ਚੰਡੀਗੜ੍ਹ– ਮਨੀਮਾਜਰਾ ਟਾਊਨ ਦੇ ਰੇਲਵੇ ਕਰਾਸਿੰਗ ਵਾਲੇ ਫਾਟਕਾਂ ਨੂੰ ਲੈ ਕੇ ਬਣਾਏ ਗਏ ਅੰਡਰ ਬਰਿੱਜ ਨੂੰ ਅੱਜ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ। ਸਥਾਨਕ ਸੰਸਦ ਮੈਂਬਰ ਕਿਰਨ ਖੇਰ ਇਸ ਮੌਕੇ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਅਤੇ ਇਸ ਅੰਡਰਬ੍ਰਿੱਜ ਦਾ ਰਸਮੀ ਉਦਘਾਟਨ ਕੀਤਾ। ਇਸ ਅੰਡਰਬ੍ਰਿੱਜ ਦੇ ਉਦਘਾਟਨ ਤੋਂ ਬਾਅਦ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਇਹ ਪ੍ਰਾਜੈਕਟ ਮਨੀਮਾਜਰਾ ਦੇ ਵਸਨੀਕਾਂ ਲਈ ਇੱਕ ਵੱਡੀ ਰਾਹਤ ਲਿਆਏਗਾ। ਇਹ ਅੰਡਰਬ੍ਰਿੱਜ ਜਿੱਥੇ ਚੰਡੀਗੜ੍ਹ ਤੇ ਪੰਚਕੂਲਾ ਲਈ ਇੱਕ ਵਾਧੂ ਸੰਪਰਕ ਪ੍ਰਦਾਨ ਕਰੇਗਾ ਅਤੇ ਉਥੇ ਇੱਥੋਂ ਦੇ ਮਾਡਰਨ ਕੰਪਲੈਕਸ ਸਮੇਤ ਹਾਊਸਿੰਗ ਬੋਰਡ ਚੌਕ ਲਈ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਵੀ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਵੱਲੋਂ ਇੱਥੇ ਰੇਲਵੇ ਕਰਾਸਿੰਗ ਦੇ ਫਾਟਕਾਂ ਕਾਰਨ ਪੇਸ਼ ਹੋਣ ਵਾਲੀ ਸਮੱਸਿਆ ਨੂੰ ਲੈ ਕੇ ਇਸ ਦੇ ਸਥਾਈ ਹੱਲ ਦੀ ਮੰਗ ਕੀਤੀ ਸੀ। ਇਲਾਕਾ ਵਾਸੀਆਂ ਦੀ ਮੰਗ ਤੇ 14 ਅਗਸਤ 2017 ਨੂੰ ਇੱਥੇ ਅੰਡਰਬ੍ਰਿੱਜ ਬਣਾਉਣ ਲਈ ਨੀਂਹ ਪੱਥਰ ਰੱਖਿਆ ਸੀ। ਹੁਣ ਇੱਥੇ ਮਨੀਮਾਜਰਾ ’ਚ ਅੰਡਰਬ੍ਰਿੱਜ ਬਣ ਜਾਣ ਨਾਲ ਇੱਥੋਂ ਗੁਜ਼ਰਨ ਵਾਲਿਆਂ ਨੂੰ ਹੁਣ ਰੇਲਗੱਡੀ ਦੇ ਲੰਘਣ ਲਈ ਬੰਦ ਕੀਤੇ ਜਾਣ ਵਾਲੇ ਫਾਟਕਾਂ ਕਾਰਨ ਇਸ ਰੇਲਵੇ ਕਰਾਸਿੰਗ ’ਤੇ ਲੰਮਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਏਗਾ। ਦੱਸਣਯੋਗ ਹੈ ਕਿ ਲਗਪਗ ਪੰਜ ਸਾਲਾਂ ਵਿੱਚ ਤਿਆਰ ਹੋਏ ਇਸ ਅੰਡਰਬ੍ਰਿੱਜ ’ਤੇ ਕੁੱਲ ਸਵਾ ਸੱਤ ਕਰੋੜ ਰੁਪਏ ਖਰਚ ਆਇਆ ਹੈ। ਇਹ ਅੰਡਰਬ੍ਰਿੱਜ 5.50 ਮੀਟਰ ਚੌੜਾ ਤੇ 3.35 ਮੀਟਰ ਉੱਚਾ ਹੈ। ਅੰਡਰਬ੍ਰਿੱਜ ਲਈ ਬਰਸਾਤੀ ਪਾਣੀ ਦੀ ਨਿਕਾਸੀ ਦੇ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਅੰਡਰਬ੍ਰਿੱਜ ਵਿੱਚ ਬਣਾਏ ਛੋਟੇ ਚੌਕ ਵਿੱਚ ਵਨਸੁਵੰਨੇ ਫੁੱਲ ਵੀ ਲਗਾਏ ਗਏ ਹਨ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਸਮੇਤ ਇੱਥੋਂ ਦੇ ਮੇਅਰ ਰਾਜੇਸ਼ ਕੁਮਾਰ ਕਾਲੀਆ, ਏਰੀਆ ਕੌਂਸਲਰ ਜਗਤਾਰ ਸਿੰਘ ਜੱਗਾ, ਪ੍ਰਸ਼ਾਸਨ ਦੇ ਚੀਫ ਇੰਜਨੀਅਰ ਮੁਕੇਸ਼ ਆਨੰਦ, ਚੀਫ ਆਰਕੀਟੈਕਟ ਕਪਿਲ ਸੇਤੀਆ ਸਮੇਤ ਹੋਰ ਸੀਨੀਅਰ ਅਧਿਕਾਰੀ ਤੇ ਇਲਾਕੇ ਦੇ ਪਤਵੰਤੇ ਹਾਜ਼਼ਰ ਸਨ।