ਸ੍ਰੀਲੰਕਾ ਖ਼ਿਲਾਫ਼ ਸ਼ੁੱਕਰਵਾਰ ਨੂੰ ਹੋਣ ਵਾਲੇ ਤੀਜੇ ਤੇ ਆਖ਼ਰੀ ਟੀ-20 ਤੋਂ ਪਹਿਲਾਂ ਭਾਰਤੀ ਟੀਮ ਦੇ ਸਾਹਮਣੇ ਇਹ ਦੁਬਿਧਾ ਹੋਵੇਗੀ ਕਿ ਉਹ ਜਿੱਤ ਹਾਸਲ ਕਰਨ ਵਾਲੇ ਸੁਮੇਲ ਦੇ ਨਾਲ ਬਰਕਰਾਰ ਰਹੇ ਜਾਂ ਫਿਰ ਸੰਜੂ ਸੈਮਸਨ ਤੇ ਮਨੀਸ਼ ਪਾਂਡੇ ਨੂੰ ਕਰੀਜ਼ ’ਤੇ ਜ਼ਰੂਰੀ ਸਮਾਂ ਮੁਹੱਈਆ ਕਰਵਾਏ।
ਇੰਦੌਰ ’ਚ ਤਜ਼ਰਬਾਹੀਣ ਸ੍ਰੀਲੰਕਾਈ ਟੀਮ ਕਿਤੇ ਵੀ ਭਾਰਤ ਨੂੰ ਟੱਕਰ ਦਿੰਦੀ ਨਹੀਂ ਦਿਖੀ ਅਤੇ ਇਸ ਨੂੰ ਦੇਖਦੇ ਹੋਏ ਪਾਂਡੇ ਤੇ ਸੈਮਸਨ ਨੂੰ ਟੀਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਪਾਂਡੇ ਨੇ ਮੌਜੂਦਾ ਲੜੀ ਸਣੇ ਪਿਛਲੀਆਂ ਤਿੰਨ ਲੜੀਆਂ ’ਚ ਮਹਿਜ਼ ਇਕ ਮੈਚ ਖੇਡਿਆ ਹੈ। ਉੱਥੇ ਹੀ ਨਵੰਬਰ ਵਿਚ ਬੰਗਲਾਦੇਸ਼ ਲੜੀ ’ਚ ਵਾਪਸੀ ਕਰਨ ਵਾਲੇ ਸੈਮਸਨ ਨੂੰ ਹੁਣੇ ਤੱਕ ਇਕ ਵੀ ਮੈਚ ’ਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ।
ਅਕਤੂਬਰ-ਨਵੰਬਰ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਭਾਰਤ ਟੀਮ ਸੁਮੇਲ ’ਚ ਪ੍ਰਯੋਗ ਕਰਦਾ ਆ ਰਿਹਾ ਹੈ ਪਰ ਇਨ੍ਹਾਂ ਖਿਡਾਰੀਆਂ ਦੀ ਪ੍ਰੀਖਿਆ ਲੈਣੀ ਬਾਕੀ ਹੈ। ਉੱਥੇ ਹੀ ਦੂਜੇ ਪਾਸੇ ਸੀਨੀਅਰ ਖਿਡਾਰੀਆਂ ਦੀ ਗੈਰ-ਹਾਜ਼ਰੀ ਨਾਲ ਸ਼ਾਰਦੁਲ ਠਾਕੁਰ ਤੇ ਨਵਦੀਪ ਸੈਣੀ ਲਈ ਪ੍ਰਭਾਵ ਛੱਡਣ ਦਾ ਮੌਕਾ ਬਣਿਆ ਹੋਇਆ ਹੈ ਅਤੇ ਉਨ੍ਹਾਂ ਨੇ ਪਿਛਲੇ ਮੈਚ ’ਚ ਮਿਲ ਕੇ ਪੰਜ ਵਿਕਟਾਂ ਲੈ ਕੇ ਪ੍ਰਭਾਵਿਤ ਵੀ ਕੀਤਾ। ਵਾਸ਼ਿੰਗਟਨ ਸੁੰਦਰ ਤੇ ਜ਼ਖ਼ਮੀ ਹਾਰਦਿਕ ਪੰਡਿਆ ਦੀ ਜਗ੍ਹਾ ਉਤਾਰੇ ਗਏ ਸ਼ਿਵਮ ਦੂਬੇ ਨੂੰ ਆਪਣੀ ਕਾਬਲੀਅਤ ਦਿਖਾਉਣ ਦੇ ਕਾਫੀ ਮੌਕੇ ਮਿਲੇ। ਇੰਦੌਰ ’ਚ ਜਿੱਤ ਹਾਸਲ ਕਰਨ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਦੱਸਿਆ ਕਿ ਟੀਮ ਹਰ ਮੈਚ ਦੇ ਨਾਲ ਬਿਹਤਰ ਹੁੰਦੀ ਜਾ ਰਹੀ ਹੈ। ਉਸ ਨੇ ਅਜਿਹਾ ਸੰਕੇਤ ਵੀ ਦਿੱਤਾ ਕਿ ਪ੍ਰਸਿੱਧ ਕ੍ਰਿਸ਼ਨਾ ਆਸਟਰੇਲੀਆ ’ਚ ਹੋਣ ਵਾਲੇ ਵਿਸ਼ਵ ਕੱਪ ਲਈ ‘ਸਰਪ੍ਰਾਈਜ਼ ਪੈਕੇਜ’ ਹੋ ਸਕਦਾ ਹੈ।
ਸੈਮਸਨ ਤੇ ਪਾਂਡੇ ਬੈਂਚ ’ਤੇ ਰਹਿਣ ਨਾਲ ਥੋੜਾ ਨਿਰਾਸ਼ ਹੋਣਗੇ ਪਰ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਹਾਲਾਂਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਟੀਮ ਪ੍ਰਬੰਧਨ ਲੜੀ ਜਿੱਤਣ ਦੇ ਇਰਾਦੇ ਨਾਲ ਹੀ ਆਖ਼ਰੀ ਗਿਆਰਾਂ ਦਾ ਚੋਣ ਕਰੇਗਾ। ਧਿਆਨ ਸ਼ਿਖਰ ਧਵਨ ’ਤੇ ਵੀ ਲੱਗਿਆ ਹੋਵੇਗਾ ਜੋ ਲੋਕੇਸ਼ ਰਾਹੁਲ ਦੇ ਨਾਲ ਦੂਜੇ ਸਲਾਮੀ ਬੱਲੇਬਾਜ਼ੀ ਦੇ ਸਥਾਨ ਦੀ ਦੌੜ ’ਚ ਹੈ। ਹਾਲਾਂਕਿ ਇਸ ਸਮੇਂ ਰਾਹੁਲ ਆਸਟਰੇਲੀਆ ’ਚ ਰੋਹਿਤ ਸ਼ਰਮਾ ਦੇ ਜੋੜੀਦਾਰ ਦੀ ਦੌੜ ’ਚ ਉਸ ਤੋਂ ਅੱਗ ਦਿਖਦਾ ਹੈ।
ਜਸਪ੍ਰੀਤ ਬੁਮਰਾਹ ਹਾਲਾਂਕਿ ਮੰਗਲਵਾਰ ਨੂੰ ਵਾਪਸੀ ਮੈਚ ’ਚ ਚੰਗਾ ਨਹੀਂ ਕਰ ਸਕਿਆ ਪਰ ਉਹ ਆਖ਼ਰੀ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੇਗਾ। ਪੰਡਿਆ ਦੇ ਐਕਸ਼ਨ ’ਚ ਵਾਪਸੀ ਤੋਂ ਬਾਅਦ ਜੇਕਰ ਦੂਬੇ ਨੂੰ ਟੀਮ ’ਚ ਆਪਣਾ ਸਥਾਨ ਕਾਇਮ ਰੱਖਣਾ ਹੈ ਤਾਂ ਬੱਲੇਬਾਜ਼ੀ ਦਾ ਮੌਕਾ ਮਿਲਣ ’ਤੇ ਉਸ ਨੂੰ ਬਿਹਤਰੀਨ ਪ੍ਰਦਰਸ਼ਨ ਕਰਨਾ ਹੋਵੇਗਾ। ਇੰਦੌਰ ’ਚ ਠਾਕੁਰ ਤੇ ਸੈਣੀ ਨੇ ਪ੍ਰਭਾਵਿਤ ਕੀਤਾ। ਠਾਕੁਰ ਡੈੱਥ ਓਵਰਾਂ ’ਚ ਚੰਗਾ ਸੀ ਤਾਂ ਸੈਣੀ ਨੇ ਆਪਣੀ ਰਫ਼ਤਾਰ ਤੇ ਉਛਾਲ ਨਾਲ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ। ਸ੍ਰੀਲੰਕਾਈ ਟੀਮ ’ਚ ਕਾਫੀ ਖੱਬੇ ਹੱਥ ਦੇ ਬੱਲੇਬਾਜ਼ ਹਨ ਤਾਂ ਸਪਿੰਨਰ ਕੁਲਦੀਪ ਯਾਦਵ ਤੇ ਵਾਸ਼ਿੰਗਟਨ ਸੁੰਦਰ ਦੇ ਟੀਮ ’ਚ ਆਪਣਾ ਸਥਾਨ ਬਰਕਰਾਰ ਰੱਖਣ ਦੀ ਆਸ ਹੈ ਜਿਸ ਦਾ ਮਤਲਬ ਹੈ ਕਿ ਰਵਿੰਦਰ ਜਡੇਜਾ ਤੇ ਯੁਜ਼ਵੇਂਦਰ ਚਹਿਲ ਨੂੰ ਬਾਹਰ ਬੈਠਣਾ ਹੋਵੇਗਾ। ਉੱਥੇ ਹੀ ਸ੍ਰੀਲੰਕਾਈ ਟੀਮ ਨੂੰ ਜੇਕਰ ਘਰੇਲੂ ਟੀਮ ਨੂੰ ਪ੍ਰੇਸ਼ਾਨੀ ’ਚ ਪਾਉਣਾ ਹੈ ਤਾਂ ਉਸ ਨੂੰ ਕਾਫੀ ਕੰਮ ਕਰਨਾ ਹੋਵੇਗਾ। ਬੱਲੇਬਾਜ਼ਾਂ ਨੂੰ ਚੰਗੀ ਸ਼ੁਰੂਆਤ ਹਾਸਲ ਕਰਨ ਤੋਂ ਬਾਅਦ ਲੰਬੀ ਪਾਰੀ ਖੇਡਣੀ ਹੋਵੇਗੀ ਜੋ ਦੂਜੇ ਟੀ-20 ’ਚ ਅਜਿਹਾ ਨਹੀਂ ਕਰ ਸਕੇ।
ਆਲ ਰਾਊਂਡਰ ਇਸੁਰੂ ਉਡਾਨਾ ਦਾ ਜ਼ਖ਼ਮੀ ਹੋਣਾ ਵੀ ਟੀਮ ਲਈ ਕਰਾਰਾ ਝਟਕਾ ਹੈ ਜੋ ਇੰਦੌਰ ’ਚ ਅਭਿਆਸ ਦੌਰਾਨ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਉਨ੍ਹਾਂ ਦੇ ਮੁੱਖ ਗੇਂਦਬਾਜ਼ ਨੇ ਇੰਦੌਰ ’ਚ ਗੇਂਦਬਾਜ਼ੀ ਨਹੀਂ ਕੀਤੀ।
ਸ੍ਰੀਲੰਕਾਈ ਟੀਮ ਹਾਲਾਂਕਿ ਬੱਲੇਬਾਜ਼ੀ ਵਿਭਾਗ ’ਚ ਤਜ਼ਰਬੇ ਦਾ ਫਾਇਦਾ ਉਠਾ ਸਕਦੀ ਹੈ। 16 ਮਹੀਨਿਆਂ ਬਾਅਦ ਵੀ ਟੀ-20 ’ਚ ਵਾਪਸੀ ਕਰਨ ਵਾਲੇ ਐਂਜੇਲੋ ਮੈਥਿਊਜ਼ ਨੂੰ ਲਗਾਤਾਰ ਦੋ ਮੈਚਾਂ ’ਚ ਨਹੀਂ ਚੁਣਿਆ ਗਿਆ ਪਰ ਉਹ ਸ਼ੁੱਕਰਵਾਰ ਨੂੰ ਆਖ਼ਰੀ ਗਿਆਰਾਂ ’ਚ ਹੋ ਸਕਦਾ ਹੈ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ।
Sports ਭਾਰਤ ਤੇ ਸ੍ਰੀਲੰਕਾ ਵਿਚਾਲੇ ਤੀਜਾ ਟੀ-20 ਮੈਚ ਅੱਜ