ਉੱਘੇ ਅਮਰੀਕੀ-ਭਾਰਤੀ ਕਾਰੋਬਾਰੀ ਅਤੇ ਸਮਾਜ ਸੇਵੀ ਫਰੈਂਕ ਐੱਫ. ਇਸਲਾਮ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਮਦਰੱਸੇ ਧਾਰਮਿਕ ਸਿੱਖਿਆ ਦਾ ਪਸਾਰ ਕਰਦੇ ਹਨ ਅਤੇ ਇਸਲਾਮਿਕ ਸੰਸਥਾਵਾਂ ਨੂੰ ਖੁੱਲ੍ਹ ਕੇ ਹਰ ਤਰ੍ਹਾਂ ਦੇ ਅਤਿਵਾਦ ਖ਼ਿਲਾਫ਼ ਬੋਲਣਾ ਸ਼ੁਰੂ ਕਰਨਾ ਚਾਹੀਦਾ ਹੈ।
ਇੱਥੇ ਗੱਲਬਾਤ ਮੌਕੇ ਇਸਲਾਮ ਨੇ ਕਿਹਾ, ‘‘ਨਿੱਜੀ ਤੌਰ ’ਤੇ ਮੇਰਾ ਮੰਨਣਾ ਹੈ ਕਿ ਮਦਰੱਸੇ ਧਾਰਮਿਕ ਸਿੱਖਿਆ ਦਿੰਦੇ ਹਨ ਅਤੇ ਉਹ ਅਤਿਵਾਦ ਫੈਲਾਉਣ ਦਾ ਕੰਮ ਨਹੀਂ ਕਰਦੇ। ਮਦਰੱਸੇ ਖੁਦ ਇਹ ਧਾਰਨਾ ਨਹੀਂ ਤੋੜ ਸਕਦੇ, ਇਸ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਅਤਿਵਾਦ ਖ਼ਿਲਾਫ਼ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ। ਇਸ ਤੋਂ ਵੀ ਜ਼ਰੂਰੀ ਇਹ ਹੈ ਕਿ ਮਦਰੱਸਿਆਂ ਦੇ ਨੁਮਾਇੰਦਿਆਂ ਨੂੰ ਹੋਰ ਧਾਰਮਿਕ ਆਗੂਆਂ ਨਾਲ ਰਲ ਕੇ ਭਾਰਤ ਵਿੱਚ ਵੱਖ-ਵੱਖ ਫਿਰਕਿਆਂ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ।’’
ਉਨ੍ਹਾਂ ਕਿਹਾ, ‘‘ਮੈਂਂ ਅਜਿਹੇ ਸਹਿਯੋਗ ਲਈ ਵੱਖ-ਵੱਖ ਸੰਸਥਾਵਾਂ ਜਿਵੇਂ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਜਿੱਥੋਂ ਮੈਂ ਖ਼ੁਦ ਵੀ ਪੜ੍ਹਿਆ ਹਾਂ, ਵਿੱਚ ਕਈ ਮੌਕਿਆਂ ’ਤੇ ਗੱਲਬਾਤ ਕੀਤੀ ਹੈ ਅਤੇ ਅੱਗੇ ਤੋਂਂ ਵੀ ਕਰਦਾ ਰਹਾਂਗਾ।’’
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਮਦਰੱਸਿਆ ’ਚ ਦਿੱਤੀ ਜਾਂਦੀ ਸਿੱਖਿਆ ਨੂੰ ਰਸਮੀ ਸਿੱਖਿਆ ਨਹੀਂ ਮੰਨਿਆ ਜਾਂਦਾ ਅਤੇ ਇਸ ਧਾਰਨਾ ਨੂੰ ਬਦਲਣ ਲਈ ਵੱਖ-ਵੱਖ ਹੋ ਕੇ ਨਹੀਂ ਬਲਕਿ ਭਾਈਚਾਰਕ ਸਾਂਝ ਨਾਲ ਮਿਲ-ਜੁਲ ਕੇ ਕੰਮ ਕਰਨਾ ਸਮੇਂ ਦੀ ਲੋੜ ਹੈ।
ਉਤਰ ਪ੍ਰਦੇਸ਼ ਦੇ ਅਜ਼ਮਗੜ੍ਹ ਵਾਸੀ ਇਸਲਾਮ ਨੇ ਇੰਟਰਵਿਊ ਮੌਕੇ ਕਿਹਾ, ‘‘ਮੁੱਖ ਚੁਣੌਤੀ ਇਹ ਹੈ ਕਿ ਮਦਰੱਸਿਆਂ ਵਿੱਚ ਇਸਲਾਮ ’ਤੇ ਆਧਾਰਿਤ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਕਈ ਥਾਈਂ ਤਾਂ ਕੇਵਲ ਇਸਲਾਮ ਦੀ ਹੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਨਾਲ ਦਾਇਰਾ ਸੀਮਤ ਹੋ ਜਾਂਦਾ ਹੈ, ਜੋ ਵਿਦਿਆਰਥੀਆਂ ਦੀ ਸਮਾਜਿਕ-ਆਰਥਿਕ ਖ਼ਿੱਤਿਆਂ ਵਿੱਚ ਭੂਮਿਕਾ ਘਟਾ ਦਿੰਦਾ ਹੈ।’’ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਦਰੱਸੇ ਆਜ਼ਾਦ ਤੌਰ ’ਤੇ ਚੱਲਦੇ ਹਨ ਅਤੇ ਕਿਸੇ ਰਸਮੀ ਵਿਦਿਅਕ ਢਾਾਂਚੇ ਦਾ ਹਿੱਸਾ ਨਹੀਂ ਹੁੰਦੇ ਹਨ। ਇਸ ਕਰਕੇ ਇਹ ਸਮੱਸਿਆ ਸਹਿਯੋਗ ਨਾਲ ਹੱਲ ਕੀਤੇ ਜਾਣ ਦੀ ਲੋੜ ਹੈ।
INDIA ਮਦਰੱਸੇ ਧਾਰਮਿਕ ਗਿਆਨ ਫੈਲਾਉਂਦੇ ਨੇ, ਅਤਿਵਾਦ ਨਹੀਂ: ਫਰੈਂਕ ਇਸਲਾਮ