ਮੰਨਦੇ ਨਹੀਂ ਗੁਰੂ ਨਾਨਕ ਨੂੰ

(ਸਮਾਜ ਵੀਕਲੀ)

ਸੁਣਦੇ ਵਿੱਚ ਸਪੀਕਰ, ਪੜ੍ਹਦੇ
ਘਰ ਤੋਂ ਜਾਂਦੇ, ਅੰਦਰ ਵੜ੍ਹਦੇ
ਬਾਣੀ ਦਾ ਸਤਿਕਾਰ ਵੀ ਕਰਦੇ,….ਸੀਸ ਝੁਕਾਉਂਦੇ ਹਾਂ.
ਮੰਨਦੇ ਨਹੀਂ ਗੁਰੂ ਨਾਨਕ ਨੂੰ, ਬੱਸ ਰੀਤ ਪੁਗਾਉਂਦੇ ਹਾਂ
ਉੰਜ ਕਹਿੰਦੇ ਆਜਾ ਨਾਨਕ ਨੂੰ, ਤੇ ਗੀਤ ਵੀ ਗਾਉਂਦੇ ਹਾਂ।।

ਸਭਨਾ ਜੀਆ ਕਾ ਇੱਕ ਦਾਤਾ
ਲੱਭਿਆ ਤਾਂ ਫਿਰ ਹੋਕਾ ਲਾਤਾ
ਸਭ ਧਰਮਾਂ ਦਾ ਭੇਦ ਮਿਟਾਤਾ, ਕੱਠੇ ਬੈਠਣ ਨੂੰ
ਅੱਜ ਫੇਰ ਨੇਤਾਵਾਂ ਵੰਡ ਦਿੱਤੇ, ਬਸ ਵੋਟਾਂ ਹੈਂਠਣ ਨੂੰ।
ਅੱਜ ਫੇਰ ਡੇਰਿਆਂ ਵੰਡ ਦਿੱਤੇ, ਬਸ ਗੋਲਕ ਹੈਂਠਣ ਨੂੰ ।।

ਲਾਲੋ ਭੁੱਖਾ ਕਿਰਤਾਂ ਕਰਦਾ,
ਭਾਗੋ ਦਿੱਤੀਆਂ ਜਿੱਲ਼ਤਾਂ ਜ਼ਰਦਾ
ਸੱਜਣ ਠੱਗੀਆਂ ਦਿਨੇ ਹੀ ਕਰਦਾ, ਲੈ ਹਥਿਆਰਾਂ ਨੂੰ.
ਹਿੱਸਾ ਪੱਤੀ ਮਿੱਲ ਜਾਂਦਾ ਹੈ, ਠਾਣੇਦਾਰਾਂ ਨੂੰ
ਸਭ ਕੁੱਝ ਹੁੰਦਾ ਪਤਾ ਹੈ, ਅੱਜ ਕਲ੍ਹ ਠਾਣੇਦਾਰਾਂ ਨੂੰ..।।

ਤੂੰ ਸਮਝਾਇਆ ਅਸੀਂ ਨਾ ਮੰਨੇ,
ਅੱਖਾਂ ਵਾਲੇ ਬਣਕੇ ਅੰਨੇ
ਸੱਚ ਦੇ ਛੱਡ ਸਿਧਾਂਤ, ਕੂੜ ਨੂੰ ਖੱਟੀ ਜਾਨੇ ਆਂ
ਤਾਹੀਉਂ ਉਂਗਲਾਂ ਛੱਡ ਅਰਕਾਂ ਨੂੰ, ਚੱਟੀ ਜਾਨੇਂ ਆਂ
ਵੇ ਲੋਕੋ ! ਲਾਲਚ ਖਾਤਰ, ਜੜ੍ਹ ਸਾਂਝਾਂ ਦੀ ਪੱਟੀ ਜਾਨੇ ਆਂ।।

ਪੌਣ ਪਾਣੀ ਧਰਤੀ ਦੀ ਪੂਜਾ,
ਕੈਂਸਰ ਮਿਲਿਆ, ਚੈਨ ਨਾ ਰੂਹ ਦਾ,
ਲੰਗਰ ਲਾ ਕੇ ਕੀ ਕਰਨੇ ਜੇ, ਭਾਈਚਾਰਾ ਨਹੀਂ..
ਚਿੱਟਾ ਜ਼ਹਿਰ ਖਵਾਉਣ ਤੋਂ ਵੱਡਾ, ਕੋਈ ਹਤਿਆਰਾ ਨਹੀੰ….
ਬਣਿਆ ਕਦੇ ਸਬੱਬ ਜੇ ਬਾਬਾ
ਥੋਨੂੰ ਭੇਜੇ ਰੱਬ ਜੇ ਬਾਬਾ
ਤੁਰ ਜਾਵੀਂ ਚੰਗੀ ਧਰਤੀ ਵੱਲ. -ਕਦਰ ਪੈ ਜਾਊਗੀ …
ਸਾਡੀ ਨੀਯਤ ਦੇਖ ਕੇ, ਨਾਮ ਖ਼ੁਮਾਰੀ ਲਹਿ ਜਾਊਗੀ
‘ਰੱਤੜਾ’ ਅੱਜ ਦੇ ਬਾਬੇ ਦੇਖਕੇ, ਤੇਰੀ ਧੜਕਣ ਬਹਿਜੂਗੀ..
ਮੰਨਦੇ ਨਹੀਂ ਗੁਰੂ ਨਾਨਕ ਨੂੰ, ਬਸ ਰੀਤ ਪੁਗਾਉਂਦੇ ਹਾਂ ।

– ਕੇਵਲ ਸਿੰਘ ਰੱਤੜਾ

Previous articleਆਕਸਫੋਰਡ ਸ਼ਾਈਨ ਸਕੂਲ ਵਿਖੇ ਭਾਸ਼ਣ ਪ੍ਰਤੀਯੋਗਤਾ ਸੰਪੰਨ
Next articleਅੰਤਰਰਾਸ਼ਟਰੀ ਇਨਕਲਾਬੀ ਮੰਚ ਪਿੰਡ ਘੜਾਮਾਂ (ਪਟਿਆਲਾ) ਵੱਲੋਂ ਡਾ. ਅੰਬੇਡਕਰ ਦੀ ਬਰਸੀ ਮਨਾਉਣ ਦਾ ਫ਼ੈਸਲਾ