ਕੈਨਬਰਾ- ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੂੰ ਅੱਜ ਇੱਥੇ ਚਾਰ ਮੈਚਾਂ ਵਿੱਚ ਮੇਜ਼ਬਾਨ ਆਸਟਰੇਲੀਆ ਖ਼ਿਲਾਫ਼ ਪਹਿਲੀ ਹਾਰ ਝੱਲਣੀ ਪਈ, ਇਸ ਦੇ ਬਾਵਜੂਦ ਉਹ ਸੂਚੀ ਵਿੱਚ ਸਿਖਰ ’ਤੇ ਰਹਿ ਕੇ ਤਿੰਨ ਦੇਸ਼ਾਂ ਦਾ ਹਾਕੀ ਟੂਰਨਾਮੈਂਟ ਜਿੱਤਣ ਵਿੱਚ ਕਾਮਯਾਬ ਰਹੀ।
ਭਾਰਤ ਨੇ ਚਾਰ ਮੈਚਾਂ ਵਿੱਚੋਂ ਸੱਤ ਅੰਕ ਹਾਸਲ ਕੀਤੇ। ਮੇਜ਼ਬਾਨ ਆਸਟਰੇਲੀਆ ਦੇ ਵੀ ਚਾਰ ਮੈਚਾਂ ਵਿੱਚੋਂ ਸੱਤ ਅੰਕ ਹਨ, ਪਰ ਭਾਰਤੀ ਟੀਮ ਬਿਹਤਰ ਗੋਲਾਂ ਦੇ ਫ਼ਰਕ ਨਾਲ ਸਿਖਰ ’ਤੇ ਰਹੀ, ਜਦੋਂਕਿ ਨਿਊਜ਼ੀਲੈਂਡ ਆਪਣੇ ਚਾਰ ਮੈਚਾਂ ਵਿੱਚੋਂ ਸਿਰਫ਼ ਤਿੰਨ ਅੰਕ ਲੈ ਕੇ ਤੀਜੇ ਅਤੇ ਆਖ਼ਰੀ ਸਥਾਨ ’ਤੇ ਹੈ।
ਆਖ਼ਰੀ ਮੈਚ ਵਿੱਚ ਭਾਰਤ ਵੱਲੋਂ ਇਕਲੌਤਾ ਗੋਲ ਗਗਨਦੀਪ ਕੌਰ ਨੇ 53ਵੇਂ ਮਿੰਟ ਵਿੱਚ ਦਾਗ਼ਿਆ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਅਬੀਗੇਲ ਵਿਲਸਨ ਦੇ 15ਵੇਂ ਮਿੰਟ ਵਿੱਚ ਕੀਤੇ ਗੋਲ ਦੀ ਬਦੌਲਤ ਲੀਡ ਬਣਾ ਲਈ ਸੀ। ਹਾਲਾਂਕਿ ਆਸਟਰੇਲੀਆ ਦੀ ਵਿਲਸਨ ਨੇ 56ਵੇਂ ਮਿੰਟ ਵਿੱਚ ਇੱਕ ਹੋਰ ਫ਼ੈਸਲਾਕੁਨ ਗੋਲ ਕਰਕੇ ਆਪਣੀ ਟੀਮ ਨੂੰ 2-1 ਨਾਲ ਜਿੱਤ ਦਿਵਾਈ।
ਆਸਟਰੇਲੀਆ ਨੇ ਭਾਰਤ ’ਤੇ ਸ਼ੁਰੂ ਤੋਂ ਹੀ ਦਬਾਅ ਬਣਾ ਕੇ ਰੱਖਿਆ, ਜਿਸ ਕਾਰਨ ਉਸ ਦਾ ਪਹਿਲਾ ਕੁਆਰਟਰ ਕਾਫ਼ੀ ਮੁਸ਼ਕਲ ਵਾਲਾ ਰਿਹਾ। ਮਹਿਮਾਨ ਟੀਮ ਨੂੰ ਪਹਿਲੇ 15 ਮਿੰਟਾਂ ਵਿੱਚ ਗੋਲ ਕਰਨ ਦੇ ਕਈ ਮੌਕੇ ਮਿਲੇ, ਪਰ ਉਹ ਇਸ ਦਾ ਫ਼ਾਇਦਾ ਨਹੀਂ ਉਠਾ ਸਕੀ। 15ਵੇਂ ਮਿੰਟ ਵਿੱਚ ਆਸਟਰੇਲੀਆ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਅਬੀਗੇਲ ਵਿਲਸਨ ਨੇ ਗੋਲ ਵਿੱਚ ਬਦਲ ਕੇ ਮੇਜ਼ਬਾਨ ਟੀਮ ਨੂੰ 1-0 ਦੀ ਲੀਡ ਦਿਵਾਈ।
