ਨਵੀਂ ਦਿੱਲੀ (ਸਮਾਜ ਵੀਕਲੀ):
ਭਾਰਤ ਨੇ ਸਫ਼ਲਤਾ ਨਾਲ ਹਾਈਪਰਸੌਨਿਕ ਤਕਨੀਕ ਦੀ ਪਰਖ਼ ਮੁਕੰਮਲ ਕਰ ਲਈ ਹੈ। ਇਸ ਨਾਲ ਅਜਿਹੀਆਂ ਮਿਜ਼ਾਈਲਾਂ ਵਿਕਸਿਤ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ ਜੋ ਧੁਨੀ ਦੀ ਗਤੀ ਤੋਂ ਛੇ ਗੁਣਾ ਵੱਧ ਰਫ਼ਤਾਰ ਨਾਲ ਦਾਗ਼ੀਆਂ ਜਾ ਸਕਦੀਆਂ ਹਨ। ਹਾਈਪਰਸੌਨਿਕ ਤਕਨੀਕ ਨੂੰ ਉਡਾਣ ਰਾਹੀਂ ਪਰਖਿਆ ਗਿਆ ਹੈ। ਭਾਰਤ ਹੁਣ ਉਨ੍ਹਾਂ ਮੁਲਕਾਂ ਦੇ ਵਿਸ਼ੇਸ਼ ਵਰਗ ਵਿਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਕੋਲ ਇਹ ਤਕਨੀਕ ਮੌਜੂਦ ਹੈ। ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਇਸ ਵਰਗ ਵਿਚ ਸ਼ਾਮਲ ਹੋਣ ਵਾਲਾ ਭਾਰਤ ਚੌਥਾ ਮੁਲਕ ਹੈ। ‘ਡੀਆਰਡੀਓ’ ਨੇ ਉੜੀਸਾ ਦੇ ਤੱਟ ’ਤੇ ਵ੍ਹੀਲਰ ਟਾਪੂ ਦੇ ਲਾਂਚ ਪੈਂਡ ਤੋਂ ‘ਹਾਈਪਰਸੌਨਿਕ ਏਅਰ-ਬ੍ਰੀਦਿੰਗ ਸਕਰੈਮਜੈੱਟ ਤਕਨੀਕ’ ਦਾ ਸਫ਼ਲਤਾ ਨਾਲ ਪ੍ਰੀਖਣ ਕੀਤਾ ਹੈ। ਇਸ ਲਈ ਐਚਐੱਸਟੀਡੀ ਵਹੀਕਲ ਦਾ ਇਸਤੇਮਾਲ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਹੈ। ਹਾਈਪਰਸੌਨਿਕ ਵਹੀਕਲ ਦੇ ਕਰੂਜ਼ ਫ਼ੇਜ਼ ਦੀ ਨਿਗਰਾਨੀ ਲਈ ਬੰਗਾਲ ਦੀ ਖਾੜੀ ਵਿਚ ਇਕ ਸਮੁੰਦਰੀ ਜਹਾਜ਼ ਵੀ ਤਾਇਨਾਤ ਕੀਤਾ ਗਿਆ ਸੀ। ਡੀਆਰਡੀਓ ਮੁਤਾਬਕ ਮਿਸ਼ਨ ਸਾਰੇ ਪੱਖਾਂ ਤੋਂ ਸਫ਼ਲ ਰਿਹਾ।