ਨਵੀਂ ਦਿੱਲੀ (ਸਮਾਜ ਵੀਕਲੀ): ਵਿਸ਼ਵ ਸਿਹਤ ਸੰਗਠਨ ਨੇ ਅੱਜ ਐਲਾਨ ਕੀਤਾ ਹੈ ਕਿ ਭਾਰਤ ਵਿਚ ਰਵਾਇਤੀ ਦਵਾਈਆਂ ਦਾ ਆਲਮੀ ਪੱਧਰ ਦਾ ਕੇਂਦਰ ਸਥਾਪਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਬਲਿਊਐਚਓ ਦੇ ਐਲਾਨ ’ਤੇ ਕਿਹਾ ਕਿ ਜਿਵੇਂ ਮੁਲਕ ‘ਦੁਨੀਆ ਦੀ ਫਾਰਮੇਸੀ ਬਣ ਕੇ ਉੱਭਰਿਆ ਹੈ’, ਵਿਸ਼ਵ ਸਿਹਤ ਸੰਗਠਨ ਦਾ ਉਪਰਾਲਾ ਵੀ ਕੌਮਾਂਤਰੀ ਪੱਧਰ ਉਤੇ ਤੰਦਰੁਸਤੀ ਦਾ ਵੱਡਾ ਕੇਂਦਰ ਬਣੇਗਾ।
ਪੰਜਵੇਂ ਆਯੁਰਵੈਦ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਅੱਜ ਜੈਪੁਰ ਤੇ ਜਾਮਨਗਰ ਵਿਚ ਵੀਡੀਓ ਕਾਨਫਰੰਸ ਰਾਹੀਂ ਦੋ ਆਯੁਰਵੈਦ ਸੰਸਥਾਵਾਂ ਦਾ ਉਦਘਾਟਨ ਕੀਤਾ। ਇਸ ਮੌਕੇ ਵਿਸ਼ਵ ਸਿਹਤ ਸੰਗਠਨ ਮੁਖੀ ਦਾ ਇਕ ਵੀਡੀਓ ਸੁਨੇਹਾ ਸਾਂਝਾ ਕੀਤਾ ਗਿਆ ਜਿਸ ਵਿਚ ਰਵਾਇਤੀ ਦਵਾਈਆਂ ਦਾ ਕੇਂਦਰ ਭਾਰਤ ਵਿਚ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਜਾਮਨਗਰ (ਗੁਜਰਾਤ) ਵਿਚ ਆਯੁਰਵੈਦ ਅਧਿਆਪਨ ਤੇ ਖੋਜ ਸੰਸਥਾ (ਆਈਟੀਆਰਏ) ਅਤੇ ਜੈਪੁਰ (ਰਾਜਸਥਾਨ) ਵਿਚ ਕੌਮੀ ਆਯੁਰਵੈਦ ਸੰਸਥਾ (ਐਨਆਈਏ) ਦਾ ਉਦਘਾਟਨ ਕੀਤਾ ਗਿਆ ਹੈ। ਆਯੁਰਵੈਦ ਦੇ ਖੇਤਰ ਵਿਚ ਇਹ ਮੁਲਕ ਦੀਆਂ ਮੋਹਰੀ ਸੰਸਥਾਵਾਂ ਹੋਣਗੀਆਂ।
ਡਬਲਿਊਐਚਓ ਦੇ ਡੀਜੀ ਟੈਡਰੋਸ ਅਧਾਨੋਮ ਨੇ ਕਿਹਾ ਕਿ ਆਯੁਰਵੈਦ ਨੂੰ ਹਾਲੇ ਤੱਕ ਢੁੱਕਵੀਂ ਤਵੱਜੋ ਨਹੀਂ ਮਿਲੀ ਹੈ ਪਰ ਇਹ ਸਿਹਤ ਖੇਤਰ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਟੈਡਰੋਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਆਯੂਸ਼ਮਾਨ ਭਾਰਤ ਸਕੀਮ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਰਵਾਇਤੀ ਦਵਾਈਆਂ ਨੂੰ ਉਤਸ਼ਾਹਿਤ ਕਰਨ ਲਈ ਸਬੂਤ ਅਧਾਰਿਤ ਰਣਨੀਤੀ ’ਤੇ ਕੰਮ ਕਰ ਰਿਹਾ ਹੈ ਜੋ ਕਿ ਸ਼ਲਾਘਾਯੋਗ ਹੈ। ਮੋਦੀ ਨੇ ਇਸ ਮੌਕੇ ਕਿਹਾ ਕਿ ਆਯੁਰਵੈਦ ਭਾਰਤ ਦੀ ਵਿਰਾਸਤ ਹੈ ਜਿਸ ਦਾ ਵਿਸਤਾਰ ਮਨੁੱਖਤਾ ਦੇ ਭਲੇ ਲਈ ਸਹਾਈ ਹੈ। ਮੋਦੀ ਨੇ ਕਿਹਾ ਕਿ ਭਾਰਤ ਨੂੰ ਵਿਰਾਸਤ ਵਿਚ ਮਿਲਿਆ ਗਿਆਨ ਹੋਰਨਾਂ ਮੁਲਕਾਂ ਨਾਲ ਸਾਂਝਾ ਕਰਨ ਦਾ ਮੌਕਾ ਮਿਲ ਰਿਹਾ ਹੈ ਤੇ ਇਹ ਮਾਣ ਵਾਲੀ ਗੱਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਤੇ ਨਵੇਂ ਉੱਦਮਾਂ ਨੂੰ ਇਸ ਸੈਕਟਰ ਵਿਚ ਸੰਭਾਵਨਾਵਾਂ ਤਲਾਸ਼ਣ ਦੀ ਲੋੜ ਹੈ। ਦੱਸਣਯੋਗ ਹੈ ਕਿ ਆਯੁਰਵੈਦ ਉਤਪਾਦਾਂ ਦੀ ਬਰਾਮਦ ਕਾਫ਼ੀ ਵਧੀ ਹੈ।