ਜਲੰਧਰ, (ਸਮਾਜ ਵੀਕਲੀ): ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ) ਦੇ ਪੰਜਾਬ ਯੂਨਿਟ ਦੁਆਰਾ ਦਲ ਦਾ ਸਥਾਪਨਾ ਦਿਵਸ ਦਲ ਦੇ ਸੂਬਾ ਪ੍ਰਧਾਨ ਸ਼੍ਰੀ ਜਸਵਿੰਦਰ ਵਰਿਆਣਾ ਦੀ ਪ੍ਰਧਾਨਗੀ ਹੇਠ ‘ਰਿਪਬਲੀਕਨ ਹਾਉਸ’, ਜਲੰਧਰ ਵਿਖੇ ਮਨਾਇਆ ਗਿਆ. ਆਲ ਇੰਡੀਆ ਸਮਤਾ ਸੈਨਿਕ ਦਲ ਨੌਜਵਾਨਾਂ ਦਾ ਇੱਕ ਸੁਤੰਤਰ ਗੈਰ-ਰਾਜਨੀਤਕ ਅਤੇ ਸਮਾਜਿਕ ਸੰਗਠਨ ਹੈ. ਇਸ ਦੀ ਸਥਾਪਨਾ ਖੁਦ ਬਾਬਾ ਸਾਹਿਬ ਡਾ. ਅੰਬੇਡਕਰ ਨੇ 13 ਮਾਰਚ 1927 ਨੂੰ ਕੀਤੀ ਸੀ।
ਸਥਾਪਨਾ ਦਿਵਸ ਸਮਾਗਮ ਦੀ ਸ਼ੁਰੂਆਤ ਤ੍ਰਿਸ਼ਰਣ -ਪੰਚਸ਼ੀਲ ਨਾਲ ਕੀਤੀ ਗਈ. ਸਮਾਗਮ ਵਿਚ ਉਘੇ ਅੰਬੇਡਕਰਵਾਦੀ, ਭੀਮ ਪਤ੍ਰਿਕਾ ਦੇ ਸੰਪਾਦਕ ਅਤੇ ਦਲ ਦੇ ਮੁੱਖ ਮਾਰਗਦਰਸ਼ਕ ਸ਼੍ਰੀ ਲਾਹੌਰੀ ਰਾਮ ਬਾਲੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ. ਸ਼੍ਰੀ ਬਾਲੀ ਜੀ ਨੇ ਸਮਤਾ ਸੈਨਿਕ ਦਲ ਬਾਰੇ ਵਿਸਤਾਰ ਨਾਲ ਚਾਨਣਾ ਪਾਇਆ. ਉਨ੍ਹਾਂ ਨੇ ਕਿਹਾ ਕਿ ਦਲ ਬਾਬਾ ਸਾਹਿਬ ਡਾ. ਅੰਬੇਡਕਰ ਦੁਆਰਾ ਸਥਾਪਿਤ ਕੀਤਾ ਗਿਆ ਅਨੁਸ਼ਾਸਿਤ ਸੰਗਠਨ ਹੈ. ਦਲ ਦਾ ਨਾਗਪੁਰ ਵਿਖੇ ਆਪਣਾ ਦਫਤਰ ਹੈ, ਦਲ ਦਾ ਚਿਚੋਲੀ (ਨਾਗਪੁਰ), ਮਹਾਰਾਸ਼ਟਰ ਵਿਖੇ ਲੱਗ ਪੱਗ ਸਾਢੇ ਤਿੰਨ ਏਕੜ ਭੂਮੀ ‘ਚ ਆਪਣਾ ਟ੍ਰੇਨਿੰਗ ਸੈਂਟਰ ਹੈ ਜਿਥੇ ਲੜਕੇ ਅਤੇ l(ਲੜਕੀਆਂ) ਨੂੰ ਸ਼ਰੀਰਕ, ਮਾਨਸਿਕ ਅਤੇ ਨੈਤਿਕ ਟ੍ਰੇਨਿੰਗ ਦਿੱਤੀ ਜਾਂਦੀ ਹੈ. ਹਰ ਦੋ ਸਾਲ ਬਾਦ ਚੋਣ ਕਰਕੇ ਨਵੀਂ ਬੌਡੀ ਚੁਣੀ ਜਾਂਦੀ ਹੈ. ਦਲ ਹਰ ਸਾਲ ਇਨਕਮ ਟੈਕਸ ਰਿਟਰਨ ਭਰਦਾ ਹੈ ਅਤੇ ਇਸ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਟੈਕਸ ਵਿਚ ਛੂਟ ਮਿਲੀ ਹੋਈ ਹੈ. ਜੋ ਵਿਅਕਤੀ ਸਮਤਾ ਸੈਨਿਕ ਦਲ ਨੂੰ ਦਾਨ ਦਿੰਦਾ ਹੈ, ਉਸਨੂੰ 50 ਪ੍ਰਤੀਸ਼ਤ ਰਾਸ਼ੀ ਤੇ ਟੈਕਸ ਵਿਚ ਛੂਟ ਮਿਲਦੀ ਹੈ. ਸ਼੍ਰੀ ਬਾਲੀ ਜੀ ਨੇ ਲੋਕਾਂ ਨੂੰ ਤਨ, ਮਨ, ਧਨ ਨਾਲ ਦਲ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ.
