ਭਾਰਤ ਨੇ ਦੂਜੇ ਦਿਨ 27 ਤਗ਼ਮੇ ਜਿੱਤੇ

ਭਾਰਤੀ ਖਿਡਾਰੀਆਂ ਨੇ ਟਰੈਕ ਐਂਡ ਫੀਲਡ ਅਤੇ ਨਿਸ਼ਾਨੇਬਾਜ਼ੀ ਵਿੱਚ ਦਬਦਬਾ ਬਣਾ ਕੇ 13ਵੀਆਂ ਦੱਖਣੀ ਏਸ਼ਿਆਈ ਖੇਡਾਂ (ਸੈਗ) ਦੇ ਦੂਜੇ ਦਿਨ ਅੱਜ ਇੱਥੇ 11 ਸੋਨ ਤਗ਼ਮੇ ਸਣੇ ਕੁੱਲ 27 ਤਗ਼ਮੇ ਜਿੱਤੇ ਅਤੇ ਉਹ ਹੁਣ ਵੀ ਤਗ਼ਮਾ ਸੂਚੀ ਵਿੱਚ ਦੂਜੇ ਸਥਾਨ ’ਤੇ ਬਰਕਰਾਰ ਹੈ। ਭਾਰਤ ਨੇ ਅਥਲੈਟਿਕਸ ਦੇ ਪਹਿਲੇ ਦਿਨ ਦਸ ਤਗ਼ਮੇ (ਚਾਰ ਸੋਨੇ, ਚਾਰ ਚਾਂਦੀ ਅਤੇ ਦੋ ਕਾਂਸੀ), ਜਦਕਿ ਨਿਸ਼ਾਨੇਬਾਜ਼ੀ ਵਿੱਚ ਨੌਂ ਤਗ਼ਮੇ (ਚਾਰ ਸੋਨੇ, ਚਾਰ ਚਾਂਦੀ ਅਤੇ ਇੱਕ ਕਾਂਸੀ) ਜਿੱਤੇ। ਵਾਲੀਬਾਲ ਵਿੱਚ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੇ ਸੋਨ ਤਗ਼ਮੇ ਹਾਸਲ ਕੀਤੇ, ਜਦਕਿ ਤਾਇਕਵਾਂਡੋ ਵਿੱਚ ਭਾਰਤੀ ਖਿਡਾਰੀਆਂ ਨੇ ਇੱਕ ਸੋਨਾ ਅਤੇ ਤਿੰਨ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਭਾਰਤ ਨੇ ਇਸ ਤੋਂ ਇਲਾਵਾ ਟੇਬਲ ਟੈਨਿਸ ਵਿੱਚ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾ ਵਿੱਚ ਸੋਨ ਤਗ਼ਮੇ ਆਪਣੇ ਨਾਮ ਕੀਤੇ। ਭਾਰਤ ਹੁਣ ਤੱਕ 43 ਤਗ਼ਮਿਆਂ (18 ਸੋਨੇ, 16 ਚਾਂਦੀ ਅਤੇ ਨੌਂ ਕਾਂਸੀ) ਜਿੱਤ ਚੁੱਕਿਆ ਹੈ ਅਤੇ ਉਹ ਮੇਜ਼ਬਾਨ ਨੇਪਾਲ (23 ਸੋਨ, ਨੌਂ ਚਾਂਦੀ ਅਤੇ 12 ਕਾਂਸੀ) ਤੋਂ ਪਿੱਛੇ ਹੈ। ਸ੍ਰੀਲੰਕਾ 46 ਤਗ਼ਮੇ (ਪੰਜ ਸੋਨੇ, 14 ਚਾਂਦੀ ਅਤੇ 27 ਕਾਂਸੀ) ਨਾਲ ਤੀਜੇ ਸਥਾਨ ’ਤੇ ਹੈ। ਅਥਲੈਟਿਕਸ ਮੁਕਾਬਲੇ ਦੇ ਪਹਿਲੇ ਦਿਨ ਅਰਚਨਾ ਸੁਸੀਂਦਰਨ (ਮਹਿਲਾ 100 ਮੀਟਰ), ਐੱਮ ਜਾਸਨਾ (ਮਹਿਲਾ ਉੱਚੀ ਛਾਲ), ਸਰਵੇਸ਼ ਅਨਿਲ ਕੁਸ਼ਾਰੇ (ਪੁਰਸ਼ ਉੱਚੀ ਛਾਲ) ਅਤੇ ਅਜੇ ਕੁਮਾਰ ਸਰੋਜ (ਪੁਰਸ਼ 1500 ਮੀਟਰ ਦੌੜ) ਨੇ ਸੋਨ ਤਗ਼ਮੇ ਹਾਸਲ ਕੀਤੇ।

