ਮਨਸੂਰਾਂ ਵਾਸੀ ਸਾਬਕਾ ਫ਼ੌਜੀ ਦੀ ਮੌਤ

ਗੁਰੂਸਰ ਸੁਧਾਰ  (ਸਮਾਜਵੀਕਲੀ):   ਕਰੋਨਾਵਾਇਰਸ ਦੀ ਲਪੇਟ ’ਚ ਆਉਣ ਕਾਰਨ ਪਿੰਡ ਮਨਸੂਰਾਂ ਦੇ ਸਾਬਕਾ ਫ਼ੌਜੀ 72 ਸਾਲਾ ਹਰਦੀਪ ਸਿੰਘ ਦੀ ਮੌਤ ਹੋ ਜਾਣ ਬਾਅਦ ਮੁੱਢਲਾ ਸਿਹਤ ਕੇਂਦਰ ਪੱਖੋਵਾਲ ਦੇ ਸਿਹਤ ਅਧਿਕਾਰੀਆਂ ਨੇ ਜੋਧਾਂ ਪੁਲੀਸ ਦੀ ਸਹਾਇਤਾ ਨਾਲ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਡਾਕਟਰੀ ਟੀਮ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ, ਪਿੰਡ ਦੇ ਸਰਪੰਚ ਓਮ ਪ੍ਰਕਾਸ਼ ਸਮੇਤ ਸੰਪਰਕ ’ਚ ਆਏ ਕੁਲ 9 ਲੋਕਾਂ ਦੇ ਨਮੂਨੇ ਲਏ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਪੁੱਤਰ ਕਰਤਾਰ ਸਿੰਘ ਨੇ ਦਯਾਨੰਦ ਹਸਪਤਾਲ ਵਿਚ ਦਮ ਤੋੜ ਦਿੱਤਾ ਅਤੇ ਉਸ ਦੇ ਮੁੱਢਲੇ ਕਰੋਨਾ ਟੈੱਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪਿੰਡ ਵਾਸੀਆਂ ਅਨੁਸਾਰ ਹਰਦੀਪ ਸਿੰਘ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਸੀ।

ਜਦੋਂ ਉਸ ਨੂੰ ਸਾਹ ਲੈਣ ਦੀ ਤਕਲੀਫ਼ ਹੋਈ ਤਾਂ ਪਿੰਡ ਦੇ ਇਕ ਮੈਡੀਕਲ ਪ੍ਰੈਕਟੀਸ਼ਨਰ ਨੇ ਉਸ ਨੂੰ ਹਸਪਤਾਲ ਲੈ ਜਾਣ ਦੀ ਸਲਾਹ ਦਿੱਤੀ ਸੀ। ਸਭ ਤੋਂ ਪਹਿਲਾਂ ਉਸ ਨੂੰ ਪਿੰਡ ਸਰਾਭਾ ਦੇ ਚੈਰੀਟੇਬਲ ਹਸਪਤਾਲ ਲੈ ਕੇ ਗਏ ਜਿੱਥੋਂ ਉਸ ਦੀ ਹਾਲਤ ਖ਼ਰਾਬ ਹੋਣ ਕਾਰਨ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਲੁਧਿਆਣਾ ਵਿਚ ਪਹਿਲਾਂ ਉਸ ਨੂੰ ਗੁਰੂ ਤੇਗ਼ ਬਹਾਦਰ ਹਸਪਤਾਲ ਲੈ ਕੇ ਗਏ ਪਰ ਉਨ੍ਹਾਂ ਵੱਲੋਂ ਜਵਾਬ ਮਿਲਣ ਬਾਅਦ ਲੁਧਿਆਣਾ ਦੇ ਹੀ ਦਯਾਨੰਦ ਹਸਪਤਾਲ ਲੈ ਕੇ ਗਏ ਜਿੱਥੇ ਉਸ ਨੇ ਦਮ ਤੋੜ ਦਿੱਤਾ।

ਪਿੰਡ ਦੇ ਸਰਪੰਚ ਓਮ ਪ੍ਰਕਾਸ਼ ਨੇ ਹਰਦੀਪ ਸਿੰਘ ਨੂੰ ਇਲਾਜ ਲਈ ਲੈ ਜਾਣ ਵਿਚ ਮਦਦ ਕੀਤੀ ਸੀ ਅਤੇ ਪਰਿਵਾਰਕ ਮੈਂਬਰ ਵਿਚ ਪਤਨੀ, ਪੁੱਤਰ, ਨੂੰਹ ਅਤੇ ਇਕ ਪੋਤਰੇ ਦੇ ਵੀ ਨਮੂਨੇ ਲਏ ਜਾ ਰਹੇ ਹਨ।

Previous articleਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਦਸਵੇਂ ਦਿਨ ਵੀ ਵਾਧਾ
Next articleHouthi rebels claim drone attack on Saudi airport