ਭਾਰਤ ਨੇ ਸ੍ਰੀਲੰਕਾ ਤੋਂ ਲੜੀ ਜਿੱਤੀ

ਪੁਣੇ– ਖਿਡਾਰੀਆਂ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਸ੍ਰੀਲੰਕਾ ਨੂੰ ਤੀਜੇ ਤੇ ਆਖ਼ਰੀ ਟੀ-20 ਮੈਚ ਵਿੱਚ 78 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-0 ਨਾਲ ਆਪਣੇ ਨਾਮ ਕਰ ਲਈ। ਇਸ ਟੀ-20 ਲੜੀ ਦਾ ਗੁਹਾਟੀ ਵਿੱਚ ਪਹਿਲਾ ਮੈਚ ਮੀਂਹ ਪੈਣ ਕਾਰਨ ਰੱਦ ਕਰ ਦਿੱਤਾ ਗਿਆ ਸੀ, ਜਦੋਂਕਿ ਭਾਰਤ ਨੇ ਦੂਜਾ ਮੈਚ (ਇੰਦੌਰ) ਸੱਤ ਵਿਕਟਾਂ ਨਾਲ ਜਿੱਤਿਆ ਸੀ।
ਸਲਾਮੀ ਬੱਲੇਬਾਜ਼ਾਂ ਲੋਕੇਸ਼ ਰਾਹੁਲ (54 ਦੌੜਾਂ) ਅਤੇ ਸ਼ਿਖਰ ਧਵਨ (52 ਦੌੜਾਂ) ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਉਂਦਿਆਂ ਪਹਿਲੀ ਵਿਕਟ ਲਈ 97 ਦੌੜ ਜੋੜੀਆਂ। ਪਰ ਮੱਧਕ੍ਰਮ ਇਸ ਦਾ ਫ਼ਾਇਦਾ ਨਹੀਂ ਉਠਾ ਸਕਿਆ। ਭਾਰਤ ਦੀਆਂ ਚਾਰ ਵਿਕਟਾਂ 12 ਗੇਂਦਾਂ ਵਿੱਚ 25 ਦੌੜਾਂ ਬਣਾਉਣ ਦੇ ਚੱਕਰ ਵਿੱਚ ਡਿੱਗ ਗਈਆਂ।
ਇਸ ਮਗਰੋਂ ਛੇਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਰੇ ਵਿਰਾਟ ਕੋਹਲੀ (17 ਗੇਂਦਾਂ ’ਤੇ 26 ਦੌੜਾਂ) ਅਤੇ ਮਨੀਸ਼ ਪਾਂਡੇ (ਨਾਬਾਦ 31 ਦੌੜਾਂ) ਅਤੇ ਸ਼ਰਦੁਲ (ਅੱਠ ਗੇਂਦਾਂ ’ਤੇ ਨਾਬਾਦ 22 ਦੌੜਾਂ) ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਛੇ ਵਿਕਟਾਂ ’ਤੇ 201 ਦੌੜਾਂ ਬਣਾਉਣ ਵਿੱਚ ਸਫਲ ਰਿਹਾ। ਇਸ ਦੇ ਜਵਾਬ ਵਿੱਚ ਸ੍ਰੀਲੰਕਾ ਨੇ ਪਾਵਰਪਲੇਅ ਵਿੱਚ ਹੀ ਸੀਨੀਅਰ ਕ੍ਰਮ ਦੀਆਂ ਚਾਰ ਵਿਕਟਾਂ ਗੁਆ ਲਈਆਂ। ਧਨੰਜੈ ਡੀਸਿਲਵਾ (36 ਗੇਂਦਾਂ ’ਤੇ 57 ਦੌੜਾਂ) ਅਤੇ ਐਂਜਲੋ ਮੈਥਿਊਜ਼ (20 ਗੇਂਦਾਂ ’ਤੇ 31 ਦੌੜਾਂ) ਨੇ ਪੰਜਵੀਂ ਵਿਕਟ ਲਈ 68 ਦੌੜਾਂ ਜੋੜ ਕੇ ਸ੍ਰੀਲੰਕਾ ਦੀ ਉਮੀਦ ਜਗਾਈ, ਪਰ ਇਹ ਭਾਈਵਾਲੀ ਟੁੱਟਣ ਮਗਰੋਂ ਉਸ ਦੀ ਟੀਮ 15.5 ਓਵਰਾਂ ਵਿੱਚ 123 ਦੌੜਾਂ ’ਤੇ ਢੇਰ ਹੋ ਗਈ। ਸ੍ਰੀਲੰਕਾ ਨੇ ਆਖ਼ਰੀ ਛੇ ਵਿਕਟਾਂ 