ਬੰਬਈ ਹਾਈ ਕੋਰਟ ਨੇ ਕੋਰੇਗਾਓਂ ਭੀਮਾ ਹਿੰਸਾ ਮਾਮਲੇ ਵਿੱਚ ਅੱਜ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਗੌਤਮ ਨਵਲੱਖਾ ਨੂੰ 2 ਦਸੰਬਰ ਤੱਕ ਗ੍ਰਿਫ਼ਤਾਰੀ ਤੋਂ ਅੰਤ੍ਰਿਮ ਰਾਹਤ ਦੇ ਦਿੱਤੀ ਹੈ। ਜਸਟਿਸ ਪੀ.ਡੀ. ਨਾਇਕ ਨੇ ਨਵਲੱਖਾ ਦੀ ਪੇਸ਼ਗੀ ਜ਼ਮਾਨਤ ਸਬੰਧੀ ਅਰਜ਼ੀ ਅਤੇ ਉਸ ਦੇ ਸਾਥੀ ਆਨੰਦ ਤੈਲਤੁੰਬੜੇ ਵੱਲੋਂ ਦਾਇਰ ਕੀਤੀ ਗਈ ਇਸੇ ਤਰ੍ਹਾਂ ਦੀ ਇਕ ਹੋਰ ਅਰਜ਼ੀ ’ਤੇ ਸੁਣਵਾਈ 2 ਦਸੰਬਰ ’ਤੇ ਅੱਗੇ ਪਾ ਦਿੱਤੀ ਹੈ। ਬੈਂਚ ਨੇ ਇਸ ਤੱਥ ਦਾ ਨੋਟਿਸ ਲਿਆ ਕਿ ਨਵਲੱਖਾ ਨੂੰ ਅਗਸਤ 2018 ਤੋਂ ਇਸੇ ਤਰ੍ਹਾਂ ਦੀ ਰਾਹਤ ਦਿੱਤੀ ਗਈ ਹੈ ਜਦੋਂ ਨਵਲੱਖਾ ਨੇ ਕੇਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿੱਚ ਪਹੁੰਚ ਕੀਤੀ ਸੀ। ਉਸ ਦੇ ਵਕੀਲ ਯੁੱਗ ਚੌਧਰੀ ਨੇ ਅੱਜ ਜਸਟਿਸ ਨਾਇਕ ਨੂੰ ਦੱਸਿਆ ਕਿ ਇਸ ਕਾਰਕੁਨ ਨੂੰ ਪਿਛਲੇ ਸਾਲ ਤੋਂ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਗਈ ਹੈ ਅਤੇ ਜੇਕਰ ਇਸ ਨੂੰ ਪੇਸ਼ਗੀ ਜ਼ਮਾਨਤ ਮਿਲਣ ਤੱਕ ਜਾਰੀ ਰੱਖਿਆ ਜਾਵੇ ਤਾਂ ਜਾਂਚ ’ਤੇ ਕੋਈ ਫ਼ਰਕ ਨਹੀਂ ਪਵੇਗਾ। ਪੁਣੇ ਪੁਲੀਸ ਨੇ ਪਿਛਲੇ ਸਾਲ ਪਹਿਲੀ ਜਨਵਰੀ ਨੂੰ ਪਿੰਡ ਕੋਰੇਗਾਓਂ ਭੀਮਾ ਵਿੱਚ ਹੋਈ ਹਿੰਸਾ ਦੇ ਮਾਮਲੇ ’ਚ ਸ਼ਮੂਲੀਅਤ ਦੇ ਦੋਸ਼ ਹੇਠ ਨਵਲੱਖਾ, ਤੈਲਤੁੰਬੜੇ ਤੇ ਕਈ ਹੋਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
INDIA ਭੀਮਾ ਕੋਰੇਗਾਓਂ ਹਿੰਸਾ: ਨਵਲੱਖਾ ਨੂੰ 2 ਤੱਕ ਗ੍ਰਿਫ਼ਤਾਰੀ ਤੋਂ ਅੰਤ੍ਰਿਮ ਰਾਹਤ