ਭਾਰਤ ਵਿਚ ਅਵਾਰਾ ਕੁੱਤਿਆਂ ਦੀ  ਸਮੱਸਿਆ

 

ਡਾਚਰਨਜੀਤ ਸਿੰਘ ਗੁਮਟਾਲਾ,

91-9417533060

 

ਭਾਰਤ ਇੱਕ ਅਜਿਹਾ ਦੇਸ਼ ਹੈ, ਜਿੱਥੇ ਗਲੀਆਂ ਬਜ਼ਾਰਾਂ ਵਿੱਚ ਅਵਾਰਾ ਕੁੱਤੇ ਮਿਲਦੇ ਹਨ। ਕੁੱਤਿਆਂ ਨੂੰ ਮਾਰਨਾ ਕਾਨੂੰਨਨ ਜ਼ੁਰਮ ਹੈ। ਕੁੱਤਿਆਂ ਦੀ ਨਸਬੰਦੀ ਕਰਕੇ, ਉਸੇ ਥਾਂ ਛੱਡਣ ਦੇ ਹੁਕਮ ਹਨ, ਜਿੱਥੋਂ ਕਿ ਉਨ੍ਹਾਂ ਨੂੰ ਫੜ੍ਹਿਆ ਗਿਆ ਸੀ। ਆਏ ਦਿਨ ਕੁੱਤਿਆਂ ਦੁਆਰਾ ਬੱਚੇ, ਬੁੱਢੇ ਤੇ  ਜੁਆਨਾਂ ਨੂੰ ਨੋਚ ਨੋਚ ਕੇ ਖਾ ਜਾਣ ਦੀਆਂ ਦਰਦਨਾਕ ਖ਼ਬਰਾਂ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ  ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਪਰ ਸਾਡੇ ਸਿਆਸਤਦਾਨਾਂ ਦੇ ਪੱਥਰਰੂਪੀ ਦਿਲਾਂ ‘ਤੇ ਇਨ੍ਹਾਂ ਦਾ ਕੋਈ ਅਸਰ ਨਹੀਂ। ਆਮ ਤੌਰ ‘ਤੇ ਗਰੀਬ ਲੋਕ ਜਿਹੜੇ ਭੱਠਿਆਂ, ਖੇਤਾਂ ਆਦਿ ਥਾਵਾਂ ‘ਤੇ ਕੰਮ ਕਰਦੇ ਹਨ,  ਦੇ ਬੱਚੇ  ਜ਼ਿਆਦਾ ਸ਼ਿਕਾਰ ਹੁੰਦੇ ਹਨ ਕਿਉਂਕਿ ਔਰਤਾਂ ਬੱਚਿਆਂ ਨੂੰ ਕੰਮ ਦੇ ਲਾਗੇ ਬੱਚਿਆਂ ਨੂੰ ਇਕੱਲਿਆਂ ਛੱਡ ਕੇ ਕੰਮ ਵਿੱਚ ਰੁਝੀਆਂ ਹੁੰਦੀਆਂ ਹਨ। ਦੂਜੇ ਪਾਸੇ ਪੰਜਾਬ ਸਮੇਤ ਬਾਕੀ ਸੂਬਿਆਂ ਵਿੱਚ ਹਲਕਾਅ ਦੇ ਟੀਕੇ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਹਨ ਤੇ ਮਹਿੰਗੇ ਭਾਅ ਦੇ ਟੀਕੇ ਗ਼ਰੀਬ ਆਦਮੀ ਲੈ ਨਹੀਂ ਸਕਦਾ। ਸਿੱਟੇ ਵਜੋਂ ਹਲਕਾਅ ਕਾਰਨ ਬਹੁਤੇ ਗ਼ਰੀਬ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਵਿਚ ਪਿਛਲੇ ਦੋ ਸਾਲਾਂ ਤੋਂ ਔਸਤਨ ਰੋਜ਼ਾਨਾ 300 ਕੇਸ ਕੁੱਤਿਆਂ ਦੇ ਕੱਟੇ ਹੋਏ ਹਸਪਤਾਲਾਂ ਵਿਚ ਆ ਰਹੇ ਹਨ, ਉਹ ਵੀ ਜਿੰਨਾ ਨੂੰ ਤੀਜੇ ਦਰਜੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਕੁੱਤੇ ਦਾ ਥੁੱਕ  ਜਖ਼ਮਾਂ ਵਿੱਚ ਚਲਿਆ ਜਾਂਦਾ ਹੈ।  ਇਸ ਦੇ ਇਲਾਜ਼ ਲਈ ਮਰੀਜ਼ਾਂ ਨੂੰ 20 ਹਜ਼ਾਰ ਤੋਂ 25 ਹਜ਼ਾਰ ਰੁਪਿਆਂ ਦਾ ਇੱਕ ਟੀਕਾ ਬਜ਼ਾਰੋਂ ਮੁੱਲ ਲਿਆਉਣਾ ਪੈਂਦਾ ਹੈ। ਬੱਚਿਆਂ ਲਈ ਇਸ ਦੀ ਕੀਮਤ 7 ਹਜ਼ਾਰ ਤੋਂ 10 ਹਜ਼ਾਰ ਤੀਕ ਹੈ।ਦੁਖ਼ਦਾਈ ਗੱਲ ਇਹ ਹੈ ਕਿ ਟੀਕੇ ਆਮ ਦਵਾਈਆਂ ਦੀਆਂ ਦੁਕਾਨਾਂ ਤੋਂ ਨਹੀਂ ਮਿਲਦੇ। ਆਮ ਡਿਸਪੈਂਸਰੀਆਂ ਤੇ ਹਸਪਤਾਲਾਂ ਦੀ ਗੱਲ ਛੱਡੋ ਮੁੱਖ ਮੰਤਰੀ ਦੇ ਸ਼ਹਿਰ ਸਥਿਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ  ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ਅੰਮ੍ਰਿਤਸਰ ਵਿੱਚ ਇਹ ਟੀਕੇ ਮੌਜੂਦ ਨਹੀਂ ਹਨ।

