ਭਾਰਤ ਸੁਰੱਖਿਆ ਕੌਂਸਲ ਦੀ ਅਸਥਾਈ ਸੀਟ ’ਤੇ ਕਾਬਜ਼

ਨਵੀਂ ਦਿੱਲੀ (ਸਮਾਜਵੀਕਲੀ) :  ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ.ਐੱਨ.ਐੱਸ.ਸੀ) ਦੀ ਅਸਥਾਈ ਸੀਟ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਅਸਥਾਈ ਮੈਂਬਰ ਵਜੋਂ ਭਾਰਤ ਦੀ ਦੋ ਵਰ੍ਹਿਆਂ ਦੀ ਮਿਆਦ ਪਹਿਲੀ ਜਨਵਰੀ 2021 ਤੋਂ ਸ਼ੁਰੂ ਹੋਵੇਗੀ। ਦੱਸਣਯੋਗ ਹੈ ਕਿ ਭਾਰਤ ਨੇ ਅੱਠਵੀਂ ਵਾਰ ਸੰਯੁਕਤ ਰਾਸ਼ਟਰ ’ਚ ਬੈਠਣ ਦਾ ਹੱਕ ਹਾਸਲ ਕੀਤਾ ਹੈ।

ਇਸੇ ਦੌਰਾਨ ਯੂ.ਐੱਨ. ਵਿੱਚ ਭਾਰਤ ਦੇ ਸਥਾਈ ਸਫੀਰ ਟੀ.ਐੱਸ. ਤਿਰੂਮੂੁਰਤੀ ਨੇ ਕਿਹਾ ਕਿ ਭਾਰਤ ਆਲਮੀ ਸੰਸਥਾ ਸੰਯੁਕਤ ਰਾਸ਼ਟਰ ਦੇ ਕੰਮ ’ਚ ਪਾਰਦਰਸ਼ਤਾ, ਭਰੋਸੇਯੋਗਤਾ ਅਤੇ ਪ੍ਰਭਾਵਸ਼ੀਲਤਾ ਲਿਆਵੇਗਾ। ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਵੱਲੋਂ ਭਾਰਤ ਦੀ ਸਮਰੱਥਾ ’ਤੇ ਭਰੋਸਾ ਦਿਖਾਉਣ ਲਈ ਧੰਨਵਾਦ ਕਰਦਿਆਂ ਕਿਹਾ, ‘ਇਸ ਨਾਲ ਸਾਬਤ ਹੋ ਗਿਆ ਹੈ ਕਿ ਭਾਰਤ ਆਲਮੀ ਸਹਿਯੋਗ ਦੀ ਵਚਨਬੱਧਤਾ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ।’

ਉਨ੍ਹਾਂ ਇਹ ਵੀ ਕਿਹਾ ਕਿ ਅਤਿਵਾਦ ਪ੍ਰਤੀ ਭਾਰਤ ਦੀ ਪਹੁੰਚ ਹਮੇਸ਼ਾ ‘ਪੂਰਨ-ਅਸਹਿਣਸ਼ੀਲਤਾ’ ਵਾਲੀ ਰਹੀ ਹੈ ਤੇ ਇਸ ਸੰਸਥਾ ’ਚ ਆਪਣੀ ਮੈਂਬਰਸ਼ਿਪ ਦੀ ਮਿਆਦ ਦੌਰਾਨ ਅਤਿਵਾਦ ਨਾਲ ਨਜਿੱਠਣਾ ਉਸਦੀ ਮੁੱਖ ਪਹਿਲ ਹੋਵੇਗੀ।

ਬੁੱਧਵਾਰ ਨੂੰ ਹੋਈ ਜਨਰਲ ਅਸੈਂਬਲੀ ’ਚ ਹੋਈ ਚੋਣ ਦੌਰਾਨ 192 ਮੈਂਬਰ ਦੇਸ਼ਾਂ ਦੇ ਸਫੀਰਾਂ ਨੇ ਕਰੋਨਾ ਲਾਗ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਵੋਟਾਂ ਪਾਈਆਂ। ਪੰਜ ਗ਼ੈਰ-ਸਥਾਈ ਸੀਟਾਂ ਦੇ ਲਈ ਚੋਣ ਅਮਲ ਮਗਰੋਂ ਆਏ ਨਤੀਜਿਆਂ ਮੁਤਾਬਕ ਭਾਰਤ ਨੇ 192 ਵਿੱਚੋਂ 184 ਵੋਟਾਂ ਹਾਸਲ ਕਰ ਕੇ ਏਸ਼ੀਆ-ਪ੍ਰਸ਼ਾਂਤ ਖਿੱਤੇ ਦੇ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ।

ਹੁਣ 2021 ’ਚ ਭਾਰਤ, ਨਾਰਵੇ, ਆਇਰਲੈਂਡ ਅਤੇ ਮੈਕਸੀਕੋ ਸ਼ਕਤੀਸ਼ਾਲੀ ਆਲਮੀ ਸੰਸਥਾ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ’ਚ ਪੰਜ ਸਥਾਈ ਮੈਂਬਰਾਂ ਰੂੁਸ, ਚੀਨ, ਫਰਾਂਸ, ਯੂ.ਕੇ. ਅਤੇ ਅਮਰੀਕਾ ਤੋਂ ਇਲਾਵਾ ਅਸਥਾਈ ਮੈਂਬਰਾਂ ਅਸਤੋਨੀਆ, ਨਾਈਜਰ, ਸੇਂਟ ਵਿਨਸੈਂਟ, ਗ੍ਰੇਨੇਡੀਅਨ, ਟਿਊਨੀਸ਼ੀਆ ਤੇ ਵੀਅਤਨਾਮ ਨਾਲ ਬੈਠਣਗੇ।

ਇਸੇ ਦੌਰਾਨ ਅਮਰੀਕਾ ਦੇ ਸਫ਼ੀਰ ਕੈਨੇਥ ਜਸਟਰ ਨੇ ਟਵੀਟ ਰਾਹੀਂ ਅੱਜ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਅਸਥਾਈ ਮੈਂਬਰ ਚੁਣੇ ’ਤੇ ਵਧਾਈ ਦਿੱਤੀ ਹੈ।

Previous articleਕਰੋਨਾ: ਦੇਸ਼ ’ਚ ਰਿਕਾਰਡ 12,881 ਨਵੇਂ ਕੇਸ
Next articleਨੇਪਾਲੀ ਸੰਸਦ ਵਲੋਂ ਸਰਬਸੰਮਤੀ ਨਾਲ ਨਵਾਂ ਨਕਸ਼ਾ ਪਾਸ