ਭਾਰਤੀ ਹਾਕੀ ਟੀਮ ਦੇ ਲਈ ਹੇਠਲੀ ਰੈਂਕਿੰਗ ਵਾਲੀ ਫਿਜੀ ਨੂੰ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਵਿੱਚ ਹਰਾਉਣਾ ਮੁਸ਼ਕਲ ਨਹੀਂ ਹੋਵੇਗਾ, ਪਰ ਮੁੱਖ ਕੋਚ ਸਯੋਰਡ ਮਾਰਿਨ ਨੇ ਕਿਹਾ ਕਿ ਟੀਮ ਜੇਕਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਦੀ ਤਕਨੀਕ ਨੂੰ ਬਿਹਤਰ ਕਰ ਲਵੇ ਤਾਂ ਕੰਮ ਹੋਰ ਸੌਖਾ ਹੋ ਜਾਵੇਗਾ।
ਨੌਵੇਂ ਸਥਾਨ ’ਤੇ ਕਾਬਜ਼ ਭਾਰਤ ਟੂਰਨਾਮੈਂਟ ਵਿੱਚ ਸਰਵੋਤਮ ਰੈਂਕਿੰਗ ਵਾਲੀ ਟੀਮ ਹੈ ਅਤੇ ਅਜੇ ਤੱਕ ਉਸ ਨੇ ਇੱਕ ਹੀ ਗੋਲ ਗੁਆਇਆ ਹੈ। ਉਸ ਨੇ ਯੁਰੂਗੁਏ ਨੂੰ 4-1 ਗੋਲਾਂ ਨਾਲ ਅਤੇ ਪੋਲੈਂਡ ਨੂੰ 5-0 ਗੋਲਾਂ ਨਾਲ ਮਾਤ ਦਿੱਤੀ।
ਮਾਰਿਨ ਨੇ ਕਿਹਾ, ‘‘ਇਸ ਵਿੱਚ ਕੋਈ ਸ਼ੱਕ ਨਹੀਂ ਕਿ ਟੀਮ ਨੇ ਪਹਿਲੇ ਦੋ ਮੈਚ ਚੰਗੇ ਖੇਡੇ ਹਨ, ਪਰ ਸਾਨੂੰ ਇਸ ਤੋਂ ਬਿਹਤਰ ਖੇਡਣਾ ਹੋਵੇਗਾ। ਸਾਡੀ ਪੈਨਲਟੀ ਨੂੰ ਗੋਲ ਵਿੱਚ ਬਦਲਣ ਦੀ ਦਰ ਬਿਹਤਰ ਹੋ ਸਕਦੀ ਹੈ। ਜੇਕਰ ਅਜਿਹਾ ਹੋ ਗਿਆ ਤਾਂ ਕੰਮ ਹੋਰ ਸੌਖਾ ਹੋ ਜਾਵੇਗਾ।’’
ਉਸ ਨੇ ਕਿਹਾ, ‘‘ਅਸੀਂ ਪਹਿਲੇ ਦੋ ਮੈਚਾਂ ਵਿੱਚ ਕੋਈ ਮੌਕਾ ਨਹੀਂ ਬਣਾਇਆ। ਪੈਨਲਟੀ ਕਾਰਨਰ ਵੀ ਮਿਲੇ। ਟੀਮ ਆਪਣੇ ਖੇਡ ਦਾ ਲੁਤਫ਼ ਉਠਾ ਰਹੀ ਹੈ, ਜੋ ਕੋਚ ਲਈ ਚੰਗੀ ਗੱਲ ਹੈ।’’45 ਸਾਲ ਦੇ ਹਾਲੈਂਡ ਵਾਸੀ ਮਾਰਿਨ ਨੇ ਕਿਹਾ ਕਿ ਉਸ ਦੀ ਟੀਮ ਹੁਣ ਬਹੁਤ ਵਧੀਆ ਖੇਡ ਰਹੀ ਹੈ। ਮੁੱਖ ਕੋਚ ਨੇ ਕਿਹਾ ਕਿ ਭਾਰਤੀ ਮਹਿਲਾ ਟੀਮ ਦਾ ਧਿਆਨ ਟੂਰਨਾਮੈਂਟ ਦੇ ਸਾਰੇ ਮੈਚ ਜਿੱਤਣ ’ਤੇ ਕੇਂਦਰਿਤ ਹੈ ਅਤੇ ਉਹ ਕਿਸੇ ਵੀ ਵਿਰੋਧੀ ਨੂੰ ਹਲਕੇ ਵਿੱਚ ਨਹੀਂ ਲਵੇਗੀ।
Sports ਭਾਰਤ ਨੂੰ ਪੈਨਲਟੀ ਕਾਰਨਰ ’ਤੇ ਹੋਰ ਮਿਹਨਤ ਦੀ ਲੋੜ: ਮਾਰਿਨ