ਮਕਬੂਜ਼ਾ ਕਸ਼ਮੀਰ (ਪੀਓਕੇ) ’ਚ ਪਏ ਮੋਹਲੇਧਾਰ ਮੀਂਹ ਅਤੇ ਉਸ ਤੋਂ ਬਾਅਦ ਆਏ ਹੜ੍ਹਾਂ ਨਾਲ ਨੀਲਮ ਘਾਟੀ ’ਚ ਵੱਡੀ ਗਿਣਤੀ ’ਚ ਮਕਾਨ ਤੇ ਮਸਜਿਦਾਂ ਡਿੱਗ ਗਈਆਂ ਅਤੇ ਵੱਖ ਵੱਖ ਹਾਦਸਿਆਂ ’ਚ 28 ਵਿਅਕਤੀਆਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਬੱਦਲ ਫਟਣ ਨਾਲ ਘਾਟੀ ਦੇ ਲਾਸਵਾ ਇਲਾਕੇ ’ਚ 150 ’ਚੋਂ ਵੱਧ ਮਕਾਨ ਨੁਕਸਾਨੇ ਗਏ ਹਨ ਅਤੇ ਦਰਜਨਾਂ ਲੋਕ ਹੜ੍ਹਾਂ ’ਚ ਰੁੜ੍ਹ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਮਗਰੋਂ ਆਏ ਹੜ੍ਹਾਂ ’ਚ ਦੋ ਮਸਜਿਦਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਪਾਕਿਤਸਾਨੀ ਸੈਨਾ ਨੇ ਇੱਕ ਬਿਆਨ ’ਚ ਦੱਸਿਆ ਕਿ ਬੀਤੇ ਦਿਨ ਇੱਕ ਪਿੰਡ ’ਚ ਫਸੇ 52 ਵਿਅਕਤੀਆਂ ਨੂੰ ਹੈਲੀਕਾਪਟਰ ਰਾਹੀਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਅਜੇ ਵੀ ਕਈ ਲੋਕ ਘਰਾਂ ਅੰਦਰ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ, ਆਫਤ ਪ੍ਰਬੰਧਨ ਅਥਾਰਿਟੀ ਅਤੇ ਸਥਾਨਕ ਪੁਲੀਸ ਵੱਲੋਂ ਇਲਾਕੇ ’ਚ ਬਚਾਅ ਲਈ ਕਾਰਜ ਕੀਤੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਰਾਜ ਆਫਤ ਪ੍ਰਬੰਧਨ ਅਥਾਰਿਟੀ ਦੀ ਮੁਹਿੰਮ ਦੇ ਨਿਰਦੇਸ਼ਕ ਸਾਦੁਰ ਰਹਿਮਾਨ ਕੁਰੈਸ਼ੀ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ 10 ਇਸਲਾਮਿਕ ਪ੍ਰਚਾਰਕ ਵੀ ਸ਼ਾਮਲ ਹਨ।
INDIA ਮਕਬੂਜ਼ਾ ਕਸ਼ਮੀਰ ’ਚ ਹੜ੍ਹ ਨਾਲ 28 ਮੌਤਾਂ