ਪ੍ਰਧਾਨ ਮੰਤਰੀ ਮੋਦੀ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਬ੍ਰਾਜ਼ੀਲ ਪੁੱਜੇ

ਬ੍ਰਾਸੀਲੀਆ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਬ੍ਰਾਜ਼ੀਲ ਪੁੱਜ ਗਏ ਹਨ। ਸੰਮੇਲਨ ਦੌਰਾਨ ਦਹਿਸ਼ਤਗਰਦੀ ਦੇ ਖਾਤਮੇ ਲਈ ਢਾਂਚਾ ਉਸਾਰਨ ਦੇ ਨਾਲ ਨਾਲ ਮੈਂਬਰ ਮੁਲਕਾਂ ਵਿਚਾਲੇ ਆਰਥਿਕ ਤੇ ਸਭਿਆਚਾਰਕ ਸਬੰਧ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰ ਨਾਲ ਮੁਲਾਕਾਤ ਕੀਤੀ। ਇਨ੍ਹਾਂ ਆਗੂਆਂ ਨੇ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ’ਤੇ ਚਰਚਾ ਕੀਤੀ। ਸ੍ਰੀ ਮੋਦੀ 11ਵੇਂ ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਗਏ ਹਨ। ਪ੍ਰਧਾਨ ਮੰਤਰੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੱਖਰੇ ਤੌਰੇ ’ਤੇ ਮੁਲਾਕਾਤ ਕਰਨਗੇ। ਬ੍ਰਿਕਸ ਪੰਜ ਮੁੱਖ ਉੱਭਰ ਰਹੇ ਕੌਮੀ ਅਰਥਚਾਰਿਆਂ – ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਦੇ ਸੰਗਠਨ ਲਈ ਤਿਆਰ ਕੀਤਾ ਗਿਆ ਛੋਟਾ ਸ਼ਬਦ ਹੈ। ਸੰਮੇਲਨ ਦੌਰਾਨ ਵਿਸ਼ਵ ਦੇ ਪੰਜ ਵੱਡੇ ਅਰਥਚਾਰੇ, ਤਕਨਾਲੋਜੀ ਅਤੇ ਖੋਜ ਦੇ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕਰਨਗੇ। ਇਹ ਗੱਲ ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਰਵਾਨਾ ਹੋਣ ਦੌਰਾਨ ਕਹੀ ਸੀ। ਮੋਦੀ ਛੇਵੀਂ ਵਾਰ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਪਹਿਲੀਵਾਰ ਸਾਲ 2014 ਵਿੱਚ ਬ੍ਰਾਜ਼ੀਲ ਦੇ ਫੋਰਟਾਲੇਜ਼ਾ ਵਿੱਚ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲਿਆ ਸੀ। ਉਹ ਬ੍ਰਿਕਸ ਵਪਾਰ ਮੰਚ ਸਮਾਪਤੀ ਸਮਾਗਮ ਅਤੇ ‘ਕਲੋਜ਼ਡ’ ਤੇ ਸੰਮੇਲਨ ਦੇ ਪੂਰਨ ਸੈਸ਼ਨ ਵਿੱਚ ਵੀ ਸ਼ਿਰਕਤ ਕਰਨਗੇ। ਕਲੋਜ਼ਡ ਸੈਸ਼ਨ ਦੌਰਾਨ ਚਰਚਾ ਸਮਕਾਲੀ ਵਿਸ਼ਵ ਵਿੱਚ ਕੌਮੀ ਪ੍ਰਭੂਸੱਤਾ ਦੀ ਵਰਤੋਂ ਲਈ ਚੁਣੌਤੀਆਂ ਅਤੇ ਮੌਕਿਆਂ ’ਤੇ ਕੇਂਦਰਿਤ ਰਹਿਣ ਦੀ ਉਮੀਦ ਹੈ। ਇਸ ਤੋਂ ਬਾਅਦ ਬ੍ਰਿਕਸ ਦਾ ਪੂਰਾ ਸੈਸ਼ਨ ਹੋਵੇਗਾ, ਜਿਸ ਵਿੱਚ ਮੈਂਬਰ ਮੁਲਕਾਂ ਦੇ ਆਗੂ ਬ੍ਰਿਕਸ ਮੁਲਕਾਂ ਦੇ ਆਰਥਿਕ ਵਿਕਾਸ ਲਈ, ਬਿ੍ਕਸ ਸਹਿਯੋਗ ’ਤੇ ਚਰਚਾ ਕਰਨਗੇ। ਵਿਦੇਸ਼ ਮੰਤਰਾਲੇ ਅਨੁਸਾਰ ਸ਼ਿਖਰ ਸੰਮੇਲਨ ’ਚ ਵਪਾਰ ਅਤੇ ਨਿਵੇਸ਼ ਵਧਾਊ ਏਜੰਸੀਆਂ ਵਿਚਾਲੇ ਬ੍ਰਿਕਸ ਸਹਿਮਤੀ ਪੱਤਰ ’ਤੇ ਵੀ ਹਸਤਾਖ਼ਰ ਹੋਣ ਦੀ ਉਮੀਦ ਹੈ।

Previous articleਚੰਡੀਗਡ਼੍ਹ ਦੀ ਸਫ਼ਾਈ ਵਿਵਸਥਾ ਲੀਹੋਂ ਲੱਥੀ
Next articleਭਾਰਤ ਤੇ ਚੀਨ ਦਾ ਕੂੜਾ ਸਮੁੰਦਰ ਰਾਹੀਂ ਪਹੁੰਚ ਰਿਹੈ ਅਮਰੀਕਾ: ਟਰੰਪ