ਭੂ-ਮਾਫ਼ੀਆ ਵੱਲੋਂ ਕੇਂਦਰ ਦੀ ਮਾਲਕੀ ਵਾਲੀਆਂ ਜ਼ਮੀਨਾਂ ’ਤੇ ਕਬਜ਼ੇ

ਮੋਗਾ ਦੇ ਭੂ-ਮਾਫ਼ੀਆ ਦਾ ਅੱਡਾ ਬਣਨ ਕਰਕੇ ਤੇ ਸਿਆਸੀ ਅਤੇ ਅਫ਼ਸਰਸ਼ਾਹੀ ਦੀ ਸ਼ਹਿ ਕਾਰਨ ਹਾਲਾਤ ਬਦਤਰ ਹਨ। ਇੱਥੇ ਭੂ-ਮਾਫ਼ੀਆ ਵੱਲੋਂ ਜਾਅਲਸਾਜ਼ੀ ਨਾਲ ਕੇਂਦਰ ਸਰਕਾਰ ਦੀ ਮਾਲਕੀ ਵਾਲੀਆਂ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਨੂੰ ਲਾਲ ਲਕੀਰ ਅੰਦਰ ਦਰਸਾ ਕੇ ਰਜਿਸਟਰੀਆਂ ਕਰਵਾਉਣ ਮਗਰੋਂ ਲੋਕਾਂ ਨੂੰ ਧੋਖਾਧੜੀ ਨਾਲ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਤਿਹਾਸਕ ਤੀਆਂ ਵਾਲਾ ਛੱਪੜ, ਲੁਧਿਆਣਾ ਰੋਡ ਸਥਿਤ ਪੁਰਾਣਾ ਬਿਜਲੀ ਦਫ਼ਤਰ, ਅੰਮ੍ਰਿਤਸਰ ਰੋਡ ਸਥਿਤ ਪੁਰਾਣਾ ਪੋਸਟਮਾਰਟਮ ਹਾਊਸ ਅਤੇ ਮੱਲਣ ਸ਼ਾਹ ਰੋਡ ਉੱਤੇ ਨਗਰ ਨਿਗਮ ਮਾਲਕੀ ਵਾਲੀ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੋ ਚੁੱਕੀਆਂ ਹਨ।
ਸਥਾਨਕ ਨਾਇਬ ਤਹਿਸੀਲਦਾਰ ਸੁਰਿੰਦਰ ਪਾਲ ਪੱਬੀ ਨੇ ਬੱਗੇਆਣਾ ਛੱਪੜ ਦੀ ਜ਼ਮੀਨ, ਜਿਸ ’ਤੇ ਕੇਂਦਰ ਸਰਕਾਰ ਦੀ ਮਾਲਕੀ ਹੈ, ਨੂੰ ਲਾਲ ਲਕੀਰ ਅੰਦਰ ਦਰਸਾ ਕੇ ਹੜੱਪਣ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪੀ ਹੈ।
ਇੱਥੇ ਲੁਧਿਆਣਾ ਰੋਡ ’ਤੇ ਸਥਿਤ ਪੁਰਾਣੇ ਬਿਜਲੀ ਬੋਰਡ ਦਫ਼ਤਰ ਵਾਲੀ ਢਾਈ ਕਨਾਲ ਜ਼ਮੀਨ ਦੀਆਂ ਰਜਿਸਟਰੀਆਂ ਸਿੱਖਿਆ ਸੰਸਥਾਵਾਂ ਦੇ ਮੋਢੀ ਦੇ ਨਾਂ ਹੋਈਆਂ ਦੱਸੀਆਂ ਜਾ ਰਹੀਆਂ ਹਨ। ਰਜਿਸਟਰੀਆਂ ਵਿਚ ਇਹ ਜ਼ਮੀਨ ਲਾਲ ਲਕੀਰ ਅੰਦਰ ਦਰਸਾਈ ਗਈ ਹੈ ਜਦੋਂਕਿ ਮਾਲ ਰਿਕਾਰਡ ’ਚ ਇਸ ਜ਼ਮੀਨ ਦੀ ਮਾਲਕੀ ਕੇਂਦਰ ਸਰਕਾਰ ਦੀ ਹੈ। ਇਸ ਜ਼ਮੀਨ ਉੱਤੇ ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਨੇ ਲਾਈਵ ਹੋ ਕੇ ਵਿਰੋਧ ਕੀਤਾ ਤਾਂ ਭੂ-ਮਾਫ਼ੀਆ ਭੱਜਣ ਲਈ ਮਜਬੂਰ ਹੋਇਆ। ਇਸ ਮਗਰੋਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਗੰਭੀਰ ਨੋਟਿਸ ਲੈਂਦਿਆਂ ਚਾਰਦੀਵਾਰੀ ਦੀ ਕਰਵਾ ਦਿੱਤੀ। ਇਸ ਦੌਰਾਨ ਭੂ-ਮਾਫ਼ੀਆ ਦੀ ਲਾਲ ਲਕੀਰ ਅੰਦਰ ਜ਼ਮੀਨ ਦਰਸਾ ਕੇ ਜ਼ਮੀਨ ਦੀਆਂ ਰਜਿਸਟਰੀਆਂ ਕਰਵਾਉਣ ਦੀ ਜਾਅਲਸਾਜ਼ੀ ਵੀ ਉਜਾਗਰ ਹੋ ਗਈ।
ਭੂ-ਮਾਫ਼ੀਆ ਨੇ ਇਤਿਹਾਸਕ ਤੀਆਂ ਵਾਲਾ ਛੱਪੜ ਅਤੇ ਮੱਲਣ ਸ਼ਾਹ ਰੋਡ ਉੱਤੇ ਨਗਰ ਨਿਗਮ ਦੀ ਜ਼ਮੀਨ ਅਤੇ ਨਾਲ ਲੱਗਦੀਆਂ ਹੋਰ ਜ਼ਮੀਨਾਂ ਖਰੀਦ ਕੇ ਕਲੋਨੀਆਂ ਆਬਾਦ ਕਰਵਾ ਦਿੱਤੀਆਂ ਹਨ। ਇੱਥੇ ਭੂ-ਮਾਫ਼ੀਆ ਵੱਲੋਂ ਸ਼ਹਿਰ ’ਚ ਗਿਰਜਾ ਘਰ ਦੀ ਮਾਲਕੀ ਵਾਲੀ 100 ਕਰੋੜ ਤੋਂ ਵੱਧ ਦੀ ਵਪਾਰਕ ਜ਼ਮੀਨ ਜਿੱਥੇ ਸੰਸਥਾ ਦੇ ਸਕੂਲ ਦਾ ਖੇਡ ਮੈਦਾਨ ਹੈ, ਹੜੱਪਣ ’ਚ ਸਿਆਸਤਦਾਨਾਂ ਤੇ ਪੁਲੀਸ ਅਫ਼ਸਰਾਂ ਦੇ ਨਾਮ ਉਛਲ ਰਹੇ ਹਨ।
ਸਥਾਨਕ ਨਾਇਬ ਤਹਿਸੀਲਦਾਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਭੇਜੀ ਰਿਪੋਰਟ ਮੁਤਾਬਕ ਅਜਮੇਰ ਸਿੰਘ ਅਤੇ ਚਮਕੌਰ ਸਿੰਘ ਨੇ ਉਨ੍ਹਾਂ ਦੀ ਮਾਲਕੀ ਜ਼ਮੀਨ ਲਾਲ ਲਕੀਰ ਅੰਦਰ ਹੋਣ ਦੀ ਤਸਦੀਕ ਲਈ ਦਰਖਾਸਤ ਪੇਸ਼ ਕੀਤੀ। ਉਨ੍ਹਾਂ ਇਹ ਦਰਖਾਸਤ ਹਲਕਾ ਪਟਵਾਰੀ ਨੂੰ ਕਾਰਵਾਈ ਲਈ ਭੇਜੀ ਸੀ। ਪਟਵਾਰ ਹਲਕਾ ਮੋਗਾ ਮਹਿਲਾ ਸਿੰਘ ਦੇ ਪਟਵਾਰੀ ਨਿਰਵੈਰ ਸਿੰਘ ਨੇ ਕੌਂਸਲਰ ਜਸਮੇਰ ਕੌਰ ਗਿੱਲ ਦੀ ਤਸਦੀਕ ਮਗਰੋਂ ਇਹ ਜ਼ਮੀਨ ਲਾਲ ਲਕੀਰ ਅੰਦਰ ਹੋਣ ਦੀ ਤਸਦੀਕ ਕਰ ਦਿੱਤੀ। ਮਾਲ ਅਧਿਕਾਰੀ ਨੂੰ ਸ਼ੱਕ ਪੈਣ ’ਤੇ ਉਨ੍ਹਾਂ ਖ਼ੁਦ ਪੜਤਾਲ ਕੀਤੀ ਤਾਂ ਜਾਅਲਸਾਜ਼ੀ ਸਾਹਮਣੇ ਆ ਗਈ।

Previous articleਪੈਟਰੋਲ 75 ਅਤੇ ਡੀਜ਼ਲ 66 ਰੁਪਏ ਹੋਇਆ
Next articleਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਪੈਰਵੀ ਕਰੇਗਾ ਅਕਾਲੀ ਦਲ: ਗਰੇਵਾਲ