ਨਿਸ਼ਾਨੇਬਾਜ਼ੀ ਵਿੱਚ ਮਹਿਲਾਵਾਂ ਦੇ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਭਾਰਤ ਨੇ ਦਾਅ ’ਤੇ ਲੱਗੇ ਸਾਰੇ ਤਗ਼ਮੇ ਜਿੱਤੇ, ਜਿਨ੍ਹਾਂ ਵਿੱਚੋਂ ਮੇਹੁਲੀ ਘੋਸ਼ ਨੇ ਵਿਸ਼ਵ ਰਿਕਾਰਡ ਨਾਲ ਬਿਹਤਰ ਸਕੋਰ ਨਾਲ ਸੋਨ ਤਗ਼ਮਾ ਜਿੱਤਿਆ। ਮੇਹੁਲੀ ਦਾ ਯਤਨ ਹਾਲਾਂਕਿ ਵਿਸ਼ਵ ਰਿਕਾਰਡ ਨਹੀਂ ਮੰਨਿਆ ਜਾਵੇਗਾ ਕਿਉਂਕਿ ਦੱਖਣੀ ਏਸ਼ਿਆਈ ਖੇਡਾਂ ਦੇ ਨਤੀਜਿਆਂ ਨੂੰ ਕੌਮਾਂਤਰੀ ਸੰਸਥਾ (ਆਈਐੱਸਐੱਸਐੱਫ) ਰਿਕਾਰਡ ਵਜੋਂ ਮਾਨਤਾ ਨਹੀਂ ਦਿੰਦੀ। ਭਾਰਤ ਨੇ ਦਸ ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਵੀ ਸੋਨ ਤਗ਼ਮਾ ਜਿੱਤਿਆ। 19 ਸਾਲਾ ਮੇਹੁਲੀ ਨੇ ਫਾਈਨਲ ਵਿੱਚ 253.3 ਅੰਕ ਬਣਾ ਕੇ ਸੋਨੇ ਦਾ ਤਗ਼ਮਾ ਹਾਸਲ ਕੀਤਾ। ਉਸ ਦਾ ਇਹ ਯਤਨ ਵਿਸ਼ਵ ਰਿਕਾਰਡ 252.9 ਤੋਂ 0.4 ਬਿਹਤਰ ਹੈ। ਵਿਸ਼ਵ ਰਿਕਾਰਡ ਇੱਕ ਹੋਰ ਭਾਰਤੀ ਅਪੂਰਵੀ ਚੰਦੇਲਾ ਦੇ ਨਾਮ ਹੈ। ਸ੍ਰੀਯੰਕਾ ਸਦਾਂਗੀ ਨੇ ਚਾਂਦ, ਜਦਕਿ ਸ਼੍ਰੇਆ ਅਗਰਵਾਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਪੁਰਸ਼ਾਂ ਦੇ 50 ਮੀਟਰ ਥ੍ਰੀ ਪਿਸਟਲ ਵਿੱਚ ਚੈਨ ਸਿੰਘ ਨੇ ਸੋਨਾ ਅਤੇ ਅਖਿਲ ਸ਼ੇਰੋਨ ਨੇ ਚਾਂਦੀ ਹਾਸਲ ਕੀਤੀ। ਯੋਗੇਸ਼ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ 25 ਮੀਟਰ ਸੈਂਟਰ ਫਾਇਰ ਪਿਸਟਲ ਵਿੱਚ ਕ੍ਰਮਵਾਰ ਸੋਨਾ ਅਤੇ ਚਾਂਦੀ ਦੇ ਤਗ਼ਮੇ ਹਾਸਲ ਕੀਤੇ। ਭਾਰਤ ਨੇ 25 ਮੀਟਰ ਸੈਂਟਰ ਫਾਇਰ ਪਿਸਟਲ ਟੀਮ ਮੁਕਾਬਲੇ ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਵਾਲੀਬਾਲ ਮੁਕਾਬਲੇ ਵਿੱਚ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਦੇ ਖ਼ਿਤਾਬ ਜਿੱਤੇ। ਭਾਰਤ ਦੀ ਪੁਰਸ਼ ਵਾਲੀਬਾਲ ਟੀਮ ਨੇ ਫਾਈਨਲ ’ਚ ਪਾਕਿਸਤਾਨ 20-25, 25-15, 25-17, 29-27 ਨਾਲ ਹਰਾਇਆ। ਮਹਿਲਾ ਫਾਈਨਲ ਵਿੱਚ ਵੀ ਮੌਜੂਦਾ ਚੈਂਪੀਅਨ ਭਾਰਤ ਨੇ ਨੇਪਾਲ ਨੂੰ 25-17, 23-25, 21-25, 25-20, 15-6 ਨਾਲ ਹਰਾਇਆ।

Previous articleਮੈਸੀ ਨੇ ਰਿਕਾਰਡ 6ਵਾਂ ਫੀਫਾ ਪੁਰਸਕਾਰ ਜਿੱਤਿਆ
Next articleਭਾਰਤੀ ਇੰਜਨੀਅਰ ਦੀ ਮਦਦ ਨਾਲ ‘ਨਾਸਾ’ ਨੇ ‘ਵਿਕਰਮ ਲੈਂਡਰ’ ਲੱਭਿਆ