ਨਵੀਂ ਦਿੱਲੀ (ਸਮਾਜਵੀਕਲੀ) : ਐਨਫੋਰਸਮੈਂਟ ਡਾਇਰੈਕਟੋਰੇਟ ਦੀ ਇਕ ਟੀਮ ਵੱਲੋਂ ਸੰਦੇਸਰਾ ਭਰਾਵਾਂ ਖ਼ਿਲਾਫ਼ ਕਾਲੇ ਧਨ ਨੂੰ ਸਫ਼ੈਦ ਕਰਨ ਸਬੰਧੀ ਦਰਜ ਕੇਸ ਦੇ ਸਬੰਧ ਵਿੱਚ ਅੱਜ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਦੇ ਘਰ ਪਹੁੰਚ ਕੇ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਗਈ।
ਈਡੀ ਦੀ ਇਕ ਤਿੰਨ ਮੈਂਬਰੀ ਟੀਮ ਇੱਥੇ ਕੇਂਦਰੀ ਦਿੱਲੀ ਦੇ ਲੁਟੀਅਨਜ਼ ਜ਼ੋਨ ਵਿੱਚ 23, ਮਦਰ ਟੈਰੇਸਾ ਕ੍ਰਿਸੈਂਟ ਸਥਿਤ ਸ੍ਰੀ ਪਟੇਲ ਦੇ ਘਰ ਸਵੇਰੇ 11.30 ਵਜੇ ਪਹੁੰਚੀ। ਟੀਮ ਦੇ ਮੈਂਬਰਾਂ ਨੇ ਹੱਥਾਂ ਵਿੱਚ ਫਾਈਲਾਂ ਫੜੀਆਂ ਹੋਈਆਂ ਸਨ ਅਤੇ ਕਰੋਨਾਵਾਇਰਸ ਤੋਂ ਬਚਾਅ ਲਈ ਮੂੰਹ ’ਤੇ ਮਾਸਕ ਤੇ ਹੱਥਾਂ ਵਿੱਚ ਦਸਤਾਨੇ ਪਹਿਨੇ ਹੋਏ ਸਨ। ਇਸ ਦੌਰਾਨ ਕਾਲੇ ਧਨ ਨੂੰ ਸਫੈਦ ਕਰਨ ਅਤੇ ਸੰਦੇਸਰਾ ਭਰਾਵਾਂ ਨਾਲ ਸਿਆਸੀ ਸਬੰਧ ਹੋਣ ਸਬੰਧੀ ਸ੍ਰੀ ਪਟੇਲ ਦੇ ਬਿਆਨ ਦਰਜ ਕੀਤੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗੁਜਰਾਤ ਤੋਂ ਰਾਜ ਸਭਾ ਮੈਂਬਰ ਤੇ ਕਾਂਗਰਸੀ ਆਗੂ ਸ੍ਰੀ ਪਟੇਲ ਨੂੰ ਪੁੱਛਗਿਛ ਲਈ ਦੋ ਵਾਰ ਸੱਦਿਆ ਜਾ ਚੁੱਕਿਆ ਸੀ ਪਰ ਉਹ ਕਰੋਨਾਵਾਇਰਸ ਮਹਾਮਾਰੀ ਤੋਂ ਬਚਾਅ ਲਈ ਬਜ਼ੁਰਗਾਂ ਨੂੰ ਘਰਾਂ ਵਿੱਚ ਰਹਿਣ ਸਬੰਧੀ ਜਾਰੀ ਹਦਾਇਤਾਂ ਦਾ ਹਵਾਲਾ ਦੇ ਕੇ ਆਉਣ ਤੋਂ ਨਾਂਹ ਕਰਦੇ ਰਹੇ।
ਹਾਲਾਂਕਿ ਏਜੰਸੀ ਵੱਲੋਂ ਕਾਂਗਰਸੀ ਆਗੂ ਨੂੰ ਏਜੰਸੀ ਦੇ ਦਫ਼ਤਰ ਵਿੱਚ ਪੁੱਛਗਿਛ ਦੌਰਾਨ ਮਹਾਮਾਰੀ ਤੋਂ ਸੁਰੱਖਿਆ ਸਬੰਧੀ ਸਾਰੇ ਲੋੜੀਂਦੇ ਕਦਮ ਚੁੱਕੇ ਜਾਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਸ੍ਰੀ ਪਾਟਿਲ ਦੇ ਵਕੀਲਾਂ ਨੇ ਕਿਹਾ ਕਿ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਈਡੀ ਦੇ ਹੈੱਡਕੁਆਰਟਰ ਵਿੱਚ ਕਰੋਨਾਵਾਇਰਸ ਦੇ ਕੇਸ ਮਿਲੇ ਹਨ। ਇਸ ’ਤੇ ਏਜੰਸੀ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਪੁੱਛਗਿਛ ਕਰਨ ਦਾ ਸਮਾਂ ਤੈਅ ਕੀਤਾ।