ਡਾ. ਮਨਮੋਹਨ ਸਿੰਘ ਵੀ ਨਹੀਂ ਰੋਕ ਸਕਦੇ ਪੰਜਾਬ ਕਾਂਗਰਸ ਦਾ ਨਿਘਾਰ: ਮਜੀਠੀਆ

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੇ ਮਹਿਸੂਸ ਕਰ ਲਿਆ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਟਾਕਰਾ ਨਹੀਂ ਕਰ ਸਕਦੇ, ਇਸ ਲਈ ਉਹ ਆਪਣੀ ਡੁੱਬਦੀ ਬੇੜੀ ਬਚਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਗੇ ਅਰਜ਼ੋਈਆਂ ਕਰ ਰਹੇ ਹਨ ਪਰ ਅਜਿਹਾ ਕਰਨ ਨਾਲ ਵੀ ਚੋਣਾਂ ਦੇ ਨਤੀਜੇ ਨਹੀਂ ਬਦਲਣਗੇ। ਇੱਥੇ ਅਨਾਜ ਮੰਡੀ ਵਿਚ ਯੂਥ ਅਕਾਲੀ ਦਲ ਵੱਲੋਂ ਮਾਲਵਾ ਜ਼ੋਨ 2 ਦੋ ਦੇ ਪ੍ਰਧਾਨ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਅਗਵਾਈ ਵਿਚ ਕੀਤੀ ਗਈ ਯੂਥ ਰੈਲੀ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ 2017 ਵਿਚ ਵਿਧਾਨ ਸਭਾ ਚੋਣਾਂ ਮੌਕੇ ਵੀ ਕਾਂਗਰਸ ਨੇ ਚੋਣ ਮੈਨੀਫੈਸਟੋ ਬਣਾਉਣ ਵਿਚ ਸਾਬਕਾ ਪ੍ਰਧਾਨ ਮੰਤਰੀ ਦਾ ਨਾਂ ਵਰਤਿਆ ਸੀ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਚੋਣ ਲੜਨ ਨਾਲ ਵੀ ਕਾਂਗਰਸ ਪਾਰਟੀ ਦਾ ਨਿਘਾਰ ਨਹੀਂ ਰੁਕੇਗਾ ਕਿਉਂਕਿ ਲੋਕ ਹੁਣ ਕਾਂਗਰਸ ਉੱਤੇ ਭਰੋਸਾ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਅਖ਼ਬਾਰਾਂ ਵਿਚ ਝੂਠੇ ਇਸ਼ਤਿਹਾਰ ਦਿਵਾ ਕੇ ਕਾਂਗਰਸ ਪਾਰਟੀ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਉਹ ਇਨ੍ਹਾਂ ਸਾਰੇ ਇਸ਼ਤਿਹਾਰਾਂ ਦੀ ਜਾਂਚ ਕਰਵਾਉਣਗੇ ਅਤੇ ਜਾਂਚ ਤੋਂ ਬਾਅਦ ਫਜ਼ੂਲ ਖਰਚ ਕੀਤੇ ਗਏ ਜਨਤਕ ਪੈਸੇ ਦੀ ਕਾਂਗਰਸੀ ਆਗੂਆਂ ਦੀਆਂ ਜੇਬਾਂ ਵਿਚੋਂ ਭਰਪਾਈ ਕਰਵਾਉਣਗੇ। ਅਕਾਲੀ ਦਲ ਵੱਲੋਂ ਸਿੱਟ ਦੇ ਕੀਤੇ ਬਾਈਕਾਟ ਸਬੰਧੀ ਸ੍ਰੀ ਮਜੀਠੀਆ ਨੇ ਕਿਹਾ ਕਿ ਸਿੱਟ ਨੂੰ ਕੁਝ ਖਾਸ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਲਈ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਝੋਲੀ ਚੁੱਕਾਂ ਵੱਲੋਂ ਨਿਰਦੇਸ਼ ਦਿੱਤੇ ਜਾ ਰਹੇ ਹਨ। ਫਿਰੋਜ਼ਪੁਰ ਵਿਚ ਇੱਕ ਪੁਲੀਸ ਸਟੇਸ਼ਨ ਅੰਦਰ ਪੁਲੀਸ ਅਧਿਕਾਰੀਆਂ ਉੱਤੇ ਹੋਏ ਹਮਲੇ ਬਾਰੇ ਸ੍ਰੀ ਮਜੀਠੀਆ ਨੇ ਕਿਹਾ ਕਿ ਸੂਬੇ ਅੰਦਰ ਜੰਗਲ ਰਾਜ ਹੈ। ਇੱਕ ਪਾਸੇ ਕਾਂਗਰਸੀ ਆਗੂ ਪੁਲੀਸ ਅਧਿਕਾਰੀਆਂ ਨੂੰ ਧਮਕਾ ਰਹੇ ਹਨ, ਜਿਸ ਦੀ ਆਡੀਓ ਵਾਇਰਲ ਹੋ ਚੁੱਕੀ ਹੈ, ਦੂਜੇ ਪਾਸੇ ਬਾਕੀ ਕਾਂਗਰਸੀ ਵਿਧਾਇਕ ਇਹ ਸ਼ਿਕਾਇਤ ਕਰ ਰਹੇ ਹਨ ਕਿ ਸਰਕਾਰੀ ਅਧਿਕਾਰੀ ਉਨ੍ਹਾਂ ਦਾ ਸਤਿਕਾਰ ਨਹੀਂ ਕਰਦੇ। ਰੈਲੀ ਨੂੰ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਸਤਬੀਰ ਸਿੰਘ ਖੱਟੜਾ ਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਸੰਬੋਧਨ ਕੀਤਾ।

Previous articleਕੋਰਟ ਕੰਪਲੈਕਸ ਦੇ ਸਾਹਮਣੇ ਖੋਖਿਆਂ ’ਤੇ ਚੱਲਿਆ ਪੀਲਾ ਪੰਜਾ
Next articleਮਦਰੱਸੇ ਧਾਰਮਿਕ ਗਿਆਨ ਫੈਲਾਉਂਦੇ ਨੇ, ਅਤਿਵਾਦ ਨਹੀਂ: ਫਰੈਂਕ ਇਸਲਾਮ