ਜਿੱਥੋਂ ਤੀਕ ਅੰਕੜਿਆਂ ਦੀ ਗੱਲ ਹੈ, ਸਰਕਾਰੀ ਰਿਕਾਰਡ ਅਨੁਸਾਰ 2018 ਵਿੱਚ ਲੁਧਿਆਣਾ ਵਿੱਚ ਸਭ ਤੋਂ ਵੱਧ 15324 ਕੇਸ ਦਰਜ ਕੀਤੇ ਗਏ। ਪਟਿਆਲਾ 9936 ਕੇਸਾਂ ਨਾਲ ਦੂਜੇ  ਸਥਾਨ ‘ਤੇ, ਜਲੰਧਰ 9839 ਕੇਸਾਂ ਨਾਲ ਤੀਜੇ,  ਸੰਗਰੂਰ 6593 ਕੇਸਾਂ ਨਾਲ ਤੀਜੇ ਸਥਾਨ ‘ਤੇ, ਹੁਸ਼ਿਆਰਪੁਰ 9260 ਕੇਸਾਂ ਨਾਲ ਚੌਥੇ ਸਥਾਨ ‘ਤੇ ਰਿਹਾ।

            ਇੱਕ ਅਨੁਮਾਨ ਅਨੁਸਾਰ ਭਾਰਤ ਵਿੱਚ 3 ਕਰੋੜ ਦੇ ਕਰੀਬ ਅਵਾਰਾ ਕੁੱਤੇ ਹਨ ਤੇ ਹਰ ਸਾਲ 20 ਹਜ਼ਾਰ ਲੋਕ ਹਲਕਾਅ ਕਰਕੇ ਮਰਦੇ ਹਨ। ਹਾਲਾਂ ਕਿ ਇਸ ਦਾ ਇਲਾਜ਼ ਹੈ ਪਰ ਇਸ ਦੇ ਬਾਵਜੂਦ ਦੁਨੀਆਂ ਵਿੱਚ ਹਲਕਾਅ ਕਾਰਨ ਮਰਨ ਵਾਲਿਆਂ ਦੀ ਗਿਣਤੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਹੈ ਜੋ ਕਿ 35% ਹੈ। ਬੀ ਬੀ ਸੀ ਦੀ 6 ਮਈ 2016 ਦੀ ਰਿਪੋਰਟ ਅਨੁਸਾਰ ਭਾਰਤ ਦੇ ਸਭ ਤੋਂ ਅਮੀਰ ਸ਼ਹਿਰ ਮੁਬੰਈ ਵਿੱਚ ਉਨ੍ਹੇ ਬੰਦੇ ਅਤਿਵਾਦੀ ਹਮਲਿਆਂ ਵਿੱਚ ਨਹੀਂ ਮਰੇ ਜਿੰਨੇ ਕੁੱਤਿਆਂ ਦੇ ਕੱਟਣ ਨਾਲ ਮਰੇ ਹਨ। 1994 ਤੋਂ 2015 ਤੀਕ 434 ਵਿਆਕਤੀ ਹਲਕਾਅ ਨਾਲ ਮੁਬੰਈ ਵਿੱਚ ਮਰੇ  ਜਦਕਿ 1994 ਦੇ ਲੜੀਵਾਰ ਧਮਾਕਿਆਂ ਨਾਲ ਅਤੇ 26 ਸਤੰਬਰ 2008 ਦੇ ਅਤਿਵਾਦੀ ਹਮਲੇ ਨਾਲ 422 ਵਿਅਕਤੀ ਮਰੇ ਸਨ। ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦੇ ਸੰਬੰਧ ਵਿੱਚ ਨਗਰ ਨਿਗਮ ਨੇ ਦੱਸਿਆ ਕਿ 13 ਲੱਖ ਦੇ ਕਰੀਬ ਸ਼ਹਿਰੀਆਂ ਨੂੰ ਅਵਾਰਾ ਕੁੱਤਿਆਂ ਨੂੰ ਇਸ ਸਮੇਂ ਵੱਢਿਆ। ਹੈਰਾਨੀ ਇਸ ਗੱਲ ਦੀ ਹੈ ਕਿ ਭਾਰਤੀ ਅਦਾਲਤਾਂ ਵਿੱਚ ਪਹਿਲਾਂ ਹੀ 3 ਕਰੋੜ ਕੇਸ ਅਦਾਲਤ ਵਿੱਚ ਸੁਣਵਾਈ ਅਧੀਨ ਉੱਥੇ ਸਵਰ ਉੱਚ ਅਦਾਲਤ ਅਵਾਰਾ ਕੁੱਤਿਆਂ ਦੇ ਕੇਸ ਵਿੱਚ ਉਲਝੀ ਹੋਈ ਹੈ।

ਏਨੀ ਵੱਡੀ ਗਿਣਤੀ ਵਿੱਚ ਅਵਾਰਾ ਕੁੱਤੇ ਹਨ ਕਿ ਇਨ੍ਹਾਂ ਸਾਰਿਆਂ ਦੀ ਨਸਬੰਦੀ ਕਰਨਾ ਬਹੁਤ ਹੀ ਮੁਸ਼ਕਲ ਹੈ।  ਪਹਿਲੀ ਗੱਲ ਹੈ ਕਿ ਹਰ ਕੁੱਤੇ ਨੂੰ ਨਸਬੰਦੀ ਕਰਕੇ ਕੁਝ ਦਿਨ ਡਾਕਟਰਾਂ ਦੀ ਦੇਖ ਰੇਖ ਵਿੱਚ ਰੱਖਣਾ ਪੈਂਦਾ ਹੈ, ਦੂਜਾ ਖ਼ਰਚਾ ਬਹੁਤ ਆਉਂਦਾ ਹੈ।ਹਰ ਸੂਬੇ ਨੂੰ ਅਰਬਾਂ ਰੁਪੲੈ ਚਾਹੀਦੇ ਹਨ ਤੇ ਇਸ ਦੀ ਕੋਈ ਗਰੰਟੀ ਨਹੀਂ ਕਿ ਏਨੀ ਰਕਮ ਖ਼ ਰਚ ਕਰਕੇ ਵੀ ਇਹ ਸਮੱਸਿਆ ਹੱਲ ਹੋ ਜਾਵੇਗੀ ।

2012 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਇਹ ਮਾਮਲਾ ਆਇਆ ਤਾਂ ਉਸ ਸਮੇਂ ਦੇ ਵਿਧਾਇਕ ਸ. ਅਜੀਤ ਸਿੰਘ  ਮੋਫ਼ਰ ਨੇ ਸੁਝਾਅ ਦਿੱਤਾ ਕਿ ਸਾਰੇ ਕੁੱਤਿਆਂ ਨੂੰ ਨਾਗਾਲੈਂਡ, ਮੀਜ਼ੋਰਾਮ ਤੇ ਚੀਨ ਨੂੰ ਭੇਜ ਦਿੱੱਤਾ ਜਾਵੇ , ਜਿੱਥੋਂ ਦੇ ਲੋਕ ਕੁੱਤਿਆਂ ਦਾ ਮਾਸ ਖਾਂਦੇ ਹਨ।  ਕੇਰਲਾ ਦੀਆਂ ਪੰਚਾਇਤਾਂ ਨੇ ਵੀ ਸੁਝਾਅ ਦਿੱਤਾ ਕਿ ਕੁੱਤਿਆਂ ਦਾ ਮੀਟ ਤਿਆਰ ਕਰਕੇ ਚੀਨ, ਉਤਰੀ ਕੋਰੀਆ ਤੇ ਹੋਰ ਮੁਲਕਾਂ ਨੂੰ ਭੇਜ ਦਿੱਤਾ ਜਾਵੇ ਜਿੱਥੇ ਕਿ ਮੀਟ ਖਾਧਾ ਜਾਂਦਾ ਹੈ।

