ਵਿਦਿਆਰਥੀ ਜੀਵਨ ਵਿੱਚ ਸਥਿਰਤਾ ਲਿਆਉਣ ਦੀ ਲੋੜ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਕਰੋਨਾ ਨੂੰ ਹੁਣ ਵਿਦਾ ਕਰੋ,ਇਸ ਨੇ ਆਪਣੀਆਂ ਮਨ ਆਈਆਂ ਬਹੁਤ ਕਰ ਲਈਆਂ ਹਨ। ਸਾਰੀ ਦੁਨੀਆਂ ਦੇ ਸਾਰੇ ਸਿਸਟਮ ਹਿਲਾ ਕੇ ਰੱਖ ਦਿੱਤੇ ਹਨ। ਆਮ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਤਾਂ ਪੂਰੀ ਤਰ੍ਹਾਂ ਬਦਲਾਅ ਆ ਗਿਆ ਹੈ।ਕਰੋਨਾ ਨੇ ਸਮਾਜਿਕ, ਆਰਥਿਕ ਅਤੇ ਮਾਨਸਿਕ ਤੌਰ ਤੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਪਹਿਲੀ ਲਹਿਰ ਵੇਲੇ ਜਿੰਨਾ ਡਰ ਅਤੇ ਭੈਅ ਦਾ ਮਾਹੌਲ ਉਤਪੰਨ ਹੋਇਆ ਸੀ,ਦੂਜੀ ਲਹਿਰ ਵੇਲੇ ਲੋਕਾਂ ਵਿੱਚ ਉਸ ਤੋਂ ਘੱਟ ਭੈਅ ਨਜ਼ਰ ਆਇਆ ਤੇ ਫੇਰ ਤੀਜੀ ਲਹਿਰ ਵੇਲੇ ਤਾਂ ਸ਼ਾਇਦ ਕਰੋਨਾ ਦੇ ਅੰਦਰ ਭੈਅ ਉਤਪੰਨ ਹੋ ਗਿਆ ਤੇ ਆਉਂਦਾ ਆਉਂਦਾ ਵਾਪਸ ਚਲਿਆ ਗਿਆ ਮਤਲਬ ਕਿ ਲੋਕ ਹੁਣ ਕਰੋਨਾ ਦੇ ਭੈਅ ਨੂੰ ਦਿਮਾਗ ਵਿੱਚੋਂ ਪੂਰੀ ਤਰ੍ਹਾਂ ਕੱਢ ਕੇ ਆਪਣੀ ਜੀਵਨ ਸ਼ੈਲੀ ਪਹਿਲਾਂ ਦੀ ਤਰ੍ਹਾਂ ਹੀ ਬਣਾਈ ਰੱਖਣਾ ਚਾਹੁੰਦੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੱਧਵਰਗੀ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰਨਾ ਪਿਆ ਹੈ।ਉਸ ਦਾ ਪ੍ਰਭਾਵ ਹਜੇ ਵੀ ਉਹਨਾਂ ਉੱਪਰ ਚੱਲ ਰਿਹਾ ਹੈ।ਕਰੋਨਾ ਦੇ ਭੈਅ ਨੂੰ ਮਨਾਂ ਵਿੱਚੋਂ ਕੱਢ ਕੇ ਲੋਕਾਂ ਦਾ ਸਮਾਜਿਕ ਜੀਵਨ ਪੂਰੀ ਤਰ੍ਹਾਂ ਸਥਾਈ ਤੌਰ ਤੇ ਚੱਲ ਪਿਆ ਹੈ। ਕਾਰੋਬਾਰਾਂ ਦੀ ਸਥਿਤੀ ਵਿੱਚ ਵੀ ਸੁਧਾਰ ਆਉਣ ਲੱਗ ਪਿਆ ਹੈ ਕਿਉਂ ਕਿ ਹੁਣ ਲੋਕ ਲਗਾਤਾਰ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਕੰਮ ਧੰਦਿਆਂ ਵਿੱਚ ਜੁਟ ਗਏ ਹਨ। ਮਾਨਸਿਕ ਤੌਰ ਤੇ ਵੀ ਲੋਕ ਕਰੋਨਾ ਦੇ ਡਰ ਤੋਂ ਬਾਹਰ ਆ ਚੁੱਕੇ ਹਨ ਅਤੇ ਆਪਣੇ ਆਪ ਨੂੰ ਇਸ ਨਾਲ ਇੱਕ ਬਿਮਾਰੀ ਦੀ ਤਰ੍ਹਾਂ ਲੜਨ ਲਈ ਤਿਆਰ ਕਰ ਚੁੱਕੇ ਹਨ।

