ਨਵੀਂ ਦਿੱਲੀ (ਸਮਾਜ ਵੀਕਲੀ) : ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਸਮਾਜਿਕ ਕਾਰਕੁਨ ਤੇ ਵਕੀਲ ਪ੍ਰਸ਼ਾਂਤ ਭੂਸ਼ਨ ਤੇ ਪੱਤਰਕਾਰ ਤਰੁਣ ਤੇਜਪਾਲ ਖ਼ਿਲਾਫ਼ 2009 ਦੇ ਅਪਰਾਧਿਕ ਹੱਤਕ ਮਾਮਲੇ ’ਚ ਹੋਰ ਸੁਣਵਾਈ ਦੀ ਲੋੜ ਹੈ ਤਾਂ ਜੋ ਦੇਖਿਆ ਜਾ ਸਕੇ ਕਿ ਜੱਜਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੀ ਟਿੱਪਣੀ ਅਦਾਲਤੀ ਹੱਤਕ ਹੈ ਜਾਂ ਨਹੀਂ।
ਜਸਟਿਸ ਅਰੁਣ ਮਿਸ਼ਰਾ, ਜਸਟਿਸ ਬੀ.ਆਰ. ਗਵਈ ਤੇ ਜਸਟਿਸ ਕ੍ਰਿਸ਼ਨ ਮੁਰਾਰੀ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਅਦਾਲਤੀ ਹੱਤਕ ਮਾਮਲੇ ’ਚ ਹੋਰ ਸੁਣਵਾਈ ਦੀ ਲੋੜ ਹੈ। ਬੈਂਚ ਇਸ ਮਾਮਲੇ ’ਚ ਹੁਣ 13 ਅਗਸਤ ਨੂੰ ਅੱਗੇ ਸੁਣਵਾਈ ਕਰੇਗਾ। ਨਵੰਬਰ 2009 ’ਚ ਇੱਕ ਨਿਊਜ਼ ਮੈਗਜ਼ੀਨ ’ਚ ਇੰਟਰਵਿਊ ਦੌਰਾਨ ਸਿਖਰ ਅਦਾਲਤ ਦੇ ਕੁਝ ਮੌਜੂਦਾ ਦੇ ਸਾਬਕਾ ਜੱਜਾਂ ’ਤੇ ਕਥਿਤ ਤੌਰ ’ਤੇ ਦੋਸ਼ ਲਗਾਉਣ ਲਈ ਸਿਖਰ ਅਦਾਲਤ ਨੇ ਭੂਸ਼ਨ ਤੇ ਤੇਜਪਾਲ ਨੂੰ ਹੱਤਕ ਦਾ ਨੋਟਿਸ ਜਾਰੀ ਕੀਤਾ ਸੀ।
ਤੇਜਪਾਲ ਉਸ ਸਮੇਂ ਇਸ ਮੈਗਜ਼ੀਨ ਦੇ ਸੰਪਾਦਕ ਸਨ। ਸਿਖਰ ਅਦਾਲਤ ਨੇ ਚਾਰ ਅਗਸਤ ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ ਪ੍ਰਸ਼ਾਂਤ ਭੂਸ਼ਨ ਤੇ ਤੇਜਪਾਲ ਨੂੰ ਸਪੱਸ਼ਟ ਕੀਤਾ ਸੀ ਕਿ ਜੇਕਰ ਇਸ ਮਾਮਲੇ ’ਚ ਉਨ੍ਹਾਂ ਦਾ ਸਪੱਸ਼ਟੀਕਰਨ ਜਾਂ ਮੁਆਫ਼ੀ ਸਵੀਕਾਰ ਨਹੀਂ ਕੀਤੀ ਜਾਂਦੀ ਤਾਂ ਅਦਾਲਤ ਅੱਗੇ ਸੁਣਵਾਈ ਕਰੇਗੀ।