ਇਸ ਦਲੀਲ ਵਿੱਚ ਕੋਈ ਦਮ ਨਹੀਂ ਕਿ ਕੁੱਤਿਆਂ ਨਾਲ ਬਰਬਰਤਾ (ਜ਼ਾਲਮਾਨਾ) ਵਾਲਾ ਰਸੂਖ ਨਾ ਵਰਤਿਆ ਜਾਵੇ।  ਬਾਕੀ ਜਾਨਵਰਾਂ ਨੂੰ ਬੁਚੜਖਾਨਿਆਂ ਵਿੱਚ ਵੱਢਿਆ ਜਾਂਦਾ ਹੈ ਤਾਂ ਕੁੱਤਿਆਂ ਨੂੰ ਕਿਉਂ ਨਹੀਂ ਵੱਢਿਆ ਜਾ ਸਕਦਾ ? ਉਤਰੀ ਪੂਰਬੀ ਸੂਬਿਆਂ ਵਿੱਚ ਕੁੱਤਿਆਂ ਦਾ ਮੀਟ ਖਾਣ ਦੀ ਪਰੰਪਰਾ ਬਹੁਤ ਪੁਰਾਣੀ ਹੈ ਤੇ ਇਨ੍ਹਾਂ ਮਾਰਕੀਟਾਂ ਬਾਰੇ ਕੋਈ ਨਿਯਮ ਨਹੀਂ।ਇੱਕ ਵਕੀਲ ਸੀਰਾ ਖਰੇ ਦਾ ਕਹਿਣਾ ਹੈ ਕਿ ਕੁੱਤੇ ਦਾ ਮੀਟ ਖਾਣ ਬਾਰੇ ਕੋਈ ਕਾਨੂੰਨੀ ਧਾਰਾ ਨਹੀਂ। ਇਹੋ ਕਾਰਨ ਹੈ ਕਿ ਜੇ ਕੋਈ ਕੁੱਤੇ ਦਾ ਮੀਟ ਖਾਂਦਾ ਫੜਿਆ ਜਾਂਦਾ ਹੈ ਤਾਂ ਉਹ ਅਦਾਲਤ ਵਿੱਚ ਬਰੀ ਹੋ ਜਾਂਦਾ ਹੈ।

ਭਾਵੇਂ ਭਾਰਤ ਦੇ ਬਹੁਤੇ ਸੂਬਿਆਂ ਵਿਚ ਗਊ ਹੱਤਿਆ ਮਨ੍ਹਾਂ ਹੈ, ਪਰ ਇਸ ਦੇ ਬਾਵਜੂਦ ਭਾਰਤ ਦੂਜੇ ਦੇਸ਼ਾਂ ਨੂੰ ਗਊ ਦਾ ਮਾਸ ਭੇਜਣ ਵਿਚ ਸਭ ਤੋਂ ਅੱਗੇ ਹੈ।  ਸਭ ਤੋਂ ਵੱਧ ਬੁਚੜਖਾਨੇ ਉਤਰ ਪ੍ਰਦੇਸ਼ ਵਿੱਚ ਹਨ ਤੇ ਇਨ੍ਹਾਂ ਦੇ ਮਾਲਕ ਹਿੰਦੂ ਹਨ, ਪਰ ਉਨ੍ਹਾਂ ਨੇ ਆਪਣੀਆਂ ਫਰਮਾਂ ਦੇ ਨਾਂ ਅਜਿਹੇ ਰੱਖੇ ਹੋਏ ਹਨ ਜਿਨ੍ਹਾਂ ਤੋਂ ਇਹ ਪ੍ਰਭਾਵ ਪੈਂਦਾ ਹੈ ਕਿ ਇਨ੍ਹਾਂ ਦੇ ਮਾਲਕ ਮੁਸਲਮਾਨ ਹੋਣ।