ਹੁਣ ਜੇ ਇਸ ਦਾ ਅਸਰ ਹੈ ਤਾਂ ਸਭ ਤੋਂ ਵੱਧ ਸਾਡੀ ਵਿੱਦਿਅਕ ਪ੍ਰਣਾਲੀ ਉੱਪਰ ਪੈ ਰਿਹਾ ਹੈ।ਸਭ ਤੋਂ ਵੱਧ ਬੁਰੇ ਤਰੀਕੇ ਨਾਲ ਸਾਡਾ ਵਿਦਿਆਰਥੀ ਵਰਗ ਪ੍ਰਭਾਵਿਤ ਹੋ ਰਿਹਾ ਹੈ।ਇਸ ਦੇ ਕਈ ਕਾਰਨ ਹਨ। ਆਨਲਾਈਨ ਸਿੱਖਿਆ ਉਸ ਮੌਕੇ ਤਾਂ ਵਰਦਾਨ ਸਾਬਿਤ ਹੋ ਗਈ ਹੋਵੇਗੀ ਜਦੋਂ ਸਾਰੀ ਦੁਨੀਆਂ ਵਿੱਚ ਕਰੋਨਾ ਕਾਰਨ ਖੜੋਤ ਆ ਗਈ ਸੀ।ਉਸ ਸਮੇਂ ਬੱਚੇ, ਅਧਿਆਪਕ ਅਤੇ ਮਾਪਿਆਂ ਵਿੱਚ ਤਾਲਮੇਲ ਬਣਾਉਣ ਲਈ ਅਤੇ ਬਿਨਾਂ ਰੁਕਾਵਟ ਪੜ੍ਹਾਈ ਜਾਰੀ ਰੱਖਣ ਵਿੱਚ ਇਹ ਵਰਦਾਨ ਸਾਬਤ ਹੋਈ ਸੀ। ਪਰ ਹੁਣ ਦੋ ਸਾਲ ਲਗਾਤਾਰ ਆਨਲਾਈਨ ਸਿੱਖਿਆ ਕਰਵਾਉਣਾ ਇੱਕ ਮਜ਼ਬੂਰੀ ਨਾਲੋਂ ਵੱਧ ਸਕੂਲਾਂ ਅਤੇ ਮਾਪਿਆਂ ਵੱਲੋਂ ਆਪਣੇ ਆਪਣੇ ਪੱਖ ਤੋਂ ਇੱਕ ਫਾਇਦਾ ਉਠਾਉਣ ਵਾਲਾ ਮਸਲਾ ਵੱਧ ਬਣ ਗਿਆ ਹੈ। ਜਿਸ ਦਾ ਨਤੀਜਾ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ। ਬੱਚਿਆਂ ਦੀਆਂ ਕਈ ਕਈ ਮਹੀਨਿਆਂ ਦੀਆਂ ਫੀਸਾਂ ਸਕੂਲਾਂ ਨੂੰ ਨਾ ਦੇਣ ਕਰਕੇ ਬਹੁਤੇ ਮਾਪੇ ਆਨਲਾਈਨ ਸਿੱਖਿਆ ਨੂੰ ਅਹਿਮੀਅਤ ਦੇ ਦਿੰਦੇ ਹਨ।

ਆਨਲਾਈਨ ਇਮਤਿਹਾਨਾਂ ਵਿੱਚ ਬੱਚੇ ਜ਼ਿਆਦਾ ਨੰਬਰ ਲੈ ਕੇ ਅਰਾਮ ਨਾਲ ਪਾਸ ਹੋ ਰਹੇ ਹਨ। ਬੱਚਿਆਂ ਵਿੱਚ ਨਕਲ ਮਾਰਨ ਦੀ ਪ੍ਰਵਿਰਤੀ ਪੈਦਾ ਹੋ ਗਈ ਹੈ। ਸਕੂਲਾਂ ਕੋਲ਼ ਪੂਰੀਆਂ ਫੀਸਾਂ ਨਾ ਆਉਣ ਕਰਕੇ ਉਹ ਅਧਿਆਪਕਾਂ ਨੂੰ ਪੂਰੀ ਤਨਖਾਹ ਨਾ ਦੇਣ ਕਰਕੇ ਪੂਰਾ ਸਮਾਂ ਸਕੂਲਾਂ ਵਿੱਚ ਕੰਮ ਨਹੀਂ ਕਰਵਾਉਂਦੇ। ਅਤੇ ਅਧਿਆਪਕ ਆਨਲਾਈਨ ਇਮਤਿਹਾਨਾਂ ਰਾਹੀਂ ਆਪਣੇ ਵਧੀਆ ਨਤੀਜੇ ਸਾਹਮਣੇ ਲਿਆ ਕੇ ਦਿਖਾ ਰਹੇ ਹਨ।