱਥ ਸਨ। ਸਮਾਜ ਪੁਰਸ਼ ਪ੍ਰਧਾਨ ਹੋਣ ਲੱਗ ਪਿਆ, ਕਿਉਂਕਿ ਲੋਹੇ ਦੀ ਖੋਜ ਨਾਲ ਕ੍ਰਾਂਤੀਕਾਰੀ ਪਰਿਵਰਤਨ ਹੋਣੇ ਸ਼ੁਰੂ ਹੋ ਗਏ। ਕਬਜੇ ਦੀ ਪ੍ਰਵਿਰਤੀ ਵਿੱਚ ਵਾਧਾ ਹੋਇਆ। ਸਮਾਜ ਯੁੱਧਾਂ ਵੱਲ ਪ੍ਰੇਰਿਤ ਹੋ ਕੇ ਆਪਣਾ ਰਕਬਾ ਵਧਾਉਣ ਲੱਗਾ, ਭਾਂਵੇ ਲਿਖਤ-ਪੜਤ ਦੀ ਪਿਰਤ ਅਜੇ ਨਹੀਂ ਪਈ ਸੀ।
ਹੁਣ ਤੱਕ ਮਨੁੱਖ ਵਧੀਆ ਸਮਾਜ ਸਿਰਜਣ ਦੇ ਸਮਰੱਥ ਹੋ ਚੁੱਕਾ ਸੀ। ਉਸ ਨੂੰ ਆਪਣੇ ਚੰਗੇ ਮਾੜੇ ਦੀ ਪਹਿਚਾਣ ਹੋ ਗਈ। ਧਨ ਉਪਯੋਗ ਵਿੱਚ ਆ ਗਿਆ। ਲਿਖਤੀ ਭਾਸ਼ਾ ਦਾ ਵਿਕਾਸ ਹੋਇਆ। ਸਮਾਜ ਵਿੱਚ ਕਈ ਧਰਮਾਂ ਦਾ ਫੈਲਾਅ ਹੋਣ ਲੱਗਾ । ਮਨੁੱਖ ਦੇ ਖਾਣ-ਪੀਣ, ਪਹਿਨਣ-ਪਚਰਣ ਵਿੱਚ ਨਿਖਾਰ ਆਉਣ ਲੱਗਾ। ਸਮਾਜ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ।
18ਵੀਂ ਸਦੀ ਵਿੱਚ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਤਾਂ ਸੰਸਾਰ ਪੂਰੀ ਤਰ੍ਹਾਂ ਹੀ ਬਦਲ ਗਿਆ। ਕਬਜੇ ਦੀ ਪ੍ਰਵਿਰਤੀ ਮਨੁੱਖ ‘ਤੇ ਇਸ ਕਦਰ ਭਾਰੀ ਹੋ ਗਈ ਕਿ ਆਪਣੇ ਨਿੱਜੀ ਸੁਆਰਥ ਤੋਂ ਅੱਗੇ ਇਸ ਨੂੰ ਦਿਸਣਾ ਹੀ ਬੰਦ ਹੋ ਗਿਆ। ਯੂਰਪੀ ਸੰਸਾਰ ਬਸਤੀਵਾਦ ਦੇ ਚੱਕਰ ਵਿੱਚ ਪੈ ਗਿਆ। ਕਮਜੋਰ ਅਤੇ ਗਰੀਬ ਦੇਸ਼ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੇ ਗਏ। ਸੰਸਾਰ ਨੂੰ ਦੋ ਵਿਸ਼ਵ-ਯੁੱਧਾਂ ਦਾ ਸਾਹਮਣਾ ਕਰਨਾ ਪਿਆ। ਮਨੁੱਖ ਅਤੇ ਮਨੁੱਖਤਾ ਦਾ ਘਾਣ ਹੋਇਆ।
ਆਪਣੇ-ਆਪਣੇ ਬਚਾਅ ਦੀ ਦਲਦਲ ਵਿੱਚ ਮਨੁੱਖ ਧੱਸਣਾ ਸ਼ੁਰੂ ਹੋ ਗਿਆ। ਵਿਗਿਆਨਕ ਉੱਨਤੀ ਕਰਕੇ ਮਰਨ-ਦਰ ਘੱਟ ਗਈ ਅਤੇ ਜਨਮ-ਦਰ ਵਿੱਚ ਅਸੀਮਤ ਵਾਧਾ ਹੋਇਆ। ਨਤੀਜੇ ਵਜੋਂ ਸਾਧਨਾਂ ਅਤੇ ਰੁਜ਼ਗਾਰ ਦੀ ਘਾਟ ਵਿੱਚ ਦਿਨੋ-ਦਿਨ ਵਾਧਾ ਹੋਈ ਜਾ ਰਿਹਾ ਹੈ। ਭੁੱਖਮਰੀ, ਭਰਿਸ਼ਟਾਚਾਰ, ਦਹਿਸ਼ਤਗਰਦੀ, ਲਾਲਚ ਇਸ ਹੱਦ ਤੱਕ ਵੱਧ ਗਿਆ ਹੈ ਕਿ ਮਾਨਵਤਾ ਨਿਘਾਰ ਵੱਲ ਅਸੀਮਤ, ਅਰੋਕ ਗਤੀ ਨਾਲ ਵੱਧ ਰਹੀ ਹੈ। ਕਦਰਾਂ ਕੀਮਤਾਂ, ਨਸ਼ਟ ਹੋਣ ਦੀ ਚਰਮ ਸੀਮਾ ‘ਤੇ ਪਹੁੰਚ ਗਈਆਂ ਹਨ । ਮਨੁੱਖੀ ਤਨ-ਮਨ ਨਿਰਾਸ਼ਾ ਦੀ ਘੁੰਮਣਘੇਰੀ ਵਿੱਚ ਉਲਝ ਗਿਆ ਹੈ। ਨੈਨੋ ਤਕਨਾਲੋਜੀ ਨੇ ਸਾਖਰ ਮਨੁੱਖ ਨੂੰ ਅੰਗੂਠਾ-ਛਾਪ ਬਣਾ ਦਿੱਤਾ ਹੈ। ਮਨੁੱਖ ਇੱਕ ਛੋਟੇ ਜਿਹੇ ਯੰਤਰ ਮੋਬਾਈਲ ਦਾ ਗੁਲਾਮ ਬਣ ਗਿਆ ਹੈ। ਇਸ ਤੋਂ ਅੱਗੇ ਅਤੇ ਇਸ ਤੋਂ ਬਿਨਾਂ ਉਸ ਨੂੰ ਕੁਝ ਦਿਖਾਈ ਹੀ ਨਹੀਂ ਦਿੰਦਾ।
ਜਨਸੰਖਿਆ ਧਮਾਕਾ ਹੋ ਚੁੱਕਾ ਹੈ। ਰਿਸ਼ਤੇ-ਨਾਤਿਆਂ ਦਾ ਘਾਣ ਹੋ ਗਿਆ ਹੈ। ਮਨੁੱਖ ਆਦਿ-ਮਨੁੱਖ ਦੀ ਤਰ੍ਹਾਂ ਅਸੱਭਿਅਕ ਹੋ ਰਿਹਾ ਹੈ, ਜੋ ਸਿਰਫ ਤੇ ਸਿਰਫ ਭੋਜਨ ਤੋਂ ਬਿਨਾਂ ਕੁਝ ਨਹੀਂ ਸੋਚਦਾ ਸੀ। ਲਿਵਿੰਗ-ਰਿਲੇਸ਼ਨਸ਼ਿਪ ਸਮਾਜ ਦੀ ਮੁੱਢਲੀ ਇਕਾਈ ਪਰਿਵਾਰ ਨੂੰ ਖਤਮ ਕਰੀ ਜਾ ਰਿਹਾ ਹੈ। ਅੱਜ ਦਾ ਮਨੁੱਖ ਵੀ ਨਿੱਜਤਾ ਵੱਲ ਪ੍ਰੇਰਿਤ ਹੋ ਕੇ ਰਹਿ ਗਿਆ ਹੈ। ਰੱਬ ਹੀ ਜਾਣਦਾ ਹੈ ਕਿ ਉਸਦੀ ਨਿੱਜਤਾ ਹੋਰ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਮੁੱਕੇਗੀ। ਜੇ ਅਜੇ ਵੀ ਨਾ ਸੰਭਲਿਆ ਤਾਂ ਇਕੱਲਾਪਨ ਮਨੁੱਖ ਨੂੰ ਇਕੱਲਾ ਕਰ ਦੇਵੇਗਾ। ਇਹ ਮਨੁੱਖੀ ਯਾਤਰਾ ਆਦਿ-ਮਾਨਵ ਤੋਂ ਸ਼ੁਰੂ ਹੋ ਕੇ ਆਦਿ-ਮਾਨਵਤਾ ‘ਤੇ ਜਾ ਕੇ ਹੀ ਮੁੱਕ ਜਾਵੇਗੀ।
ਵੀਨਾ ਬਟਾਲਵੀ ( ਪੰਜਾਬੀ ਅਧਿਆਪਕਾ )
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
ਮੋਬਾਈਲ 9463229499
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly