ਭੁੱਖ

(ਸਮਾਜ ਵੀਕਲੀ)

ਦੀਪੋ ਕਿਸੇ ਸਮੇਂ ਬੜੀ ਸੋਹਣੀ ਸੁਨੱਖੀ ਮੁਟਿਆਰ ਤੇ ਬੜੀ ਨਖ਼ਰੇ ਵਾਲ਼ੀ ਸੀ। ਕੁੜੀ ਚਿੜੀਆਂ ਵਿੱਚ ਉਸ ਦੇ ਰੰਗ ਰੂਪ ਕਰਕੇ ਤੂਤੀ ਬੋਲਦੀ ਸੀ। ਸਿਆਣੇ ਕਹਿੰਦੇ ਹਨ ਕਿ ਬੀਬੀ ਤਾਂ ਪਹਿਲਾਂ ਹੀ ਮਾਣ ਨਹੀਂ ਸੀ ਤੇ ਹੁਣ ਬੀਬੀ ਕੋਲ ਮੁੰਡਾ ਹੋ ਗਿਆ।ਭਾਵ ਵਿਆਹ ਵੀ ਬੜੇ ਉੱਚੇ ਅਤੇ ਅਮੀਰ ਪਰਿਵਾਰ ਵਿੱਚ ਹੋਇਆ। ਹੁਣ ਤਾਂ ਜਿਵੇਂ ਉਸ ਦਾ ਨਖ਼ਰਾ ਤੇ ਹਊਮੈਂ ਹੋਰ ਦੁੱਗਣੀ ਹੋ ਗਈ ਸੀ। ਤੇ ਪੈਸੇ ਦੀ ਅੰਨ੍ਹੀ ਭੁੱਖ। ਉਸ ਦੀ ਤਾਂ ਉਹ ਗੱਲ ਸੀ ਕਿ ਬਾਪ ਬੜਾ ਨਾ ਭਈਆ,ਸਭ ਸੇ ਬੜਾ ਰੁਪਈਆ।

ਸਮਾਂ ਲੰਘਦਾ ਗਿਆ ਬੱਚੇ ਵੱਡੇ ਹੋ ਗਏ ਤੇ ਬਾਹਰ ਸੈੱਟ ਹੋ ਗਏ । ਰਿਸ਼ਤੇਦਾਰ ਉਸ ਦੀ ਹਊਮੈਂ ਨੇ ਖਾ ਲਏ ਸੀ। ਉਸ ਨੂੰ ਸਿਰਫ ਭੁੱਖ ਸੀ ਤਾਂ ਪੈਸੇ ਦੀ । ਦੀਪੋ ਕੋਲ਼ ਪੈਸਾ ਆਉਂਦਾ ਰਿਹਾ ਪਰ ਰਿਸ਼ਤੇ ਜਾਂਦੇ ਰਹੇ।ਪਰ ਕਹਿੰਦੇ ਹਨ ਕਿ ਬੁਢਾਪੇ ਵਿੱਚ ਪੈਸੇ ਨਾਲ਼ੋਂ ਆਪਣਿਆਂ ਦਾ ਸਾਥ ਜ਼ਰੂਰੀ ਹੁੰਦਾ ਹੈ, ਜੋ ਉਸ ਨੇ ਬਹੁਤ ਸਮਾਂ ਪਹਿਲਾਂ ਗੁਆ ਲਿਆ ਸੀ । ਇਕੱਲਾਪਣ ਉਸ ਨੂੰ ਖਾਣ ਨੂੰ ਆਉਂਦਾ। ਤੇ ਘਰਵਾਲ਼ੇ ਦੀਆਂ ਗੱਲਾਂ ਚੇਤੇ ਆਉਂਦੀਆਂ ਜਦੋਂ ਉਸ ਨੇ ਕਹਿਣਾ ਕਿ ਦਲੀਪ ਕੌਰੇ ਪੈਸਾ ਸੰਭਾਲਣ ਨਾਲੋਂ ਰਿਸ਼ਤੇ ਸੰਭਾਲ ਲੈ। ਕਿਤੇ ਰੇਤ ਦੀ ਮੁੱਠੀ ਵਾਂਗ ਇਹ ਕਿਰ ਨਾ ਜਾਣ ਤੇ ਮੁੱਠੀ ਬੰਦ ਹੋ ਕੇ ਵੀ ਖ਼ਾਲੀ ਨਾ ਰਹਿ ਜਾਵੇ। ਤੇ ਉਸ ਦੀ ਅੱਖ ਖੁੱਲ੍ਹ ਜਾਂਦੀ ।

ਨੀਂਦ ਦੀ ਗੋਲੀ ਤੋਂ ਗੋਲੀਆਂ ਤੱਕ ਪਹੁੰਚ ਗਈ।ਪਰ ਨੀਂਦ ਉਸ ਦੇ ਨੇੜੇ ਵੀ ਨਾ ਫੜਕਦੀ। ਉਹ ਗਲ਼ੀ ਗੁਆਂਢ ਦੇ ਬੱਚਿਆਂ ਨੂੰ ਬੁਲਾਉਂਦੀ ਪਰ ਡਰਦਾ ਕੋਈ ਨੇੜੇ ਨਾ ਜਾਂਦਾ। ਨੀਂਦ ਨਾ ਆਉਣ ਤੇ ਦੀਆਂ ਗੋਲੀਆਂ ਖਾਣ ਕਾਰਨ ਉਸ ਦਾ ਦਿਮਾਗੀ ਸੰਤੁਲਨ ਵਿਗੜਨ ਲੱਗਾ ਤੇ ਹਰ ਲੰਘਦੇ ਟੱਪਦੇ ਨੂੰ ਭੁੱਖ ਭੁੱਖ ਕਰਦੀ। ਲੋਕ ਉਸ ਦੇ ਘਰ ਹਮਦਰਦੀ ਵਜੋਂ ਕੁਝ ਖਾਣ ਨੂੰ ਸੁੱਟ ਦਿੰਦੇ।ਪਰ ਉਹ ਗੇਟ ਦੀਆਂ ਝੀਥਾਂ ਵਿਚਦੀ ਕੋਲ਼ ਆਉਣ ਦੇ ਇਸ਼ਾਰੇ ਤੇ ਭੁੱਖ ਭੁੱਖ ਹੀ ਪੁਕਾਰ ਦੀ।

ਕਈ ਦਿਨਾਂ ਤੋਂ ਹਵੇਲੀ ਦੀਆਂ ਝੀਥਾਂ ਵਿੱਚੋਂ ਭੁੱਖ ਦੀਆਂ ਅਵਾਜ਼ਾਂ ਬੰਦ ਸਨ। ਲਾਈਟਾਂ ਵੀ ਦਿਨ ਰਾਤ ਜੱਗਦੀਆਂ ਰਹਿੰਦੀਆਂ। ਤਾਂ ਇੱਕ ਦਿਨ ਮੁੱਹਲੇ ਵਾਲਿਆਂ ਨੇ ਮਿਉਂਸਪਲ ਕਮੇਟੀ ਤੇ ਥਾਣੇ ਤਲਾਹ ਦਿੱਤੀਆਂ ਦਰਵਾਜ਼ੇ ਦਾ ਤਾਲਾ ਤੋੜ ਵੇਖਿਆ ਤਾਂ ਦੀਪੋ ਫਰਸ਼ ਤੇ ਵਿਖਰੀ ਪਈ ਸੀ ਤੇ ਕੰਧਾਂ ਤੇ ਕਮਰਿਆਂ ਵਿੱਚ ਥਾਂ ਥਾਂ ਤੇ ਇੱਕ ਹੀ ਗੱਲ ਲਿਖੀ ਸੀ। ਮੈਨੂੰ ਪੈਸੇ ਦੀ ਨਹੀਂ ਅਪਣੱਤ ਦੀ, ਆਪਣਿਆਂ ਦੇ ਪਿਆਰ, ਰਿਸ਼ਤਿਆ ਦੇ ਨਿੱਘ ਦੀ ਭੁੱਖ ਸੀ।ਜੋ ਮੈਂ ਪੈਸੇ ਦੇ ਲਾਲਚ ਵੱਸ ਮੁੱਠੀ ਵਿੱਚੋਂ ਰੇਤ ਵਾਂਗ ਕੇਰ ਲਏ।

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ ਸੰਗਰੂਰ
9872299613

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਿਆਨ
Next articleਹੋਕਾ