ਟੌਹੜਾ ਪਰਿਵਾਰ ਮੁੜ ਅਕਾਲੀ ਦਲ ’ਚ ਸ਼ਾਮਲ

ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਉਨ੍ਹਾਂ ਦੀ ਪੁੱਤਰੀ ਕੁਲਦੀਪ ਕੌਰ ਟੌਹੜਾ, ਦੋਹਤੇ ਹਰਿੰਦਰਪਾਲ ਸਿੰਘ ਟੌਹੜਾ ਦੇ ਅੱਜ ਆਪਣੇ ਹਮਾਇਤੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਨਾਲ ਟੌਹੜਾ ਤੇ ਬਾਦਲ ਪਰਿਵਾਰਾਂ ’ਚ ਟੁੱਟੀ ਸਿਆਸੀ ਸਾਂਝ ਅੱਜ ਮੁੜ ਬਣ ਗਈ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟੌਹੜਾ ਪਰਿਵਾਰ ਤੇ ਹਮਾਇਤੀਆਂ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ। ਉਨ੍ਹਾਂ ਹਰਮੇਲ ਸਿੰਘ ਟੌਹੜਾ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਦਾ ਵੀ ਐਲਾਨ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਟੌਹੜਾ ਪਰਿਵਾਰ ਉਨ੍ਹਾਂ ਦੇ ਆਪਣੇ ਪਰਿਵਾਰ ਵਾਂਗ ਹੈ ਪਰ ਕੁਝ ਕਾਰਨਾਂ ਕਰ ਕੇ ਵਖ਼ਰੇਵੇਂ ਪੈਦਾ ਹੋ ਗਏ ਸਨ ਜਿਹੜੇ ਹੁਣ ਦੂਰ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਨੂੰ ਹੁਣ ਤੱਕ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜੋੜੀ ਨੇ ਹੀ ਚਲਾਇਆ ਹੈ ਤੇ ਹੁਣ ਟੌਹੜਾ ਪਰਿਵਾਰ ਦੀ ਅਕਾਲੀ ਦਲ ਵਿਚ ਵਾਪਸੀ ਨਾਲ ਅਕਾਲੀ ਦਲ ਮਜ਼ਬੂਤ ਹੋ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂਆਂ ਦੀ ਸ਼ਾਨ ਖ਼ਿਲਾਫ਼ ਉਹ ਕੁਝ ਨਹੀ ਬੋਲਣਗੇ। ਉਨ੍ਹਾਂ ਕਿਹਾ ਕਿ ਟੌਹੜਾ ਪਰਿਵਾਰ ਦੀ ਵਾਪਸੀ ਨਾਲ ਪਟਿਆਲਾ ਵਿਚ ਅਕਾਲੀ ਦਲ ਮਜ਼ਬੂਤ ਹੋਵੇਗਾ। ਹਰਮੇਲ ਸਿੰਘ ਟੌਹੜਾ ਨੇ ਆਖਿਆ ਕਿ ਉਹ ਪਿੱਤਰੀ ਪਾਰਟੀ ’ਚ ਬਿਨਾਂ ਸ਼ਰਤ ਸਿਰਫ਼ ਪੰਥ ਦੇ ਭਲੇ ਲਈ ਸ਼ਾਮਲ ਹੋਏ ਹਨ, ਹੁਣ ਕੋਈ ਗ਼ਿਲਾ ਸ਼ਿਕਵਾ ਨਹੀਂ ਰਿਹਾ। ਇਸ ਮੌਕੇ ਜਥੇਦਾਰ ਹਰਬੰਸ ਸਿੰਘ ਲੰਗ ਵੀ ਅਕਾਲੀ ਦਲ ਵਿਚ ਪਰਤ ਆਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੈਲਪੁਰ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਹਲਕਾ ਇੰਚਾਰਜ ਘਨੌਰ ਹਰਪ੍ਰੀਤ ਕੌਰ ਮੁਖਮੈਲਪੁਰ, ਚਰਨਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਚੇਅਰਮੈਨ ਇੰਦਰ ਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਤੇ ਅਮਰਿੰਦਰ ਸਿੰਘ ਬਜਾਜ ਹਾਜ਼ਰ ਸਨ। ਦੱਸਣਯੋਗ ਹੈ ਕਿ ਹਰਮੇਲ ਸਿੰਘ ਟੌਹੜਾ ਤੇ ਪਰਿਵਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਅਲਵਿਦਾ ਕਹਿੰਦਿਆਂ ‘ਆਪ’ ਵਿਚ ਸ਼ਮੂਲੀਅਤ ਕਰ ਲਈ ਸੀ। ਪਿਛਲੇ ਕੁਝ ਮਹੀਨਿਆਂ ਤੋਂ ਪਰਿਵਾਰ ਨੇ ਆਪ ਦੀਆਂ ਗਤੀਵਿਧੀਆਂ ਨੂੰ ਤਿਲਾਂਜਲੀ ਦਿੱਤੀ ਹੋਈ ਸੀ ਤੇ ਪਿਛਲੇ ਦਿਨੀਂ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ‘ਆਪ’ ਨੇ ਕਾਂਗਰਸ ਨਾਲ ਸਿਆਸੀ ਸਾਂਝ ਪਾਉਣ ਦੀ ਕੋਸ਼ਿਸ ਕੀਤੀ ਤਾਂ ਉਹ ‘ਆਪ’ ਛੱਡ ਦੇਣਗੇ।

Previous articleਮਠਿਆਈ ਦਾ ਡੱਬਾ ਦੇਣ ਬਹਾਨੇ ਘਰ ’ਚ ਲੁੱਟਖੋਹ ਕਰਨ ਵਾਲੇ ਛੇ ਕਾਬੂ
Next articleਦਿਗਵਿਜੈ ਅਤੇ ਸਿੰਧੀਆ ਨੇ ਨਾਮਜ਼ਦਗੀ ਕਾਗਜ਼ ਭਰੇ