ਅਮਰੀਕਾ ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ 2016 ਵਿਚ ਭਾਰਤ ਤੇ ਬਰਾਜ਼ੀਲ ਦੋਵਾਂ ਨੇ ਸਭ ਤੋਂ ਵੱਧ ਗਊ ਦਾ ਮਾਸ ਵਿਦੇਸ਼ਾਂ ਨੂੰ ਭੇਜਿਆ। ਭਾਰਤ ਨੇ 18500000 ਕਿਲੋਗ੍ਰਾਮ ਗਾਵਾਂ ਦਾ ਮਾਸ ਬਰਾਮਦ ਕੀਤਾ ਜੋ ਕਿ  ਦੁਨੀਆਂ ਦੇ ਬਰਾਮਦ ਦਾ 19.60% ਸੀ। ਏਨਾ ਮਾਸ ਹੀ ਬਰਾਜ਼ੀਲ ਨੇ ਬਰਾਮਦ ਕੀਤਾ। ਅਸਟਰੇਲੀਆ ਤੀਜੇ ਸਥਾਨ ‘ਤੇ ਸੀ ।ਉਸ ਨੇ 138500000 ਕਿਲੋਗ੍ਰਾਮ ਮਾਸ ਬਰਾਮਦ ਕੀਤਾ ਜੋ ਕਿ ਦੁਨੀਆਂ ਦਾ14.67 % ਸੀ। ਅਮਰੀਕਾ ਨੇ 112000000 ਕਿਲੋਗ੍ਰਾਮ ਮਾਸ ਬਰਾਮਦ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ, ਜੋ ਕਿ ਦੁਨੀਆਂ ਦਾ 11.87 % ਸੀ।  ਇਸ ਲਈ ਕੇਵਲ ਕੁੱਤਿਆਂ ਸੰਬੰਧੀ ਕਾਨੂੰਨ ਬਣਾਉਣਾ ਕਿ ਇਨ੍ਹਾਂ ਨੂੰ ਮਾਰਨਾ ਨਹੀਂ, ਸਗੋਂ ਗੱਲੀਆਂ ਮੁਹੱਲਿਆਂ ਵਿੱਚ ਖੁੱਲ੍ਹਾ ਛੱਡਣਾ ਕੋਈ ਤਰਕਸੰਗਤ ਨਹੀਂ।

