ਨਵੀਂ ਦਿੱਲੀ (ਸਮਾਜ ਵੀਕਲੀ) : ਵਿਸ਼ਵ ਭਰ ਦੇ 107 ਮੁਲਕਾਂ ਦੀ ਆਲਮੀ ਭੁੱਖਮਰੀ ਸੂਚੀ ਵਿੱਚ ਭਾਰਤ 94ਵੇਂ ਦਰਜੇ ’ਤੇ ਹੈ ਅਤੇ ਇਹ ‘ਗੰਭੀਰ’ ਭੁੱਖਮਰੀ ਸ਼੍ਰੇਣੀ ਵਿੱਚ ਸ਼ਾਮਲ ਹੈ। ਮਾਹਿਰਾਂ ਨੇ ਇਸ ਸਬੰਧੀ ਨੀਤੀਆਂ ਲਾਗੂ ਕਰਨ ਦੀ ਕਮਜ਼ੋਰ ਪ੍ਰਕਿਰਿਆ, ਨਿਗਰਾਨੀ ਦੀ ਘਾਟ, ਕੁਪੋਸ਼ਣ ਰੋਕਣ ਪ੍ਰਤੀ ਲੁਕਵੀਂ ਪਹੁੰਚ ਅਤੇ ਵੱਡੇ ਸੂਬਿਆਂ ਦੀ ਮਾੜੀ ਕਾਰਗੁਜ਼ਾਰੀ ਨੂੰ ਕਾਰਨ ਦੱਸਿਆ ਹੈ।
ਪਿਛਲੇ ਵਰ੍ਹੇ ਕੁੱਲ 117 ਮੁਲਕਾਂ ਦੀ ਇਸ ਸੂਚੀ ਵਿੱਚ ਭਾਰਤ ਦਾ 102ਵਾਂ ਦਰਜਾ ਸੀ। ਗੁਆਂਢੀ ਮੁਲਕ ਬੰਗਲਾਦੇਸ਼, ਮਿਆਂਮਾਰ ਅਤੇ ਪਾਕਿਸਤਾਨ ਵੀ ‘ਗੰਭੀਰ’ ਸ਼੍ਰੇਣੀ ਵਿੱਚ ਸ਼ਾਮਲ ਹਨ ਪ੍ਰੰਤੂ ਭੁੱਖਮਰੀ ਸੂਚੀ ’ਚ ਇਨ੍ਹਾਂ ਦਾ ਦਰਜਾ ਭਾਰਤ ਨਾਲੋਂ ਬਿਹਤਰ ਹੈ। ਸੂਚੀ ਵਿਚ ਬੰਗਲਾਦੇਸ਼ 75ਵੇਂ, ਮਿਆਂਮਾਰ 78ਵੇਂ ਅਤੇ ਪਾਕਿਸਤਾਨ 88ਵੇਂ ਨੰਬਰ ’ਤੇ ਹਨ। ਰਿਪੋਰਟ ਵਿਚ ਨੇਪਾਲ 73ਵੇਂ ਅਤੇ ਸ੍ਰੀਲੰਕਾ 64ਵੇਂ ਸਥਾਨ ’ਤੇ ਹਨ, ਜੋ ਕਿ ‘ਦਰਮਿਆਨੀ’ ਭੁੱਖਮਰੀ ਸ਼੍ਰੇਣੀ ਵਿੱਚ ਆਉਂਦੇ ਹਨ।
ਆਲਮੀ ਭੁੱਖਮਰੀ ਸੂਚੀ ਦੇ ਸਿਖਰਲੇ 17 ਮੁਲਕਾਂ ਵਿੱਚ ਚੀਨ, ਬੇਲਾਰੂਸ, ਯੂਕਰੇਨ, ਤੁਰਕੀ, ਕਿਊਬਾ ਅਤੇ ਕੁਵੈਤ ਸ਼ਾਮਲ ਹਨ। ਇਨ੍ਹਾਂ ਮੁਲਕਾਂ ਦਾ ਭੁੱਖਮਰੀ ਅੰਕ ਪੰਜ ਤੋਂ ਘੱਟ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੀ ਰਿਪੋਰਟ ਅਨੁਸਾਰ ਭਾਰਤ ਦੀ 14 ਫ਼ੀਸਦ ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ। ਇਸ ਸੂਚੀ ਅਨੁਸਾਰ ਦੇਸ਼ ਵਿੱਚ ਪੰਜ ਸਾਲ ਤੋਂ ਘੱਟ ਊਮਰ ਦੇ ਬੱਚਿਆਂ ਦੀ ਸਟੰਟਿੰਗ (ਊਮਰ ਦੇ ਹਿਸਾਬ ਨਾਲ ਕੱਦ ਘੱਟ ਹੋਣਾ) ਦਰ 37.4 ਹੈ ਜਦਕਿ ਵਾਸਟਿੰਗ (ਕੱਦ ਦੇ ਹਿਸਾਬ ਨਾਲ ਭਾਰ ਘੱਟ ਹੋਣਾ) ਦਰ 17.3 ਫ਼ੀਸਦੀ ਹੈ। ਪੰਜ ਸਾਲ ਤੋਂ ਘੱਟ ਊਮਰ ਦੇ ਬੱਚਿਆਂ ਦੀ ਮੌਤ ਦਰ 3.7 ਫ਼ੀਸਦ ਹੈ।
ਅੰਤਰਰਾਸ਼ਟਰੀ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ, ਨਵੀਂ ਦਿੱਲੀ ਦੀ ਸੀਨੀਅਰ ਰਿਸਰਚ ਫੈਲੋ ਪੂਰਨਿਮਾ ਮੈਨਨ ਦਾ ਕਹਿਣਾ ਹੈ ਕਿ ਭਾਰਤ ਦੀ ਦਰਜਾਬੰਦੀ ਵਿੱਚ ਤਬਦੀਲੀ ਲਈ ਵੱਡੇ ਸੂਬਿਆਂ ਜਿਵੇਂ ਊੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਦੀ ਸਥਿਤੀ ਬਿਹਤਰ ਬਣਾਊਣ ਦੀ ਲੋੜ ਹੈ। ਊਨ੍ਹਾਂ ਦੱਸਿਆ ਕਿ ਬਿਹਾਰ ਅਤੇ ਯੂਪੀ ਵਰਗੇ ਸੂਬਿਆਂ, ਜਿੱਥੇ ਆਬਾਦੀ ਵੀ ਜ਼ਿਆਦਾ ਹੈ ਅਤੇ ਕੁਪੋਸ਼ਣ ਵੀ ਵੱਡੇ ਪੱਧਰ ’ਤੇ ਹੈ, ਕਾਰਨ ਕੌਮੀ ਔਸਤ ਪ੍ਰਭਾਵਿਤ ਹੁੰਦੀ ਹੈ। ਪੋਸ਼ਣ ਬਾਰੇ ਖੋਜ ਦੀ ਮੁਖੀ ਸ਼ਵੇਤਾ ਖੰਡੇਲਵਾਲ ਨੇ ਕਿਹਾ ਕਿ ਦੇਸ਼ ਦੇ ਪੋਸ਼ਣ ਬਾਰੇ ਪ੍ਰੋਗਰਾਮ ਅਤੇ ਨੀਤੀਆਂ ਬਹੁਤ ਵਧੀਆ ਹਨ ਪਰ ਇਹ ਕੇਵਲ ਕਿਤਾਬਾਂ ਵਿੱਚ ਹਨ। ਜ਼ਮੀਨੀ ਪੱਧਰ ’ਤੇ ਸੱਚਾਈ ਕੁਝ ਹੋਰ ਹੈ। ਊਨ੍ਹਾਂ ਕਿਹਾ ਕਿ ਹਰੇਕ ਸੈਕਟਰ ਵਿੱਚ ਜਨਤਕ ਸਿਹਤ ਅਤੇ ਪੋਸ਼ਣ ਨੂੰ ਤਰਜੀਹੀ ਬਣਾਊਣ ਲਈ ਸਾਂਝੀ ਕਾਰਵਾਈ ਚਾਹੀਦੀ ਹੈ।