ਸ਼੍ਰੀ ਬਲਦੇਵ ਭਾਰਦਵਾਜ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਆਪਣੇ ਬਣਾਏ ਹੋਏ ਸੰਗਠਨਾਂ ਜਿਵੇਂ ‘ਡਿਪ੍ਰੇੱਸਐਡ ਕਲਾਸੇਸ ਫੇਡਰੇਸ਼ਨ’, ‘ਸੁਤੰਤਰ ਮਜ਼ਦੂਰ ਪਾਰਟੀ’, ‘ਸ਼ੇਡਲੇਡ ਕੈਸਟ ਫੇਡਰੇਸ਼ਨ’ ਅਤੇ ਸਮਾਚਾਰ ਪੱਤਰਾਂ ‘ਮੂਕ ਨਾਇਕ’, ‘ਬਹਿਸ਼ਕ੍ਰਿਤ ਭਾਰਤ’, ‘ਸਮਤਾ’, ‘ਜਨਤਾ’ ਅਤੇ ‘ਪ੍ਰਬੁੱਧ ਭਾਰਤ’ ਦੇ ਨਾਮਾਂ ਵਿਚ ਸਮੇਂ ਸਮੇਂ ‘ਤੇ ਪਰਿਵਰਤਨ ਕਰਨਾ ਪਿਆ ਪਰੰਤੂ ਇਨ੍ਹਾਂ ਤੋਂ ਪਹਿਲਾਂ ਸਥਾਪਿਤ ਸਮਤਾ ਸੈਨਿਕ ਦਲ ਦੇ ਨਾਮ ਵਿਚ ਪਰਿਵਰਤਨ ਕਰਨ ਦੀ ਉਨ੍ਹਾਂ ਨੂੰ ਕਦੇ ਜਰੂਰਤ ਮਹਿਸੂਸ ਨਹੀਂ ਹੋਈ. ਉਹ ਇਸ ਨੂੰ ਬਣਾਏ ਰੱਖਣਾ ਜਰੂਰੀ ਸਮਝਦੇ ਸਨ.
ਐਡਵੋਕੇਟ ਕੁਲਦੀਪ ਭੱਟੀ ਨੇ ਕਿਹਾ ਕਿ ਸਮਤਾ ਸੈਨਿਕ ਦਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਂਦਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ। ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਸ਼੍ਰੀ ਜਸਵਿੰਦਰ ਵਰਿਆਣਾ ਨੇ ਆਏ ਹੋਏ ਸਭ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਮੈਂ ਸਮਤਾ ਸੈਨਿਕ ਦਲ ਦੀ ਬਹੁਤ ਜਰੂਰਤ ਮਹਿਸੂਸ ਕਰਦਾ ਹਾਂ. ਇਸਨੂੰ ਸਿਰਫ ਬਣਾ ਕੇ ਹੀ ਨਹੀਂ ਰੱਖਣਾ ਚਾਹੀਦਾ ਸਗੋਂ ਇਸ ਨੂੰ ਹਰ ਪ੍ਰਾਂਤ ਵਿਚ ਪਹੁੰਚਾਉਣਾ ਚਾਹੀਦਾ ਹੈ ਅਤੇ ਜਦੋਂ ਤਕ ਦਲਿਤ ਵਰਗ ਦਾ ਹਰ ਇੱਕ ਨੌਜਵਾਨ ਇਸਦਾ ਮੇਂਬਰ ਨਹੀਂ ਬਣ ਜਾਂਦਾ, ਉਦੋਂ ਤਕ ਇਸਦਾ ਵਿਸਤਾਰ ਜਾਰੀ ਰੱਖਣਾ ਚਾਹੀਦਾ ਹੈ. ਇਸ ਮੌਕੇ ਹਰਭਜਨ ਨਿਮਤਾ, ਚਮਨ ਲਾਲ, ਅਸ਼ੋਕ ਕੁਮਾਰ, ਲੇਖ ਰਾਜ ਜੱਸਲ, ਹਰੀ ਰਾਮ ਓ ਐੱਸ ਡੀ, ਨਿਰਮਲ ਸਿੰਘ, ਨਰਿੰਦਰ ਕੁਮਾਰ, ਮਿਸ ਪ੍ਰਿਆ ਬੌਧ ਅਤੇ ਹੋਰ ਸ਼ਾਮਲ ਸਨ. ਇਹ ਜਾਣਕਾਰੀ ਦਲ ਦੇ ਪੰਜਾਬ ਯੂਨਿਟ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ.
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ), ਪੰਜਾਬ ਯੂਨਿਟ.