ਦੁਨੀਆਂ ਵਿੱਚ ਕਈ ਕਬੀਲੇ ਐਸੇ ਹਨ ਜਿਨ੍ਹਾਂ ਨੂੰ ਅਜੇ ਵੀ ਕੁੱਤਿਆਂ ਦਾ ਮੀਟ ਖਾਣ ਦਾ ਜਮਾਂਦਰੂ ਹੱਕ ਹੈ। 2014 ਵਿੱਚ ਇੱਕ ਅੰਦਾਜੇ ਅਨੁਸਾਰ 2 ਕਰੋੜ 50 ਲੱਖ ਕੁੱਤਿਆਂ ਦਾ ਮੀਟ ਹਰ ਸਾਲ ਦੁਨੀਆਂ ਵਿੱਚ ਖਾਧਾ ਜਾਂਦਾ ਹੈ। ਅਮਰੀਕਾ ਵਿੱਚ 12 ਸਤੰਬਰ 2018 ਵਿੱਚ ਇੱਕ ਕਾਨੂੰਨ ਬਣਾਇਆ ਗਿਆ ਜਿਸ ਅਨੁਸਾਰ ਬਿੱਲੀਆਂ ਅਤੇ ਕੁੱਤਿਆਂ ਦੇ ਮੀਟ ਖਾਣ ਉੱਪਰ ਪਾਬੰਦੀ ਲਾ ਦਿੱਤੀ ਗਈ, ਜਿਸ ਨੂੰ 20 ਦਸੰਬਰ 2018 ਨੂੰ ਰਾਸ਼ਟਰਪਤੀ ਨੇ ਪ੍ਰਵਾਨਗੀ ਦਿੱਤੀ। ਇਸ ਕਾਨੂੰਨ ਅਨੁਸਾਰ ਬਿੱਲੀ ਤੇ ਕੁੱਤੇ ਦਾ ਮੀਟ ਖਾਣ ਵਾਲੇ ਨੂੰ 5000 ਡਾਲਰ ਜੁਰਮਾਨੇ ਦੀ ਵਿਵਸਥਾ ਹੈ। ਇਨ੍ਹਾਂ ਉਪਰ ਬੁਚੜਖਾਨਿਆਂ ਲਈ ਭੇਜਣ ਉਪਰ ਪਾਬੰਦੀ ਹੈ ਪਰ ਅਮਰੀਕਾ ਦੇ ਆਦਿ ਵਾਸੀਆਂ ਨੂੰ ਇਸ ਵਿੱਚ ਛੋਟ ਦਿੱਤੀ ਗਈ ਹੈ ਕਿਉਂਕਿ ਇਹ ਉਨ੍ਹਾਂ ਦੇ ਧਾਰਮਿਕ ਅਕੀਦਿਆਂ ਵਿੱਚ ਆਉਂਦਾ ਹੈ। ਇਸ ਕਾਨੂੰਨ ਅਨੁਸਾਰ ਅਮਰੀਕਾ ਵੱਲੋਂ ਚੀਨ, ਦੱਖਣੀ ਕੋਰੀਆ, ਵੀਅਤਨਾਮ ਅਤੇ ਨਾਗਾਲੈਂਡ ਨੂੰ ਇਹ ਮੀਟ ਬਰਾਮਦ ਕਰਨ ਉਪਰ ਪਾਬੰਦੀ ਲਾ ਦਿੱਤੀ ਗਈ ਹੈ। ਇਸ ਲਈ ਭਾਰਤ ਨੂੰ ਵੀ ਜਿਹੜੇ ਕਬੀਲੇ  ਕੁੱਤਿਆਂ ਦਾ ਮੀਟ ਖਾਣ ਦੇ ਆਦੀ ਹਨ, ਉਨ੍ਹਾਂ ਨੂੰ ਛੋਟ ਦੇਣੀ ਚਾਹੀਦੀ ਹੈ। ਇਕ ਵਾਰ ਵੱਡੀ ਪੱਧਰ ‘ਤੇ ਇਨ੍ਹਾਂ ਦਾ ਮੀਟ ਬਣਾ ਕੇ ਬਰਾਮਦ ਕਰਕੇ ਜਿੱਥੇ ਵੱਡੀ ਰਕਮ ਇਕੱਠੀ ਕੀਤੀ ਜਾ ਸਕਦੀ ਹੈ, ਉੱਥੇ ਆਏ ਦਿਨ ਅਜਾਈਂ ਜਾ ਰਹੀਆਂ ਜਾਨਾਂ ਵੀ ਬਚਾਈਆਂ ਜਾ ਸਕਦੀਆਂ ਤੇ ਹਲਕਾਅ ਦੇ ਟੀਕਿਆਂ ਉਪਰ ਲੋਕਾਂ ਵੱਲੋਂ ਇਲਾਜ ਲਈ ਖ਼ਰਚ ਕੀਤੀਆਂ ਜਾ ਰਹੀਆਂ ਮੋਟੀਆਂ ਰਕਮਾਂ ਤੋਂ ਨਿਜ਼ਾਤ ਮਿਲ ਸਕਦੀ ਹੈ ਸਿਰਫ਼ ਲੋੜ ਮੌਜੂਦਾ ਕਾਨੂੰਨ ਵਿਚ ਸੋਧ ਕਰਨ ਦੀ। ਜਿਸ ਲਈ ਇੱਛਾ ਸ਼ਕਤੀ ਦੀ ਲੋੜ ਹੈ।

-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)     

ਡਾ. ਚਰਨਜੀਤ ਸਿੰਘ ਗੁਮਟਾਲਾ, 253 ਅਜੀਤ ਨਗਰ, ਅੰਮ੍ਰਿਤਸਰ।ਪਿਨ 143006

Previous articleਹੋਰਨਾਂ ਦੇਸ਼ਾਂ ਜਿੰਨੇ ਨਹੀਂ ਵਿਗੜਨਗੇ ਹਾਲਾਤ: ਵਰਧਨ
Next articleਪੰਜਾਬ ਸਰਕਾਰ ਵੱਲੋਂ 54 ਜ਼ਿਲਾ ਸਿੱਖਿਆ ਅਫਸਰਾਂ ਤੇ ਪ੍ਰਿੰਸੀਪਲਾਂ ਦੇ ਤਬਾਦਲੇ