ਭਾਰਤ ਤੇ ਚੀਨ ਦੇ ਲੋਕਾਂ ਦੀ ਸਲਾਮਤੀ ਲਈ ਟਰੰਪ ਹਰ ਸੰਭਵ ਕੰਮ ਕਰਨ ਲਈ ਤਿਆਰ

ਵਾਸ਼ਿੰਗਟਨ (ਸਮਾਜਵੀਕਲੀ) :  ਅਮਰੀਕਾ ਦੇ ਰਾਸ਼ਟਰਪਤੀ ਦੀ ਤਰਜਮਾਨ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਟਰੰਪ ਭਾਰਤ ਅਤੇ ਚੀਨ ਦੇ ਲੋਕਾਂ ਨੂੰ ਪਿਆਰ ਕਰਦੇ ਹਨ ਅਤੇ ਊਨ੍ਹਾਂ ਦੀ ਅਮਨ-ਸ਼ਾਂਤੀ ਲਈ ਊਹ ‘ਹਰ ਸੰਭਵ ਕੰਮ’ ਕਰਨਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਟਰੰਪ ਪ੍ਰਸ਼ਾਸਨ ਦੇ ਸੀਨੀਅਰ ਮੈਂਬਰਾਂ ਵਲੋਂ ਪੱਛਮੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਚੀਨ ਦੇ ਹਮਲੇ ਖ਼ਿਲਾਫ਼ ਭਾਰਤ ਦਾ ਡਟਵਾਂ ਸਮਰਥਨ ਕੀਤਾ ਜਾ ਰਿਹਾ ਹੈ।

ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਲੀ ਮੈਕਿਨੇਨੀ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਊਨ੍ਹਾਂ (ਟਰੰਪ) ਦਾ ਕਹਿਣਾ ਹੈ ਮੈਂ ਭਾਰਤ ਦੇ ਲੋਕਾਂ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਚੀਨ ਦੇ ਲੋਕਾਂ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਲੋਕਾਂ ਵਿੱਚ ਅਮਨ-ਸ਼ਾਂਤੀ ਯਕੀਨੀ ਬਣਾਊਣ ਲਈ ਹਰ ਸੰਭਵ ਕੰਮ ਕਰਨਾ ਚਾਹੁੰਦਾ ਹਾਂ।’’ ਊਸ ਵਲੋਂ ਟਰੰਪ ਦੇ ਭਾਰਤ ਲਈ ਸੁਨੇਹੇ ਬਾਰੇ ਸਵਾਲ ਦਾ ਜਵਾਬ ਦਿੱਤਾ ਜਾ ਰਿਹਾ ਸੀ।

ਵਾਈਟ ਹਾਊਸ ਦੇ ਬਿਆਨ ਦਾ ਸਵਾਗਤ ਕਰਦਿਆਂ ਟਰੰਪ ਦੀ ਭਾਰਤੀ ਅਮਰੀਕੀ ਵਿੱਤ ਕਮੇਟੀ ਦੇ ਕੋ-ਚੇਅਰਮੈਨ ਅਲ ਮੇਸਨ ਨੇ ਕਿਹਾ ਕਿ ਪਿਛਲੇ ਰਾਸ਼ਟਰਪਤੀ ਦੇ ਊਲਟ ਰਾਸ਼ਟਰਪਤੀ ਟਰੰਪ ਨੇ ਖੁੱਲ੍ਹੇਆਮ ਭਾਰਤ ਨੂੰ ਸਮਰਥਨ ਦਿੱਤਾ ਹੈ। ਪਹਿਲਾਂ ਵੀਰਵਾਰ ਨੂੰ ਵ੍ਹਾਈਟ ਹਾਊਸ ਦੀ ਵਿੱਤੀ ਸਲਾਹਕਾਰ ਲਾਰੀ ਕੁਡਲੋਅ ਨੇ ਭਾਰਤ ਨੂੰ ਚੰਗਾ ਸਾਥੀ ਦੱਸਦਿਆਂ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਧੀਆ ਮਿੱਤਰ ਹਨ।

ਇਸੇ ਦੌਰਾਨ ਯੂਰਪ ਦੌਰੇ ਦੌਰਾਨ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਰੌਬਰਟ ਓ’ਬਰਾਇਨ ਨੇ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਕਿਹਾ ਕਿ ਚੀਨ ਨੇ ਭਾਰਤ ਪ੍ਰਤੀ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਊਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਰਾਸ਼ਟਰਪਤੀ ਟਰੰਪ ਨਾਲ ਵਧੀਆ ਸਬੰਧ ਹਨ।

Previous articleNYC to enter reopening phase 4 on Monday
Next articleਉੜੀਸਾ: ਕੋਵਿਡ ਨਾਲ ਜਾਨ ਗੁਆਉਣ ਵਾਲੇ ਵਰਕਰਾਂ ਦੇ ਵਾਰਿਸਾਂ ਨੂੰ ਮਿਲੇਗੀ ਪੈਨਸ਼ਨ