ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਚੀਨ, ਭਾਰਤ ਤੇ ਰੂਸ ਜਿਹੇ ਮੁਲਕ ਆਪਣੀਆਂ ਸਨਅਤੀ ਯੂਨਿਟਾਂ, ਇਨ੍ਹਾਂ ਵਿਚੋਂ ਨਿਕਲਦੇ ਧੂੰਏਂ ਬਾਰੇ ‘ਕੁਝ ਵੀ ਨਹੀਂ ਕਰ ਰਹੇ। ਇਹ ਮੁਲਕ ਨਾ ਹੀ ਸਮੁੰਦਰ ਵਿਚ ਸੁੱਟੇ ਜਾ ਰਹੇ ਕੂੜੇ ਵੱਲ ਕੋਈ ਧਿਆਨ ਦੇ ਰਹੇ ਹਨ ਜੋ ਤਰ ਕੇ ਲਾਸ ਏਂਜਲਸ ਤੱਕ ਆ ਰਿਹਾ ਹੈ।’
ਜਲਵਾਧੂ ਬਦਲਾਅ ਨੂੰ ‘ਬਹੁਤ ਗੁੰਝਲਦਾਰ ਮੁੱਦਾ’ ਕਰਾਰ ਦਿੰਦਿਆਂ ਟਰੰਪ ਨੇ ਕਿਹਾ ਕਿ ਉਹ ਖ਼ੁਦ ਨੂੰ ‘ਕਈ ਪੱਖਾਂ ਤੋਂ ਵਾਤਾਵਰਨ ਪ੍ਰੇਮੀ ਮੰਨਦੇ ਹਨ, ਚਾਹੇ ਕੋਈ ਯਕੀਨ ਕਰੇ ਜਾਂ ਨਾ ਕਰੇ।’ ਇਸ ਲਈ ਉਨ੍ਹਾਂ ਦਾ ਇੱਧਰ ਪੂਰਾ ਧਿਆਨ ਹੈ ਤੇ ਉਹ ਧਰਤੀ ’ਤੇ ਸ਼ੁੱਧ ਹਵਾ-ਪਾਣੀ ਚਾਹੁੰਦੇ ਹਨ। ਉਹ ਇੱਥੇ ‘ਇਕਨਾਮਿਕ ਕਲੱਬ’ ਵਿਚ ਇਹ ਬਿਆਨ ਦੇ ਰਹੇ ਸਨ। ਟਰੰਪ ਨੇ ਪੈਰਿਸ ਜਲਵਾਧੂ ਸਮਝੌਤੇ ਨੂੰ ‘ਇਕਪਾਸੜ ਤੇ ਆਰਥਿਕ ਤੌਰ ’ਤੇ ਪੱਖਪਾਤੀ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਉਨ੍ਹਾਂ ਮੁਲਕਾਂ ਨੂੰ ਬਚਾਉਂਦਾ ਹੈ ਜੋ ਪ੍ਰਦੂਸ਼ਣ ਫੈਲਾਉਂਦੇ ਹਨ ਤੇ ਇਸ ਵਿਚ ਜੋ ਮੱਦਾਂ ਹਨ ਉਹ ਅਮਰੀਕੀ ਸਨਅਤਾਂ ਨੂੰ ਬੰਦ ਕਰਨ ਦੀ ਵਕਾਲਤ ਕਰਦੀਆਂ ਹਨ। ਇਸ ਨੇ ਅਮਰੀਕਾ ’ਚ ਨੌਕਰੀਆਂ ਖ਼ਤਰੇ ਵਿਚ ਪਾ ਦਿੱਤੀਆਂ ਤੇ ਖ਼ਤਮ ਕੀਤੀਆਂ।
ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਇਸ ਸਮਝੌਤੇ ਤਹਿਤ ਭਾਰਤ ਨੂੰ ਪੈਸੇ ਦੇਣੇ ਪੈਣੇ ਹਨ ਕਿਉਂਕਿ ਉਹ ਵਿਕਾਸਸ਼ੀਲ ਦੇਸ਼ ਹੈ, ਪਰ ਅਮਰੀਕਾ ਵੀ ‘ਵਿਕਾਸਸ਼ੀਲ ਹੀ ਹੈ।’ ਉਨ੍ਹਾਂ ਦੀ ਇਸ ਗੱਲ ’ਤੇ ਹਾਜ਼ਰ ਲੋਕ ਖ਼ੂਬ ਹੱਸੇ। ਰਾਸ਼ਟਰਪਤੀ ਟਰੰਪ ਨੇ ਇਕ ਵੱਖਰੇ ਭਾਸ਼ਨ ’ਚ ਕਿਹਾ ਕਿ ਬਗਦਾਦੀ ਦੀ ਮੌਤ ਤੋਂ ਬਾਅਦ ਹੁਣ ਉਨ੍ਹਾਂ ਦੀ ਨਜ਼ਰ ਇਸਲਾਮਿਕ ਸਟੇਟ ਦੇ ਨਵੇਂ ਆਗੂ ’ਤੇ ਹੈ। ਅਮਰੀਕਾ ਜਾਣਦਾ ਹੈ ਕਿ ਉਹ ਕਿੱਥੇ ਹੈ।
HOME ਭਾਰਤ ਤੇ ਚੀਨ ਦਾ ਕੂੜਾ ਸਮੁੰਦਰ ਰਾਹੀਂ ਪਹੁੰਚ ਰਿਹੈ ਅਮਰੀਕਾ: ਟਰੰਪ