ਭਾਰਤ ਤੋਂ ਮਿਲੀ ਹਾਰ ਮਗਰੋਂ ਪਾਕਿਸਤਾਨ ’ਚ ਭੁਚਾਲ

ਭਾਰਤ ਤੋਂ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਮੀਂਹ ਤੋਂ ਪ੍ਰਭਾਵਿਤ ਲੀਗ ਮੈਚ ਦੌਰਾਨ ਮੈਨਚੈਸਟਰ ਵਿੱਚ ਮਿਲੀ 89 ਦੌੜਾਂ ਦੀ ਹਾਰ ਮਗਰੋਂ ਪਾਕਿਸਤਾਨ ਵਿੱਚ ਹੰਗਾਮਾ ਖੜ੍ਹਾ ਹੋ ਗਿਆ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰਾਂ ਨੇ ਜਿੱਥੇ ਆਪਣੀ ਟੀਮ ਦੇ ਭਾਰਤ ਅੱਗੇ ਛੇਤੀ ਗੋਡੇ ਟੇਕਣ ਦੀ ਆਲੋਚਨਾ ਕੀਤਾ ਹੈ, ਉਥੇ ਮੀਡੀਆ ਨੇ ਟੀਮ ਦੀ ਹਾਰ ਲਈ ਖਿਡਾਰੀਆਂ ਦੇ ਆਪਸੀ ਮਤਭੇਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਖਿਡਾਰੀਆਂ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਪਾਕਿਸਤਾਨੀ ਖਿਡਾਰੀ ਭਾਰਤ ਨਾਲ ਮੁਕਾਬਲੇ ਤੋਂ ਪਹਿਲਾਂ ਦੇਰ ਰਾਤ ਤੱਕ ਹੋਟਲ ਤੋਂ ਬਾਹਰ ਸਨ, ਜਦਕਿ ਪਾਕਿਸਤਾਨ ਕਿ੍ਰਕਟ ਕੰਟਰੋਲ ਬੋਰਡ ਨੇ ਇਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ। ਪਾਕਿਸਤਾਨ ਦਾ ਵਿਸ਼ਵ ਕੱਪ ਵਿੱਚ ਭਾਰਤ ਖ਼ਿਲਾਫ਼ ਹਾਰ ਦਾ ਰਿਕਾਰਡ 7-0 ਹੈ। ਭਾਰਤ ਖ਼ਿਲਾਫ਼ ਆਸਾਨੀ ਨਾਲ ਗੋਡੇ ਟੇਕਣ ਲਈ ਪਾਕਿਸਤਾਨ ਟੀਮ ਨੂੰ ਕਰੜੇ ਹੱਥੀਂ ਲੈਂਦਿਆਂ ਸਾਬਕਾ ਕਪਤਾਨ ਵਸੀਮ ਅਕਰਮ ਨੇ ਕਿਹਾ, ‘‘ਟੀਮ ਚੋਣ ਹੀ ਗ਼ਲਤ ਸੀ। ਵਿਸ਼ਵ ਕੱਪ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਰਣਨੀਤੀ ਨਜ਼ਰ ਨਹੀਂ ਆਈ।’’ ਉਸ ਨੇ ਕਿਹਾ, ‘‘ਜਿੱਤ-ਹਾਰ ਖੇਡ ਦਾ ਹਿੱਸਾ ਹੈ, ਪਰ ਇਸ ਤਰ੍ਹਾਂ ਬਿਨਾਂ ਲੜੇ ਹਾਰਨਾ ਸਹੀ ਨਹੀਂ ਹੈ।’’ ਟਾਸ ਜਿੱਤ ਕੇ ਗੇਂਦਬਾਜ਼ੀ ਦੇ ਆਪਣੇ ਫ਼ੈਸਲੇ ਦਾ ਪਾਕਿਸਤਾਨ ਦੇ ਕਪਤਾਨ ਸਰਫ਼ਰਾਜ਼ ਅਹਿਮਦ ਨੇ ਭਾਵੇਂ ਬਚਾਅ ਕੀਤਾ ਹੈ, ਪਰ ਸਾਬਕਾ ਕ੍ਰਿਕਟਰਾਂ ਨੇ ਇਸ ਨੂੰ ਗ਼ਲਤ ਠਹਿਰਾਇਆ। ਸਾਬਕਾ ਟੈਸਟ ਬੱਲੇਬਾਜ਼ ਬਾਸਿਤ ਅਲੀ ਨੇ ਕਿਹਾ, ‘‘ਵਿਰਾਟ ਕੋਹਲੀ ਦਿਮਾਗ਼ੀ ਖੇਡ ਖੇਡਦਾ ਹੈ। ਉਸ ਨੇ ਕਿਹਾ ਕਿ ਉਹ ਪਹਿਲਾਂ ਗੇਂਦਬਾਜ਼ੀ ਚੁਣਦਾ ਅਤੇ ਅਸੀਂ ਉਸ ਦੇ ਜਾਲ ਵਿੱਚ ਫਸ ਗਏ।’’ ਸਾਬਕਾ ਤੇਜ਼ ਗੇਂਦਬਾਜ਼ ਸਿਕੰਦਰ ਬਖ਼ਤ ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਅਜਿਹਾ ਪ੍ਰਬੰਧ ਕਰਨ ਨੂੰ ਕਿਹਾ ਕਿ ਚੰਗਾ ਪ੍ਰਦਰਸ਼ਨ ਨਾ ਕਰਨ ’ਤੇ ਖਿਡਾਰੀਆਂ ਦੇ ਸਮਝੌਤੇ ਅਤੇ ਮੈਚ ਫ਼ੀਸ ਵਿੱਚੋਂ ਪੈਸਾ ਕੱਟ ਲਿਆ ਜਾਵੇ। ਸਾਬਕਾ ਕਪਤਾਨ ਮੁਹੰਮਦ ਯੁਸੂਫ਼ ਨੇ ਕਿਹਾ, ‘‘ਦੋ ਸਾਲ ਪਹਿਲਾਂ ਕੋਹਲੀ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦੇਣ ਦੀ ਗ਼ਲਤੀ ਕੀਤੀ ਜੋ ਸਰਫ਼ਰਾਜ਼ ਨੇ ਕੱਲ੍ਹ ਦੁਹਰਾਈ। ਵੱਡੇ ਮੈਚ ਵਿੱਚ ਟੀਚੇ ਦਾ ਪਿੱਛਾ ਕਰਨਾ ਹਮੇਸ਼ਾ ਮੁਸ਼ਕਲ ਹੁੰਦਾ ਹੈ।’’ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਮੋਹਸਿਨ ਖ਼ਾਨ ਨੇ ਕਿਹਾ, ‘‘ਭਾਰਤੀ ਟੀਮ ਕਿੰਨੀ ਹੀ ਮਜ਼ਬੂਤ ਕਿਉਂ ਨਾ ਹੋਵੇ, ਪਰ ਸਾਡੇ ਖਿਡਾਰੀਆਂ ਨੇ ਜਿੱਤ ਦਾ ਜਜ਼ਬਾ ਹੀ ਨਹੀਂ ਵਿਖਾਇਆ।’’ ਸਾਬਕਾ ਹਰਫਨਮੌਲਾ ਅਬਦੁੱਲ ਰੱਜ਼ਾਕ ਨੇ ਕਿਹਾ ਕਿ ਕਪਤਾਨ ਅਤੇ ਕੋਚ ਨੂੰ ਰਣਨੀਤੀ ਬਣਾ ਕੇ ਇਹ ਯਕੀਨੀ ਬਣਾਉਣਾ ਚਾਹੀਦਾ ਸੀ ਕਿ ਖਿਡਾਰੀ ਉਸ ’ਤੇ ਅਮਲ ਕਰਨ, ਪਰ ਅਜਿਹਾ ਨਹੀਂ ਹੋ ਸਕਿਆ।

ਖਿਡਾਰੀਆਂ ਦੇ ਆਪਸੀ ਮੱਤਭੇਦ ਕਾਰਨ ਹਾਰੇ: ਪਾਕਿ ਮੀਡੀਆ