ਇਹਨਾਂ ਸਭ ਦੀ ਅਨਿਸ਼ਚਿਤਤਾ ਦਾ ਖਾਮਿਆਜ਼ਾ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ। ਬੱਚੇ ਤਾਂ ਕੋਮਲ ਮਨ ਦੇ ਹੁੰਦੇ ਹਨ ,ਉਹ ਤਾਂ ਸਦਾ ਹੀ ਛੁੱਟੀਆਂ ਮਨਾਉਣ ਦੇ ਪੱਖ ਵਿੱਚ ਹੁੰਦੇ ਹਨ। ਮਾਪੇ ਕਦ ਤੱਕ ਫ਼ੀਸਾਂ ਭਰਨ ਦੇ ਡਰ ਤੋਂ ਆਨਲਾਈਨ ਸਿੱਖਿਆ ਤੇ ਜ਼ੋਰ ਦੇਣਗੇ? ਸਕੂਲ ਜਾ ਕੇ ਬੱਚੇ ਦਾ ਪੜ੍ਹਾਈ  ਦੇ ਨਾਲ ਨਾਲ ਉਸ ਦੀ ਸ਼ਖ਼ਸੀਅਤ ਦਾ ਵੀ ਸਰਵਪੱਖੀ ਵਿਕਾਸ ਹੁੰਦਾ ਹੈ।ਬੱਚਾ ਸਰੀਰਕ ਅਤੇ ਮਾਨਸਿਕ ਪੱਖੋਂ ਵੀ ਤੰਦਰੁਸਤ ਬਣਦਾ ਹੈ । ਘਰਾਂ ਵਿੱਚ ਰਹਿ ਕੇ ਬੱਚੇ ਉਹ ਅਨੁਸ਼ਾਸਨ ਨਹੀਂ ਸਿੱਖ ਸਕਦੇ ਜੋ ਉਹ ਸਕੂਲ ਜਾ ਕੇ ਸਿੱਖਦੇ ਹਨ।
ਕਿਸੇ ਵੀ ਦੇਸ਼ ਦਾ ਸਭ ਤੋਂ ਕੀਮਤੀ ਸਰਮਾਇਆ ਬੱਚੇ ਹੁੰਦੇ ਹਨ। ਦੇਸ਼ ਦੇ ਭਵਿੱਖ ਨੂੰ ਉਸਾਰਨ ਲਈ ਇਹਨਾਂ ਦਾ ਭਵਿੱਖ ਸੁਰੱਖਿਅਤ ਹੋਣਾ ਜ਼ਰੂਰੀ ਹੁੰਦਾ ਹੈ। ਆਨਲਾਈਨ ਸਿੱਖਿਆ ਜਾਂ ਇਮਤਿਹਾਨ ਕਿਸੇ ਮਜ਼ਬੂਰੀ ਦਾ ਹੱਲ ਤਾਂ ਹੋ ਸਕਦਾ ਹੈ ਪਰ ਇਹ ਲਗਾਤਾਰ ਵਿੱਦਿਆ ਦਾ ਸਾਧਨ ਹਰਗਿਜ਼ ਨਹੀਂ ਹੋਣਾ ਚਾਹੀਦਾ। ਜੇ ਦੁਨੀਆ ਦੇ ਸਾਰੇ ਖੇਤਰਾਂ ਦੇ ਕੰਮ ਕਾਜਾਂ ਵਿੱਚ ਸਥਿਰਤਾ ਆ ਗਈ ਹੈ ਤਾਂ ਪੜ੍ਹਾਈ ਦੇ ਖੇਤਰ ਵਿੱਚ ਵੀ ਆਨਲਾਈਨ ਸਿੱਖਿਆ ਵਿਕਲਪ ਹਟਾ ਕੇ ਵਿਦਿਆਰਥੀ ਜੀਵਨ ਵਿੱਚ ਸਥਿਰਤਾ ਲਿਆਉਣੀ ਜ਼ਰੂਰੀ ਹੈ। ਸਕੂਲਾਂ ਅਤੇ ਮਾਪਿਆਂ ਵੱਲੋਂ ਇਸ ਸਬੰਧੀ ਆਪਸ ਵਿੱਚ ਤਾਲਮੇਲ ਬਣਾ ਕੇ ਬੱਚਿਆਂ ਦਾ ਵਿਦਿਆਰਥੀ ਜੀਵਨ ਉਹਨਾਂ ਨੂੰ ਵਾਪਸ ਕੀਤਾ ਜਾਵੇ ਅਤੇ ਕਰੋਨਾ ਨੂੰ ਸਦਾ ਲਈ ਵਿਦਾਈ ਦੇ ਦਿੱਤੀ ਜਾਵੇ। ਸਿੱਖਿਅਕ ਖੇਤਰ ਵਿੱਚ ਪੈਦਾ ਹੋਈ ਅਨਿਸ਼ਚਿਤਤਾ ਨੂੰ ਦੂਰ ਕਰਕੇ ਪਹਿਲਾਂ ਵਾਂਗ ਸਥਿਰਤਾ ਲਿਆਂਦੀ ਜਾਵੇ ਤਾਂ ਜੋ ਵਿਦਿਆਰਥੀ ਜੀਵਨ ਫ਼ਿਰ ਤੋਂ ਅਨੁਸ਼ਾਸਨ ਅਤੇ ਸ਼ਿਸ਼ਟਾਚਾਰ ਭਰਪੂਰ ਹੋ ਸਕੇ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਕਸ ਵੱਲੋਂ ਸ. ਅਮਰਜੀਤ ਸਿੰਘ ਗੁਰਦਾਸਪੁਰੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Next article2 terrorists, civilian killed in J&K encounter