ਮਹਿਲਾ ਤਿਕੋਣੀ ਲੜੀ: ਇੰਗਲੈਂਡ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾਇਆ

ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਖ਼ਰਾਬ ਬੱਲੇਬਾਜ਼ੀ ਕਾਰਨ ਤਿਕੋਣੀ ਟੀ-20 ਲੜੀ ਦੇ ਲਗਾਤਾਰ ਦੂਜੇ ਮੈਚ ਵਿੱਚ ਇੰਗਲੈਂਡ ਹੱਥੋਂ ਚਾਰ ਵਿਕਟਾਂ ਨਾਲ ਹਾਰ ਝੱਲਣੀ ਪਈ। ਪਹਿਲਾਂ ਬੱਲੇਬਾਜ਼ੀ ਲਈ ਉਤਰੀ ਭਾਰਤੀ ਟੀਮ ਚੰਗੀ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ਵਿੱਚ ਨਹੀਂ ਬਦਲ ਸਕੀ। ਭਾਰਤ ਨੇ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 123 ਦੌੜਾਂ ਜੋੜੀਆਂ, ਜਿਸ ਵਿੱਚ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਵੱਧ 45 ਦੌੜਾਂ ਬਣਾਈਆਂ। ਜਵਾਬ ਵਿੱਚ ਨਤਾਲੀ ਸਕੀਵਰ ਨੇ 38 ਗੇਂਦਾਂ ਵਿੱਚ 50 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਨੇ 18.5 ਓਵਰਾਂ ਵਿੱਚ ਹੀ ਟੀਚਾ ਹਾਸਲ ਕਰ ਲਿਆ।
ਭਾਰਤ ਦੀ ਰਾਜੇਸ਼ਵਰੀ ਗਾਇਕਵਾੜ ਨੇ ਤਿੰਨ ਵਿਕਟਾਂ ਲਈਆਂ, ਜਦੋਂਕਿ ਰਾਧਾ ਯਾਦਵ ਨੂੰ ਦੋ ਵਿਕਟਾਂ ਮਿਲੀਆਂ। ਭਾਰਤ ਨੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ ਹਰਾਇਆ ਸੀ। ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਆਪਣੀ ਪਾਰੀ ਦੌਰਾਨ ਸੱਤ ਚੌਕੇ ਅਤੇ ਇੱਕ ਛੱਕਾ ਜੜਿਆ। ਜੇਮੀਮ੍ਹਾ ਰੌਡਰਿਗਜ਼ ਨੇ 23 ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ ਸਿਰਫ਼ 14 ਦੌੜਾਂ ਹੀ ਬਣਾਈਆਂ। ਸ਼ੈਫਾਲੀ ਵਰਮਾ (9 ਗੇਂਦਾਂ ’ਚ 8 ਦੌੜਾਂ) ਦੀ ਖ਼ਰਾਬ ਲੈਅ ਜਾਰੀ ਰਹੀ, ਜੋ ਛੇ ਓਵਰਾਂ ਵਿੱਚ ਪੈਵਿਲੀਅਨ ਪਰਤ ਗਈ। ਹਰਮਨਪ੍ਰੀਤ ਦਾ ਨਾਕਾਮ ਰਹਿਣਾ ਭਾਰਤ ਲਈ ਵੱਡਾ ਝਟਕਾ ਸੀ। ਇੰਗਲੈਂਡ ਲਈ ਆਨਿਆ ਸ਼ਰੁਬਸੋਲੇ ਨੇ ਤਿੰਨ ਅਤੇ ਕੈਥਰੀਨ ਬਰੰਟ ਨੇ ਦੋ ਵਿਕਟਾਂ ਹਾਸਲ ਕੀਤੀਆਂ। ਸ਼ਰੁਬਸੋਲੇ ਨੂੰ ‘ਪਲੇਅਰ ਆਫ ਦਿ ਮੈਚ’ ਐਲਾਨਿਆ ਗਿਆ।
ਆਸਟਰੇਲੀਆ ਵਿੱਚ ਤਿਕੋਣੀ ਲੜੀ ਵਿੱਚ ਭਾਰਤ ਨੂੰ ਲਗਾਤਾਰ ਦੋ ਹਾਰਾਂ ਦਾ ਸਾਹਮਣਾ ਕਰਨਾ ਪਿਆ। ਹੁਣ ਉਸ ਨੂੰ ਸ਼ਨਿੱਚਰਵਾਰ ਨੂੰ ਮੇਜ਼ਬਾਨ ਖ਼ਿਲਾਫ਼ ਹਰ ਹਾਲ ਜਿੱਤਣਾ ਹੋਵੇਗਾ। ਇਸ ਦੇ ਬਾਵਜੂਦ ਫਾਈਨਲ ਵਿੱਚ ਉਸ ਦਾ ਖੇਡਣਾ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਮੈਚ ਦੇ ਨਤੀਜਿਆਂ ’ਤੇ ਨਿਰਭਰ ਹੋਵੇਗਾ।

Previous articleਮੁੱਕੇਬਾਜ਼ ਸਿਮਰਨਜੀਤ ਨੂੰ ਡੇਢ ਲੱਖ ਰੁਪਏ ਦੀ ਸਹਾਇਤਾ
Next articleਭਾਰਤ-ਨਿਊਜ਼ੀਲੈਂਡ ’ਚ ਦੂਜਾ ਇੱਕ ਰੋਜ਼ਾ ਅੱਜ