ਪਾਕਿਸਤਾਨ ਦੀ ਨਮੋਸ਼ੀਜਨਕ ਹਾਰ ਲਈ ਸਥਾਨਕ ਮੀਡੀਆ ਨੇ ਖਿਡਾਰੀਆਂ ਦੇ ਆਪਸੀ ਮੱਤਭੇਦਾਂ ਅਤੇ ਕਪਤਾਨ ਸਰਫ਼ਰਾਜ਼ ਅਹਿਮਦ ਨਾਲ ਨਾਰਾਜ਼ਗੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਕਿਸਤਾਨ ਕ੍ਰਿਕਟ ਜਗਤ ਲਈ ਭਾਰਤ ਤੋਂ ਮਿਲਣ ਵਾਲੀ ਹਾਰ ਨੂੰ ਹਜ਼ਮ ਕਰਨਾ ਮੁਸ਼ਕਲ ਹੁੰਦਾ ਹੈ। ਮੈਨਚੈਸਟਰ ਵਿੱਚ ਮਿਲੀ ਹਾਰ ਮਗਰੋਂ ਮੀਡੀਆ ਹੁਣ ਹਾਰ ਦੇ ਕਾਰਨਾਂ ਦੀ ਪੜਤਾਲ ਵਿੱਚ ਲੱਗ ਗਿਆ ਹੈ। ‘ਸਮਾ’ ਨਿਊਜ਼ ਚੈਨਲ ਨੇ ਕਿਹਾ ਕਿ ਆਊਟ ਹੋਣ ਮਗਰੋਂ ਸਰਫ਼ਰਾਜ਼ ਕਥਿਤ ਤੌਰ ’ਤੇ ਆਪੇ ਤੋਂ ਬਾਹਰ ਹੋ ਗਿਆ ਅਤੇ ਇਮਾਦ ਵਸੀਮ ਅਤੇ ਇਮਾਮ-ਉਲ-ਹੱਕ ਸਣੇ ਖਿਡਾਰੀਆਂ ’ਤੇ ਉਸ ਖ਼ਿਲਾਫ਼ ਗੁੱਟਬਾਜ਼ੀ ਕਰਨ ਦਾ ਦੋਸ਼ ਲਾਇਆ। ‘ਦੁਨੀਆ’ ਖ਼ਬਰ ਚੈਨਲ ਨੇ ਕਿਹਾ ਕਿ ਟੀਮ ਵਿੱਚ ਦੋ ਗੁੱਟ ਹਨ, ਜਿਨ੍ਹਾਂ ਵਿੱਚ ਇੱਕ ਮੁਹੰਮਦ ਆਮਿਰ ਦਾ ਅਤੇ ਦੂਜਾ ਇਮਾਦ ਹੈ। ਆਸਟਰੇਲੀਆ ਤੋਂ ਮਿਲੀ ਹਾਰ ਮਗਰੋਂ ਇੱਕ ਮਸ਼ਹੂਰ ਅਦਾਕਾਰ ਅਤੇ ਕ੍ਰਿਕਟ ਪ੍ਰੇਮੀ ਨੇ ਸੋਸ਼ਲ ਮੀਡੀਆ ’ਤੇ ਸੁਨੇਹਾ ਜਾਰੀ ਕਰਕੇ ਸ਼ੋਏਬ ਮਲਿਕ, ਇਮਾਮ ਅਤੇ ਬਾਬਰ ਆਜ਼ਮ ’ਤੇ ਸਰਫ਼ਰਾਜ਼ ਖ਼ਿਲਾਫ਼ ਗੁੱਟ ਖੜ੍ਹਾ ਕਰਨ ਦਾ ਦੋਸ਼ ਲਾਇਆ। ਜਦੋਂ ਇਸ ਖ਼ਬਰ ਏਜੰਸੀ ਨੇ ਦੋ ਖ਼ਿਡਾਰੀਆਂ ਨਾਲ ਸੰਪਰਕ ਕੀਤਾ ਤਾਂ ਉਸ ਨੇ ਗੁੱਟਬਾਜ਼ੀ ਤੋਂ ਇਨਕਾਰ ਕੀਤਾ, ਪਰ ਕਿਹਾ ਕਿ ਸਰਫ਼ਰਾਜ਼ ਕਾਫ਼ੀ ਨਾਰਾਜ਼ ਹੋ ਕੇ ਡਰੈਸਿੰਗ ਰੂਮ ਵਿੱਚ ਆਇਆ ਸੀ ਅਤੇ ਆਪਣਾ ਗੁੱਸਾ ਕੁੱਝ ਖਿਡਾਰੀਆਂ ’ਤੇ ਕੱਢਿਆ।
ਮੈਚ ਤੋਂ ਪਹਿਲਾਂ ਸਾਰੇ ਖਿਡਾਰੀਆਂ ਨੇ ਸਮਾ ਸੀਮਾ ਦਾ ਪਾਲਣ ਕੀਤਾ: ਪੀਸੀਬੀ
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਕਿਹਾ ਕਿ ਆਈਸੀਸੀ ਵਿਸ਼ਵ ਕੱਪ ਵਿੱਚ ਭਾਰਤ ਖ਼ਿਲਾਫ਼ ਮੁਕਾਬਲੇ ਤੋਂ ਪਹਿਲਾਂ ਟੀਮ ਦੇ ਸਾਰੇ ਖਿਡਾਰੀ ਰਾਤ ਨੂੰ ਸਮਾਂ ਸੀਮਾ ਤੋਂ ਪਹਿਲਾਂ ਹੋਟਲ ਦੇ ਕਮਰੇ ਵਿੱਚ ਮੌਜੂਦ ਸਨ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਹਾਲਾਂਕਿ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਦੇ ਖਿਡਾਰੀ ਭਾਰਤ ਨਾਲ ਮੁਕਾਬਲੇ ਤੋਂ ਪਹਿਲਾਂ ਦੇਰ ਰਾਤ ਤੱਕ ਹੋਟਲ ਤੋਂ ਬਾਹਰ ਸਨ। ਮੈਨਚੈਸਟਰ ਵਿੱਚ ਐਤਵਾਰ ਨੂੰ ਭਾਰਤ ਤੋਂ ਮਿਲੀ 89 ਦੌੜਾਂ ਦੀ ਹਾਰ ਮਗਰੋਂ ਕੈਫੇ ਵਿੱਚ ਪਾਕਿਸਤਾਨੀ ਖਿਡਾਰੀਆਂ ਦਾ ਇਹ ਵੀਡੀਓ ਅਤੇ ਮੈਦਾਨ ’ਤੇ ਕਪਤਾਨ ਸਰਫ਼ਰਾਜ਼ ਅਹਿਮਦ ਦਾ ਉਬਾਸੀ ਲੈਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੀਸੀਬੀ ਦੇ ਬੁਲਾਰੇ ਨੇ ਹਾਲਾਂਕਿ ਸਾਫ਼ ਕੀਤਾ ਕਿ ਟੀਮ ਪ੍ਰਬੰਧਨ ਵੱਲੋਂ ਤੈਅ ਸਮੇਂ ਮਗਰੋਂ ਕੋਈ ਵੀ ਖਿਡਾਰੀ ਹੋਟਲ ਤੋਂ ਬਾਹਰ ਨਹੀਂ ਸੀ। ਉਸ ਨੇ ਕਿਹਾ, ‘‘ਜਿਸ ਵੀਡੀਓ ਦੀ ਚਰਚਾ ਹੋ ਰਹੀ ਉਹ ਦੋ ਦਿਨ ਪੁਰਾਣੀ ਹੈ। ਮੈਚ ਤੋਂ ਪਹਿਲਾਂ ਵਾਲੀ ਰਾਤ ਨੂੰ ਸਾਰੇ ਖਿਡਾਰੀ ਸਮਾਂ ਸੀਮਾ ਤੋਂ ਪਹਿਲਾਂ ਹੋਟਲ ਵਿੱਚ ਮੌਜੂਦ ਸਨ।’’

ਇਸ ਵੀਡੀਓ ਵਿੱਚ ਸ਼ੋਏਬ ਮਲਿਕ ਅਤੇ ਉਸ ਦੀ ਪਤਨੀ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੋਂ ਇਲਾਵਾ ਵਹਾਬ ਰਿਆਜ਼ ਅਤੇ ਇਮਾਮ ਉਲ ਹੱਕ ਨੂੰ ਵੇਖਿਆ ਜਾ ਸਕਦਾ ਹੈ। ਉਸ ਨੇ ਕਿਹਾ ਕਿ ਜੋ ਖਿਡਾਰੀ ਬਾਹਰ ਗਏ ਸਨ, ਉਨ੍ਹਾਂ ਨੇ ਟੀਮ ਮੈਨੇਜਰ ਤੋਂ ਇਜਾਜ਼ਤ ਲਈ ਸੀ। ਇਸ ਵਾਇਰਲ ਵੀਡਓ ’ਤੇ ਸਾਨੀਆ ਨੇ ਟਵੀਟ ਕੀਤਾ ਕਿ ਜਿਸ ਨੇ ਵੀ ਇਸ ਨੂੰ ਰਿਕਾਰਡ ਕੀਤਾ ਹੈ, ਉਸ ਨੇ ਸਹੀ ਨਹੀਂ ਕੀਤਾ। ਇਹ ਉਸ ਦੀ ਨਿੱਜਤਾ ’ਤੇ ਹਮਲਾ ਹੈ ਅਤੇ ਖਿਡਾਰੀਆਂ ਦਾ ਪਰਿਵਾਰ ਨਾਲ ਖਾਣਾ ਖਾਣਾ ਜੁਰਮ ਨਹੀਂ ਹੈ।

Previous articleਪਰਮਾਣੂ ਹਥਿਆਰਾਂ ਦੀ ਗਿਣਤੀ ਘਟੀ, ਤਕਨੀਕ ਵਧੀ
Next articleਭੁਵਨੇਸ਼ਵਰ ਦੋ ਮੈਚਾਂ ’ਚੋਂ ਬਾਹਰ