29 ਦੌੜਾਂ ਦੇ ਅੰਦਰ ਗੁਆਈਆਂ। ਭਾਰਤ ਦੀ ਸ੍ਰੀਲੰਕਾ ਖ਼ਿਲਾਫ਼ ਟੀ-20 ਵਿੱਚ ਇਹ ਕੁੱਲ 13ਵੀਂ ਜਿੱਤ ਹੈ। ਭਾਰਤ ਵੱਲੋਂ ਨਵਦੀਪ ਸੈਣੀ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ 28 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਸ਼ਰਦੁਲ ਨੇ 19 ਦੌੜਾਂ ਦੇ ਕੇ ਦੋ ਅਤੇ ਵਸ਼ਿੰਗਟਨ ਸੁੰਦਰ ਨੇ 37 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਜਸ੍ਰਪੀਤ ਬੁਮਰਾਹ ਨੇ ਪੰਜ ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਵਿਰਾਟ ਕੋਹਲੀ ਨੇ ਸ੍ਰੀਲੰਕਾ ਖ਼ਿਲਾਫ਼ ਕਪਤਾਨ ਵਜੋਂ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਤੇਜ਼ 11000 ਦੌੜਾਂ ਪੂਰੀਆਂ ਕਰਨ ਦਾ ਨਵਾਂ ਰਿਕਾਰਡ ਬਣਾਇਆ।
ਕੋਹਲੀ ਨੂੰ ਇਹ ਉਪਲਬਧੀ ਹਾਸਲ ਕਰਨ ਲਈ ਸਿਰਫ਼ ਇੱਕ ਦੌੜ ਦੀ ਲੋੜ ਸੀ। ਉਸ ਨੇ ਲਕਸ਼ਣ ਸੰਦਾਕਨ ਦੀ ਗੇਂਦ ’ਤੇ ਇੱਕ ਦੌੜ ਲੈ ਕੇ ਇਹ ਪ੍ਰਾਪਤੀ ਹਾਸਲ ਕੀਤੀ। ਕੋਹਲੀ ਇਸ ਤਰ੍ਹਾਂ ਇਸ ਮੁਕਾਮ ’ਤੇ ਪਹੁੰਚਣ ਵਾਲਾ ਦੁਨੀਆਂ ਦਾ ਛੇਵਾਂ ਅਤੇ ਭਾਤਰ ਦਾ ਦੂਜਾ ਕਪਤਾਨ ਬਣਿਆ। ਉਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਨੇ ਇਹ ਉਪਲੱਬਧੀ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਇਸ ਮੁਕਾਮ ’ਤੇ ਸਭ ਤੋਂ ਘੱਟ ਪਾਰੀਆਂ ਵਿੱਚ ਪਹੁੰਚਣ ਦੇ ਮਾਮਲੇ ਵਿੱਚ ਕੋਹਲੀ ਮਗਰੋਂ ਰਿੱਕੀ ਪੋਂਟਿੰਗ, ਗ੍ਰੀਮ ਸਮਿੱਥ, ਧੋਨੀ, ਐਲਨ ਬਾਰਡਰ ਅਤੇ ਸਟੀਫ਼ਨ ਫਲੇਮਿੰਗ ਦਾ ਨੰਬਰ ਆਉਂਦਾ ਹੈ।

Previous article‘Main Cereal’ eaten among 31 questions to be asked in Census-2021
Next articleਜੇਕਰ ਭਾਰਤ ਤੋਂ ਬਾਹਰ ਦੇ ਵਿਅਕਤੀ ਜੰਮੂ ਕਸ਼ਮੀਰ ਜਾ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ: ਸਿੱਬਲ