ਆਕਲੈਂਡ- ਲੜੀ ਦੇ ਪਹਿਲੇ ਮੈਚ ਵਿੱਚ ਗੇਂਦਬਾਜ਼ੀ ਅਤੇ ਫੀਲਡਿੰਗ ਵਿੱਚ ਕਮੀਆਂ ਸਾਹਮਣੇ ਆਉਣ ਮਗਰੋਂ ਭਾਰਤੀ ਟੀਮ ਹੁਣ ਉਸ ਤੋਂ ਉਭਰ ਕੇ ਨਿਊਜ਼ੀਲੈਂਡ ਖ਼ਿਲਾਫ਼ ਸ਼ਨਿੱਚਰਵਾਰ ਨੂੰ ਦੂਜੇ ਇੱਕ ਰੋਜ਼ਾ ਮੈਚ ਵਿੱਚ ਉਤਰੇਗੀ। ਟੀ-20 ਲੜੀ 5-0 ਨਾਲ ਹੂੰਝਣ ਮਗਰੋਂ ਭਾਰਤੀ ਟੀਮ ਨੂੰ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਚਾਰ ਵਿਕਟਾਂ ਨਾਲ ਹਾਰ ਮਿਲੀ ਸੀ। ਨਿਊਜ਼ੀਲੈਂਡ ਨੇ ਇੱਕ ਰੋਜ਼ਾ ਕ੍ਰਿਕਟ ਵਿੱਚ ਆਪਣੇ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਇਹ ਜਿੱਤ ਦਰਜ ਕੀਤੀ ਸੀ। ਈਡਨ ਪਾਰਕ ਮੈਦਾਨ ਛੋਟਾ ਹੋਣ ਕਾਰਨ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਫ਼ਾਇਦਾ ਮਿਲੇਗਾ।
ਨਿਊਜ਼ੀਲੈਂਡ ਨੇ ਇੱਥੇ ਦੋਵਾਂ ਟੀ-20 ਮੈਚਾਂ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਪਰ ਭਾਰਤ ਨੇ ਵੱਖ-ਵੱਖ ਹਾਲਾਤ ਵਿੱਚ ਬਖ਼ੂਬੀ ਟੀਚੇ ਦਾ ਪਿੱਛਾ ਕੀਤਾ। ਹੈਮਿਲਟਨ ਵਿੱਚ ਉਸ ਨੂੰ ਜਿੱਤ ਨਹੀਂ ਮਿਲ ਸਕੀ। ਭਾਰਤੀ ਟੀਮ ਨੇ ਹਾਲਾਂਕਿ ਵੈਸਟ ਇੰਡੀਜ਼ ਅਤੇ ਆਸਟਰੇਲੀਆ ਖ਼ਿਲਾਫ਼ ਇੱਕ ਮੈਚ ਹਾਰਨ ਮਗਰੋਂ ਵਾਪਸੀ ਕਰਕੇ ਇੱਕ ਰੋਜ਼ਾ ਲੜੀ ਜਿੱਤੀ ਹੈ ਅਤੇ ਇੱਥੇ ਵੀ ਉਸ ਦੇ ਇਰਾਦੇ ਅਜਿਹਾ ਹੀ ਕੁੱਝ ਕਰਨ ਦੇ ਹੋਣਗੇ। ਵੈਸਟ ਇੰਡੀਜ਼ ਖ਼ਿਲਾਫ਼ ਚੇਨੱਈ ਵਿੱਚ ਅਤੇ ਆਸਟਰੇਲੀਆ ਖ਼ਿਲਾਫ਼ ਮੁੰਬਈ ’ਚ ਭਾਰਤ ਨੂੰ ਹਾਰ ਝੱਲਣੀ ਪਈ ਸੀ।
ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਪਹਿਲੇ ਇੱਕ ਰੋਜ਼ਾ ਵਿੱਚ ਭਾਰਤ ’ਤੇ ਪੂਰੀ ਤਰ੍ਹਾਂ ਦਬਾਅ ਬਣਾਇਆ ਅਤੇ ਭਾਰਤੀ ਗੇਂਦਬਾਜ਼ਾਂ ਕੋਲ ਉਸ ਦਾ ਕੋਈ ਤੋੜ ਨਹੀਂ ਸੀ। ਪਹਿਲੇ ਇੱਕ ਰੋਜ਼ਾ ਵਿੱਚ ਵਿਕਟ ਲਈ ਕਪਤਾਨ ਵਿਰਾਟ ਕੋਹਲੀ ਨੇ ਵਾਰ-ਵਾਰ ਜਸਪ੍ਰੀਤ ਬੁਮਰਾਹ ’ਤੇ ਹੀ ਭਰੋਸਾ ਕੀਤਾ ਸੀ। ਭਾਰਤ ਨੂੰ ਹੁਣ ਇੱਕ ਹੀ ਖਿਡਾਰੀ ’ਤੇ ਹੱਦੋਂ ਵੱਧ ਨਿਰਭਰਤਾ ਤੋਂ ਬਚਣਾ ਹੋਵੇਗਾ। ਭਾਰਤੀ ਫੀਲਡਿੰਗ ਵੀ ਪਿਛਲੇ ਮੈਚ ਵਿੱਚ ਖ਼ਰਾਬ ਸੀ। ਚੇਨੱਈ, ਮੁੰਬਈ ਅਤੇ ਹੈਮਿਲਟਨ ਵਿੱਚ ਹਰ ਥਾਂ ਹਾਰ ਦਾ ਅਹਿਮ ਕਾਰਨ ਖ਼ਰਾਬ ਫੀਲਡਿੰਗ ਰਹੀ ਹੈ। ਬੰਗਲਾਦੇਸ਼ ਖ਼ਿਲਾਫ਼ ਲੜੀ ਮਗਰੋਂ ਭਾਰਤ ਦੀ ਫੀਲਡਿੰਗ ਦਾ ਪੱਧਰ ਡਿਗਿਆ ਹੈ। ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਬਦਲਵੇਂ ਅਭਿਆਸ ਸੈਸ਼ਨ ਵਿੱਚ ਹਿੱਸਾ ਲਿਆ। ਨਵਦੀਪ ਸੈਣੀ ਅਤੇ ਸ਼ਰਦੁਲ ਠਾਕੁਰ ਦੋਵਾਂ ਨੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਕੀਤੀ। ਠਾਕੁਰ ਟੀ-20 ਮੈਚ ਵਿੱਚ ਮਹਿੰਗਾ ਸਾਬਤ ਹੋਇਆ ਸੀ ਅਤੇ ਪਹਿਲੇ ਇੱਕ ਰੋਜ਼ਾ ਵਿੱਚ ਵੀ ਕੁੱਝ ਖ਼ਾਸ ਨਹੀਂ ਕਰ ਸਕਿਆ। ਭਾਰਤ ਉਸ ਦੀ ਥਾਂ ਸੈਣੀ ਨੂੰ ਉਤਾਰ ਸਕਦਾ ਹੈ। ਇਸ ਤੋਂ ਇਲਾਵਾ ਟੀਮ ਵਿੱਚ ਕੇਦਾਰ ਜਾਧਵ ਦੀ ਭੂਮਿਕ ਬਾਰੇ ਵੀ ਸਵਾਲ ਉੱਠ ਰਹੇ ਹਨ, ਜਿਸ ਤੋਂ ਕੋਹਲੀ ਨੇ ਹੈਮਿਲਟਨ ਵਿੱਚ ਇੱਕ ਓਵਰ ਵੀ ਨਹੀਂ ਕਰਵਾਇਆ। ਸ਼ਾਇਦ ਛੋਟੀ ਬਾਊਂਡਰੀ ਕਾਰਨ ਅਜਿਹਾ ਕੀਤਾ ਗਿਆ, ਪਰ ਇੱਥੇ ਤਾਂ ਮੈਦਾਨ ਹੋਰ ਵੀ ਛੋਟਾ ਹੈ। ਅਜਿਹੇ ਵਿੱਚ ਸ਼ਿਵਮ ਦੂਬੇ ਜਾਂ ਮਨੀਸ਼ ਪਾਂਡੇ ਨੂੰ ਉਤਾਰਨਾ ਬਿਹਤਰ ਹੋਵੇਗਾ। ਦੂਜੇ ਪਾਸੇ ਨਿਊਜ਼ੀਲੈਂਡ ਨੇ ਟੀ-20 ਲੜੀ ਹਾਰਨ ਮਗਰੋਂ ਚੰਗਾ ਪ੍ਰਦਰਸ਼ਨ ਕੀਤਾ ਹੈ। ਟੌਮ ਲਾਥਮ ਨੇ ਮੱਧਕ੍ਰਮ ਵਿੱਚ ਵਧੀਆ ਬੱਲੇਬਾਜ਼ੀ ਕੀਤੀ। ਹੈਨਰੀ ਨਿਕੋਲਸ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਰੋਸ ਟੇਲਰ ਆਪਣੀ ਲੈਅ ਬਰਕਰਾਰ ਰੱਖਣਾ ਚਾਹੇਗਾ। ਕਪਤਾਨ ਕੇਨ ਵਿਲੀਅਮਸਨ ਸੱਟ ਕਾਰਨ ਬਾਹਰ ਹੈ, ਜਦਕਿ ਸਕੌਟ ਕੁਗਲੇਨ ਬਿਮਾਰ ਹੈ। ਈਸ਼ ਸੋਢੀ ਦੀ ਥਾਂ ਕਾਈਲ ਜੈਮੀਸਨ ਨੂੰ ਉਤਾਰਿਆ ਜਾਵੇਗਾ। ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 7.30 ਵਜੇ ਹੋਵੇਗਾ।
Sports ਭਾਰਤ-ਨਿਊਜ਼ੀਲੈਂਡ ’ਚ ਦੂਜਾ ਇੱਕ ਰੋਜ਼ਾ ਅੱਜ