ਭਾਰਤ ਦੂਜੇ ਕੁਆਰਟਰ ਵਿੱਚ ਵੀ ਮੌਕੇ ਦੀ ਭਾਲ ਵਿੱਚ ਰਿਹਾ, ਪਰ ਉਹ ਘਰੇਲੂ ਟੀਮ ਦੇ ਡਿਫੈਂਸ ਵਿੱਚ ਸੰਨ੍ਹ ਨਹੀਂ ਲਾ ਸਕਿਆ। ਭਾਰਤ ਨੂੰ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ, ਪਰ ਉਹ ਗੋਲ ਪੋਸਟ ਤੋਂ ਬਾਹਰ ਚਲਾ ਗਿਆ। ਇਸੇ ਤਰ੍ਹਾਂ 26ਵੇਂ ਮਿੰਟ ਵਿੱਚ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ, ਪਰ ਆਸਟਰੇਲੀਆ ਦੀ ਮੁਸਤੈਦ ਗੋਲਕੀਪਰ ਹੱਨਾਹ ਅਸਤਬਰੀ ਨੇ ਇਸ ਨੂੰ ਗੋਲ ’ਚ ਨਹੀਂ ਬਦਲਣ ਦਿੱਤਾ। ਮੇਜ਼ਬਾਨ ਟੀਮ ਦੀ ਲੀਡ ਕਾਇਮ ਰਹੀ। ਦੋ ਮਿੰਟ ਮਗਰੋਂ ਮਿਲੇ ਪੈਨਲਟੀ ਕਾਰਨਰ ’ਤੇ ਆਸਟਰੇਲੀਆ ਕੋਲ ਦੂਜਾ ਗੋਲ ਦਾਗ਼ਣ ਦਾ ਸ਼ਾਨਦਾਰ ਮੌਕਾ ਸੀ, ਪਰ ਭਾਰਤ ਦੀ ਗੋਲਕੀਪਰ ਬਿਚੂ ਦੇਵੀ ਖਰੀਬਮ ਨੇ ਇਸ ਦਾ ਸ਼ਾਨਦਾਰ ਬਚਾਅ ਕੀਤਾ। ਮੈਚ ਦੇ ਅੱਧ ਤੱਕ ਭਾਰਤ ਇੱਕ ਗੋਲ ਨਾਲ ਪੱਛੜ ਰਿਹਾ ਸੀ।
ਦੋਵੇਂ ਟੀਮਾਂ ਤੀਜੇ ਕੁਆਰਟਰ ਵਿੱਚ ਵੀ ਗੋਲ ਕਰਨ ਲਈ ਜੱਦੋ-ਜਹਿਦ ਕਰਦੀਆਂ ਰਹੀਆਂ, ਪਰ ਕਾਮਯਾਬੀ ਨਹੀਂ ਮਿਲੀ। ਇਸ ਦੌਰਾਨ ਭਾਰਤ ਨੂੰ ਦੋ ਪੈਨਲਟੀ ਕਾਰਨਰ ਮਿਲੇ, ਪਰ ਉਹ ਅਸਟਬਰੀ ਨੇ ਅਸਫਲ ਕਰ ਦਿੱਤੇ।
ਚੌਥੇ ਅਤੇ ਆਖ਼ਰੀ ਕੁਆਰਟਰ ਵਿੱਚ ਭਾਰਤ ਨੇ ਹਮਲਾਵਰ ਸ਼ੁਰੂਆਤ ਕੀਤੀ। ਉਸ ਨੇ ਮੇਜ਼ਬਾਨ ਟੀਮ ’ਤੇ ਦਬਾਅ ਬਣਾ ਕੇ ਰੱਖਿਆ। ਇਸ ਦਾ ਫ਼ਾਇਦਾ ਵੀ ਹੋਇਆ ਅਤੇ 53ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਹਾਸਲ ਕਰ ਲਿਆ। ਗਗਨਦੀਪ ਨੇ ਅਸਟਬਰੀ ਨੂੰ ਚਕਮਾ ਦਿੰਦਿਆਂ ਇਸ ਨੂੰ ਬਰਾਬਰੀ ਦੇ ਗੋਲ ਵਿੱਚ ਬਦਲ ਦਿੱਤਾ। ਹਾਲਾਂਕਿ ਭਾਰਤ ਦੀ ਖ਼ੁਸ਼ੀ ਤਿੰਨ ਮਿੰਟ ਵਿੱਚ ਹੀ ਲੱਥ ਗਈ, ਜਦੋਂ ਅਬੀਗੇਲ ਨੇ ਪੈਨਲਟੀ ਕਾਰਨਰ ਰਾਹੀਂ 56ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਭਾਰਤ ਨੇ ਬਾਕੀ ਚਾਰ ਮਿੰਟਾਂ ਵਿੱਚ ਬਰਾਬਰੀ ਦੇ ਕਈ ਯਤਨ ਕੀਤੇ ਪਰ ਆਸਟਰੇਲੀਆ ਨੇ ਕੋਈ ਮੌਕਾ ਨਾ ਦੇ ਕੇ ਮੈਚ 2-1 ਨਾਲ ਜਿੱਤ ਲਿਆ।
Sports ਭਾਰਤ ਨੇ ਤਿਕੋਣੀ ਹਾਕੀ ਲੜੀ ਜਿੱਤੀ