ਨਵੀਂ ਦਿੱਲੀ (ਸਮਾਜ ਵੀਕਲੀ) :ਪੂਰਬੀ ਲੱਦਾਖ ’ਚ ਪੈਂਗੌਂਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢਿਆਂ ਤੋਂ ਫ਼ੌਜ ਅਤੇ ਹਥਿਆਰਾਂ ਦੀ ਵਾਪਸੀ ਮੁਕੰਮਲ ਹੋਣ ਮਗਰੋਂ ਭਾਰਤ ਅਤੇ ਚੀਨ ਵਿਚਕਾਰ ਸ਼ਨਿਚਰਵਾਰ ਨੂੰ ਉੱਚ ਪੱਧਰੀ ਕਮਾਂਡਰ ਪੱਧਰੀ ਵਾਰਤਾ ਹੋਵੇਗੀ। ਸਰਕਾਰੀ ਸੂਤਰਾਂ ਨੇ ਕਿਹਾ ਕਿ ਵਾਰਤਾ ਦੌਰਾਨ ਹੌਟ ਸਪਰਿੰਗਜ਼, ਗੋਗਰਾ ਅਤੇ ਦੇਪਸਾਂਗ ਇਲਾਕਿਆਂ ’ਚੋਂ ਫ਼ੌਜਾਂ ਪਿੱਛੇ ਹਟਾਉਣ ਦੇ ਅਮਲ ਨੂੰ ਅੱਗੇ ਵਧਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
10ਵੇਂ ਗੇੜ ਦੀ ਕੋਰ ਕਮਾਂਡਰ ਪੱਧਰੀ ਗੱਲਬਾਤ ਭਲਕੇ ਸਵੇਰੇ 10 ਵਜੇ ਅਸਲ ਕੰਟਰੋਲ ਰੇਖਾ ’ਤੇ ਚੀਨੀ ਇਲਾਕੇ ’ਚ ਮੋਲਡੋ ਸਰਹੱਦੀ ਨਾਕੇ ’ਤੇ ਹੋਵੇਗੀ। ਸੂਤਰਾਂ ਨੇ ਕਿਹਾ ਕਿ ਪੈਂਗੌਂਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢਿਆਂ ’ਤੇ ਫ਼ੌਜ, ਹਥਿਆਰ ਅਤੇ ਹੋਰ ਫ਼ੌਜੀ ਸਾਜ਼ੋ-ਸਾਮਾਨ ਪਿੱਛੇ ਜਾਣ ਦੇ ਨਾਲ ਨਾਲ ਬੰਕਰ ਢਾਹੁਣ, ਟੈਂਟ ਤੇ ਹੋਰ ਆਰਜ਼ੀ ਢਾਂਚੇ ਡੇਗਣ ਦਾ ਕੰਮ ਵੀਰਵਾਰ ਨੂੰ ਮੁਕੰਮਲ ਹੋ ਗਿਆ ਸੀ। ਦੋਵੇਂ ਮੁਲਕਾਂ ਨੇ ਇਸ ਦੀ ਤਸਦੀਕ ਵੀ ਕਰ ਲਈ ਹੈ।
ਸੂਤਰਾਂ ਨੇ ਕਿਹਾ ਕਿ ਦੋਵੇਂ ਮੁਲਕ ਪੈਂਗੌਂਗ ਝੀਲ ’ਚ ਫ਼ੌਜ ਪਿੱਛੇ ਹਟਾਉਣ ਦੇ ਅਮਲ ਦੀ ਵਿਆਪਕ ਨਜ਼ਰਸਾਨੀ ਵੀ ਕਰਨਗੇ। ਸੂਤਰਾਂ ਨੇ ਸੰਕੇਤ ਦਿਤਾ ਕਿ ਭਲਕੇ ਦੀ ਵਾਰਤਾ ਦੌਰਾਨ ਖ਼ਿੱਤੇ ’ਚ ਤਣਾਅ ਘਟਾਉਣ ਦੇ ਇਰਾਦੇ ਨਾਲ ਭਾਰਤ ਬਾਕੀ ਰਹਿੰਦੇ ਇਲਾਕਿਆਂ ’ਚੋਂ ਵੀ ਫ਼ੌਜ ਤੇਜ਼ੀ ਨਾਲ ਪਿੱਛੇ ਹਟਾਉਣ ’ਤੇ ਜ਼ੋਰ ਪਾਏਗਾ। ਭਲਕੇ ਦੀ ਵਾਰਤਾ ਦੌਰਾਨ ਭਾਰਤੀ ਵਫ਼ਦ ਦੀ ਅਗਵਾਈ ਲੇਹ ਆਧਾਰਿਤ 14 ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਪੀ ਜੀ ਕੇ ਮੈਨਨ ਕਰਨਗੇ ਜਦਕਿ ਚੀਨ ਵੱਲੋਂ ਮੇਜਰ ਜਨਰਲ ਲਿਯੂ ਲਿਨ ਦੇ ਅਗਵਾਈ ਕਰਨ ਦੀ ਆਸ ਹੈ।