ਮਠਿਆਈ ਦਾ ਡੱਬਾ ਦੇਣ ਦੇ ਬਹਾਨੇ ਘਰ ਵਿੱਚ ਦਾਖਲ ਹੋ ਕੇ ਔਰਤਾਂ ਤੇ ਬੱਚਿਆਂ ਨੂੰ ਬੰਧੀ ਬਣਾ ਕੇ ਲੁੱਟਖੋਹ ਕਰਨ ਵਾਲੇ ਗਰੋਹ ਦੇ 6 ਮੁਲਜ਼ਮਾਂ ਨੂੰ ਥਾਣਾ ਸਦਰ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਹਥਿਆਰ ਨਾਲ ਔਰਤਾਂ ਤੇ ਬੱਚਿਆਂ ਨੂੰ ਬੰਧੀ ਬਣਾ ਕੇ ਲੁੱਟਖੋਹ ਕਰਦੇ ਸਨ। ਪੁਲੀਸ ਨੇ ਮੁਲਜ਼ਮਾਂ ਨੂੰ ਇਲਾਕੇ ਵਿੱਚੋਂ ਹੀ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੇ ਕਬਜ਼ੇ ’ਚੋਂ ਚੋਰੀ ਦੀ ਕਾਰ, ਚਾਰ ਐਕਟਿਵਾ, ਚਾਰ ਮੋਟਰਸਾਈਕਲ, ਸਾਢੇ ਚਾਰ ਤੋਲੇ ਸੋਨੇ ਦੇ ਗਹਿਣੇ, 20 ਹਜ਼ਾਰ ਰੁਪਏ, ਐਲਈਡੀ, ਫਰਿੱਜ ਤੇ 10 ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਮਾਡਲ ਟਾਊਨ ਵਾਸੀ ਭੁਪਿੰਦਰ ਸਿੰਘ, ਧੂਰੀ ਲਾਈਨ ਸਥਿਤ ਮਨੋਹਰ ਨਗਰ ਵਾਸੀ ਗੁਰਭੇਜ ਸਿੰਘ ਉਰਫ਼ ਬਿੱਲਾ, ਧੂਰੀ ਲਾਈਨ ਸੀਥਤ ਵਾਈਟ ਕੁਆਟਰ ਵਾਸੀ ਦੀਪਕ ਸ਼ਰਮਾ, ਸ਼ਿਮਲਾਪੁਰੀ ਸਥਿਤ ਕੁਆਲਟੀ ਚੌਕ ਵਾਸੀ ਜੋਧਾ ਸਿੰਘ ਉਰਫ਼ ਜੋਤ, ਦਸਮੇਸ਼ ਨਗਰ ਗਿੱਲ ਰੋਡ ਵਾਸੀ ਮਨਿੰਦਰ ਸਿੰਘ ਉਰਫ਼ ਮਨੀ ਤੇ ਮੁਹੱਲਾ ਮੁਰਾਦਪੁਰਾ ਵਾਸੀ ਦੀਪਕ ਕਪੂਰ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਸਾਰੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਏਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮ ਇੰਨੇ ਚਲਾਕ ਸਨ ਕਿ ਕੁਝ ਹੀ ਸਮੇਂ ਵਿੱਚ ਦੋ ਪਹੀਆ ਵਾਹਨ ਚੋਰੀ ਕਰਕੇ ਫ਼ਰਾਰ ਹੋ ਜਾਂਦੇ ਸਨ। ਵਾਹਨ ਚੋਰੀ ਕਰਨ ਤੋਂ ਬਾਅਦ ਮੁਲਜ਼ਮ ਪਹਿਲਾਂ ਆਪਣੇ ਟਿਕਾਣੇ ’ਤੇ ਪੁੱਜਦੇ ਤੇ ਉਥੋਂ ਨੰਬਰ ਪਲੇਟ ਬਦਲ ਕੇ ਅੱਗੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਨਿਕਲ ਪੈਂਦੇ ਸਨ। ਮੁਲਜ਼ਮ ਦੇਰ ਰਾਤ ਨੂੰ ਸੁੰਨਸਾਨ ਇਲਾਕਿਆਂ ’ਚ ਦੋ ਪਹੀਆ ਵਾਹਨ ਲੈ ਕੇ ਜਾਂਦੇ ਤੇ ਰਾਹਗੀਰਾਂ ਤੋਂ ਲੁੱਟਖੋਹ ਕਰ ਫ਼ਰਾਰ ਹੋ ਜਾਂਦੇ ਸਨ। ਮੁਲਜ਼ਮਾਂ ਨੇ ਜ਼ਿਆਦਾਤਰ ਘੁਮਾਰ ਮੰਡੀ, ਸਰਾਭਾ ਨਗਰ ਵਰਗੇ ਇਲਾਕਿਆਂ ’ਚ ਵਾਰਦਾਤਾਂ ਕੀਤੀਆਂ ਹਨ। ਮੁਲਜ਼ਮ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਸਾਮਾਨ ਵੰਡ ਲੈਂਦੇ ਸਨ। ਏਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਘਰ ਵਿੱਚ ਦੋਸਤਾਨਾ ਐਂਟਰੀ ਕਰਦੇ ਸਨ ਤਾਂ ਕਿ ਆਰਾਮ ਨਾਲ ਅੰਦਰ ਦਾਖਲ ਹੋ ਕੇ ਲੁੱਟਖੋਹ ਕੀਤੀ ਜਾ ਸਕੇ। ਉਹ ਜ਼ਿਆਦਾਤਰ ਉਨ੍ਹਾਂ ਘਰਾਂ ’ਚ ਦਾਖਲ ਹੁੰਦੇ ਸਨ, ਜਿੱਥੇ ਔਰਤਾਂ ਜਾਂ ਫਿਰ ਬੱਚੇ ਇਕੱਲੇ ਹੁੰਦੇ ਸਨ। ਮੁਲਜ਼ਮ ਮਠਿਆਈ ਦਾ ਡੱਬਾ ਹੱਥ ਵਿੱਚ ਘਰ ’ਚ ਦਾਖਲ ਹੋ ਜਾਂਦੇ ਤੇ ਅੰਦਰ ਜਾ ਕੇ ਆਪਣੀ ਖੇਡ ਸ਼ੁਰੂ ਕਰ ਦਿੰਦੇ ਸਨ। ਹਥਿਆਰ ਦਿਖਾ ਕੇ ਲੁੱਟਖੋਹ ਕਰ ਮੁਲਜ਼ਮ ਫ਼ਰਾਰ ਹੋ ਜਾਂਦੇ ਸਨ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਮਹਾਂਨਗਰ ਦੇ ਵੱਖ-ਵੱਖ ਇਲਾਕਿਆਂ ’ਚ 9 ਦੇ ਕਰੀਬ ਵਾਰਦਾਤਾਂ ਮੰਨੀਆਂ ਹਨ।
INDIA ਮਠਿਆਈ ਦਾ ਡੱਬਾ ਦੇਣ ਬਹਾਨੇ ਘਰ ’ਚ ਲੁੱਟਖੋਹ ਕਰਨ ਵਾਲੇ ਛੇ ਕਾਬੂ