ਹੋਰਨਾਂ ਦੇਸ਼ਾਂ ਜਿੰਨੇ ਨਹੀਂ ਵਿਗੜਨਗੇ ਹਾਲਾਤ: ਵਰਧਨ

ਨਵੀਂ ਦਿੱਲੀ (ਸਮਾਜਵੀਕਲੀ) : ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕਰੋਨਾਵਾਇਰਸ ਕਾਰਨ ਭਾਰਤ ਵਿੱਚ ਕਾਫੀ ਮਾੜੇ ਹਾਲਾਤ ਪੈਦਾ ਹੋਣਗੇ ਜਿਵੇਂ ਕਿ ਕਈ ਵਿਕਸਤ ਦੇਸ਼ਾਂ ਵਿੱਚ ਹੋ ਚੁੱਕੇ ਹਨ ਪਰ ਫਿਰ ਵੀ ਸਰਕਾਰ ਵੱਲੋਂ ਹਰ ਹਾਲਾਤ ਤੋਂ ਨਜਿੱਠਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਟੈਸਟ ਕਰਨ ਦੀ ਸਮਰੱਥਾ ਕਰੀਬ 95,000 ਪ੍ਰਤੀ ਦਿਨ ਤੱਕ ਪਹੁੰਚ ਚੁੱਕੀ ਹੈ ਅਤੇ ਹੁਣ ਤੱਕ ਦੇਸ਼ ਭਰ ਦੀਆਂ 332 ਸਰਕਾਰੀ ਤੇ 121 ਨਿੱਜੀ ਲੈਬਾਰਟਰੀਆਂ ਵਿੱਚ ਕੁੱਲ 15,25,631 ਟੈਸਟ ਕੀਤੇ ਜਾ ਚੁੱਕੇ ਹਨ। ਇਕ ਬਿਆਨ ਅਨੁਸਾਰ ਕੇਂਦਰੀ ਮੰਤਰੀ ਨੇ ਉੱਤਰ-ਪੂਰਬੀ ਰਾਜਾਂ ਵਿੱਚ ਕਰੋਨਾਵਾਇਰਸ ਦੀ ਸਥਿਤੀ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਉਕਤ ਰਾਜਾਂ ਵਿੱਚ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਤੇ ਪ੍ਰਬੰਧਨ ਦੀ ਸਮੀਖਿਆ ਵੀ ਕੀਤੀ।

ਤੰਬਾਕੂ ਦੇ ਇਸਤੇਮਾਲ ਅਤੇ ਜਨਤਕ ਥਾਵਾਂ ’ਤੇ ਥੁੱਕਣ ’ਤੇ ਰੋਕ ਲਗਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਲਾਗ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਸਖ਼ਤ ਕਾਨੂੰਨ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਚਬਾਉਣ ਵਾਲੇ ਤੰਬਾਕੂ ’ਤੇ ਰੋਕ ਲਗਾਉਣ ਵਾਲੇ ਰਾਜਾਂ ਦੀ ਸ਼ਲਾਘਾ ਕੀਤੀ।

ਇਸ ਗੱਲਬਾਤ ਦੌਰਾਨ ਰਾਜਾਂ ਨੇ ਟੈਸਟ ਕਰਨ ਦੀ ਸਹੂਲਤ, ਸਿਹਤ ਢਾਂਚੇ, ਚੌਕਸੀ ਤੇ ਸੰਪਰਕਾਂ ਦੀ ਭਾਲ ਆਦਿ ਸਬੰਧੀ ਮੁੱਦੇ ਚੁੱਕੇ ਅਤੇ ਆਪਣੇ ਤਜਰਬੇ ਸਾਂਝੇ ਕੀਤੇ। ਕੌਮਾਂਤਰੀ ਸਰਹੱਦ ਵਾਲੇ ਰਾਜਾਂ ਨੂੰ ਉਨ੍ਹਾਂ ਸਖ਼ਤ ਕਦਮ ਉਠਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਦਾਖ਼ਲਾ ਪੁਆਇੰਟਾਂ ਤੋਂ ਆਉਣ ਵਾਲੇ ਹਰੇਕ ਵਿਅਕਤੀ ਦੀ ਜਾਂਚ ਕੀਤੀ ਜਾਵੇ ਅਤੇ ਹਦਾਇਤਾਂ ਅਨੁਸਾਰ ਕੁਆਰੰਟਾਈਨ ਕੀਤਾ ਜਾਵੇ।

Previous articleਟਰੰਪ ਵੱਲੋਂ ਕਰੋਨਾ ਤੇ ਅਰਥਵਿਵਸਥਾ ਬਾਰੇ ਵਿਸ਼ਵ ਆਗੂਆਂ ਨਾਲ ਗੱਲਬਾਤ
Next articleਭਾਰਤ ਵਿਚ ਅਵਾਰਾ ਕੁੱਤਿਆਂ ਦੀ  ਸਮੱਸਿਆ